nabaz-e-punjab.com

ਈਡੀ ਕੇਸ: ‘ਆਪ’ ਵਿਧਾਇਕ ਗੱਜਣ ਮਾਜਰਾ ਦਾ 30 ਨਵੰਬਰ ਤੱਕ ਪੁਲੀਸ ਰਿਮਾਂਡ

ਪੁਲੀਸ ਵੱਲੋਂ ਮੀਡੀਆ ਨੂੰ ਕਵਰੇਜ ਤੋਂ ਰੋਕਣ ਦਾ ਯਤਨ, ਅਦਾਲਤ ਕੰਪਲੈਕਸ ਅੰਦਰ ਜਾਣ ਤੋਂ ਰੋਕਿਆ

ਨਬਜ਼-ਏ-ਪੰਜਾਬ, ਮੁਹਾਲੀ, 27 ਨਵੰਬਰ:
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਦੇ ਅਮਰਗੜ੍ਹ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਖ਼ਿਲਾਫ਼ ਦਰਜ ਮਾਮਲੇ ਵਿੱਚ ਆਪ ਆਗੂ ਨੂੰ ਅੱਜ ਚਾਰ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਦੁਬਾਰਾ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਦੇ ਵਕੀਲਾਂ ਨੇ ਕੇਸ ਦੀ ਸੁਣਵਾਈ ਦੌਰਾਨ ਜਿਰ੍ਹਾ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਆਪ ਵਿਧਾਇਕ ਗੱਜਣ ਮਾਜਰਾ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਹੈ। ਲਿਹਾਜ਼ਾ ਉਸ ਦਾ ਪੁਲੀਸ ਰਿਮਾਂਡ ਵਧਾਇਆ ਜਾਵੇ। ਅਦਾਲਤ ਨੇ ਈਡੀ ਦੀਆਂ ਦਲੀਲਾਂ ’ਤੇ ਆਪ ਆਗੂ ਨੂੰ ਮੁੜ 30 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਦੀ ਟੀਮ ਨੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਬੀਤੀ 6 ਨਵੰਬਰ ਨੂੰ ਮਲੇਰਕੋਟਲਾ ਵਿੱਚ ਇਕ ਜਨਤਕ ਮੀਟਿੰਗ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਪਿਛਲੇ ਸਾਲ ਮਈ ਵਿੱਚ ਸੀਬੀਆਈ ਵੱਲੋਂ 40 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਸਿਲਸਿਲੇ ਵਿੱਚ ਛਾਪੇਮਾਰੀ ਕੀਤੀ ਗਈ ਸੀ। ਸਤੰਬਰ 2022 ਵਿੱਚ ਈਡੀ ਨੇ ਬੈਂਕ ਲੋਨ ਨਾਲ ਸਬੰਧਤ ਧੋਖਾਧੜੀ ਨਾਲ ਜੁੜੀ ਮਨੀ ਲਾਂਡਰਿੰਗ ਕੇਸ ਦੀ ਮੁੱਢਲੀ ਜਾਂਚ ਵਜੋਂ ਵਿਧਾਇਕ ਗੱਜਣ ਮਾਜਰਾ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਉਦੋਂ ਈਡੀ ਦੀ ਟੀਮ ਨੇ ਛਾਪੇਮਾਰੀ ਤੋਂ ਬਾਅਦ 32 ਲੱਖ ਰੁਪਏ ਨਗਦੀ, ਕੁਝ ਮੋਬਾਈਲ ਫੋਨ ਅਤੇ ਹਾਰਡ ਡਰਾਈਵ ਵੀ ਜ਼ਬਤ ਕੀਤੀ ਗਈ ਸੀ।
ਉਧਰ, ਮੁਹਾਲੀ ਪੁਲੀਸ ਦੀ ਚਾਪਲੂਸੀ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ। ਸੱਤਾਧਾਰੀ ਧਿਰ ‘ਆਪ’ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਜਦੋਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਪੁਲੀਸ ਨੇ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਣ ਦਾ ਯਤਨ ਕਰਦਿਆਂ ਕਿਸੇ ਮੀਡੀਆ ਕਰਮੀ ਨੂੰ ਅਦਾਲਤ ਕੰਪਲੈਕਸ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜਿਸ ਦਾ ਪੱਤਰਕਾਰ ਭਾਈਚਾਰ ਨੇ ਕਾਫ਼ੀ ਬੁਰਾ ਮਨਾਇਆ। ਇਸ ਤੋਂ ਪਹਿਲਾਂ ਵੀ ਰਾਜਨੀਤਿਕ ਆਗੂਆਂ ਦੀ ਪੇਸ਼ੀ ਦੌਰਾਨ ਮੀਡੀਆ ਨੂੰ ਪੁਲੀਸ ਦੀਆਂ ਕਥਿਤ ਵਧੀਕੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…