ਈਡੀ ਮਾਈਨਿੰਗ ਵੱਲੋਂ ਗੈਰ-ਕਾਨੂੰਨੀ ਰੇਤ ਮਾਫ਼ੀਆ ਖਿਲਾਫ਼ ਵੱਡੀ ਕਾਰਵਾਈ

ਇਕ ਵਿਅਕਤੀ ਨਾਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਖੰਨਾ, 9 ਅਪ੍ਰੈਲ:
ਗੈਰਕਾਨੂੰਨੀ ਖਣਨ ਗਤੀਵਿਧੀਆ ਨਾਲ ਵਾਤਾਵਰਣ ਅਤੇ ਸੂਬੇ ਦੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਰੇਤ ਮਾਫ਼ੀਆ ਨੂੰ ਨੱਥ ਪਾਉਣ ਦੇ ਮੱਦੇਨਜ਼ਰ ਇਨਫੋਰਸਮੈਂਟ ਡਾਇਰੈਕਟਰ (ਮਾਈਨਿੰਗ) ਆਰ.ਐਨ. ਢੋਕੇ ਦੇ ਦਿਸ਼ਾ ਨਿਰਦੇਸ਼ਾਂ ‘ਤੇ ਖੰਨਾ ਪੁਲਿਸ ਨੇ ਸਤਲੁਜ ਦਰਿਆ ਦੇ ਆਸ-ਪਾਸ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਸਮਰਾਲਾ ਨਿਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਗਿੰਦਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭੌਰਲਾ ਤਹਿਸੀਲ਼ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਅਤੇ ਪੁਲਿਸ ਨੇ ਉਸ ਪਾਸੋਂ 4 ਗੈਰਕਾਨੂੰਨੀ ਦੇਸੀ ਹਥਿਆਰਾਂ ਅਤੇ ਸਵਿਫਟ ਡਿਜ਼ਾਇਰ ਕਾਰ (ਡੀ.ਐੱਲ-1-ਜੈੱਡ.ਏ-0673) ਬਰਾਮਦ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਨਫੋਰਸਮੈਂਟ ਡਾਇਰੈਕਟਰ (ਮਾਈਨਿੰਗ) ਆਰ. ਐਨ. ਢੋਕੇ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਰਾਹੋਂ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿੱਚ ਕੁਝ ਗਲ਼ਤ ਅਨਸਰਾਂ ਦੇ ਸ਼ਾਮਲ ਹੋਣ ਬਾਰੇ ਸੂਹ ਮਿਲੀ ਜਿਸ ਤੋਂ ਬਾਅਦ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਨ ਹਿੱਤ ਇਹ ਜਾਣਕਾਰੀ ਐਸਐਸਪੀ ਖੰਨਾ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਨਾਲ ਸਾਂਝੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਿਲੀ ਸੂਹ ‘ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਐਸਐਸਪੀ ਨੇ ਇੰਸਪੈਕਟਰ ਰਾਜੇਸ਼ ਠਾਕੁਰ ਐਸਐਚਓ, ਮਾਛੀਵਾੜਾ ਸਾਹਿਬ ਦੀ ਅਗਵਾਈ ਵਿਚ ਇਕ ਟੀਮ ਬਣਾਈ ਜਿਸ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਰਾਹੋਂ ਨਦੀ ਪੁਲ, ਮਾਛੀਵਾੜਾ ਸਾਹਿਬ ਨੇੜੇ ਪੁਲਿਸ ਚੈਕਿੰਗ ਸ਼ੁਰੂ ਕੀਤੀ ਅਤੇ ਗੁਰਿੰਦਰ ਸਿੰਘ ਨੂੰ ਨਾਜਾਇਜ਼ ਹਥਿਆਰਾਂ ਅਤੇ ਕਾਰ ਸਮੇਤ ਕਾਬੂ ਕਰ ਲਿਆ। ਉਹਨਾਂ ਅੱਗੇ ਦੱਸਿਆ ਕਿ ਉਸ ਕੋਲੋਂ 02 ਪਿਸਤੌਲ .32 ਬੋਰ, 02 ਮੈਗਜ਼ੀਨ, 10 ਜ਼ਿੰਦਾ ਕਾਰਤੂਸ ਅਤੇ 02 ਪਿਸਤੌਲ .315 ਬੋਰ, 02 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਉਹਨਾਂ ਅੱਗੇ ਦੱਸਿਆ ਕਿ ਗੁਰਿੰਦਰ ਆਪਣੇ ਸਾਥੀਆਂ ਸਮੇਤ ਰਾਹੋਂ ਖੇਤਰ ਵਿੱਚ ਚੱਲ ਰਹੇ ਗਿਰੋਹ ਦਾ ਮੁੱਖ ਧੁਰਾ ਹੈ। ਗੁਰਿੰਦਰ ਸਿੰਘ ਇੱਕ ਨਾਮਵਰ ਅਤੇ ਪੇਸ਼ੇਵਰ ਅਪਰਾਧੀ ਹੈ ਅਤੇ ਪੰਜਾਬ ਅਤੇ ਗੁਜਰਾਤ ਵਿੱਚ ਕਤਲ ਅਤੇ ਲੁੱਟਾਂ ਖੋਹਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਉਹਨਾਂ ਅੱਗੇ ਕਿਹਾ ਕਿ ਗੁਰਿੰਦਰ ਖ਼ਿਲਾਫ਼ ਮਾਛੀਵਾੜਾ ਸਾਹਿਬ ਥਾਣੇ ਵਿੱਚ ਆਈਪੀਸੀ ਦੀ ਧਾਰਾ 379 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਸ੍ਰੀ ਢੋਕੇ ਨੇ ਦੱਸਿਆ ਕਿ ਪੁੱਛਗਿੱਛ ਉਪਰੰਤ ਗੁਰਿੰਦਰ ਨੇ ਖੁਲਾਸਾ ਕੀਤਾ ਕਿ ਉਹ ਰਾਜੂ ਗੁੱਜਰ ਵਾਸੀ ਰਤਨਾਣਾ, ਥਾਣਾ ਰਾਹੋਂ, ਐਸਬੀਐਸ ਨਗਰ ਅਤੇ ਕਰਨਵੀਰ ਸਿੰਘ ਉਰਫ਼ ਕਵੀ ਵਾਸੀ ਬਾਲਿਓਂ ਥਾਣਾ ਸਮਰਾਲਾ ਅਤੇ ਹੋਰ ਵਿਅਕਤੀਆ ਨਾਲ ਰਲ੍ਹਕੇ ਸਤਲੁਜ ਦਰਿਆ ਦੇ ਕਿਨਾਰੇ ਰਾਹੋਂ ਦੇ ਏਰੀਆ ਵਿੱਚ ਨਾਜਾਇਜ ਮਾਈਨਿੰਗ ਦਾ ਧੰਦਾ ਕਰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਗੁਰਿੰਦਰ ਗੁਜਰਾਤ ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਲੋੜੀਂਦਾ ਹੈ। ਇਸ ਮਾਮਲੇ ਵਿੱਚ ਉਸਨੇ ਦੋ ਹੋਰਨਾਂ ਨਾਲ ਮਿਲ ਕੇ ਅਸ਼ੀਸ਼ ਮਹਾਰਾਜ ਦਾ ਕਤਲ ਕੀਤਾ ਸੀ ਜਿਸ ਨਾਲ ਸਥਾਨਕ ਢਾਬਾ ਮਾਲਕਾਂ ਦਾ ਜਾਇਦਾਦ ਸਬੰਧੀ ਵਿਵਾਦ ਸੀ।

ਇਸ ਸਬੰਧੀ ਉਨ੍ਹਾਂ ਦੇ ਖਿਲਾਫ ਗੁਜਰਾਤ ਦੇ ਜ਼ਿਲ੍ਹਾ ਕੱਛ, ਥਾਣਾ ਮੰਡਵੀ ਵਿਖੇ ਅਪਰਾਧਿਕ ਕੇਸ ਦਰਜ ਹੈ। ਗਿੰਦਾ ਵੀ ਇਸ ਕਤਲ ਕੇਸ ਵਿਚ ਭਗੌੜਾ ਹੈ ਅਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਛੁਪ ਕੇ ਗ੍ਰਿਫਤਾਰੀ ਤੋਂ ਬਚਦਾ ਰਿਹਾ ਸੀ। ਗੁਰਿੰਦਰ ਨੇ ਲਾਡੋਵਾਲ ਟੌਲ ਪਲਾਜ਼ਾ, ਲੁਧਿਆਣਾ ਨੇੜੇਓਂ ਬੰਦੂਕ ਦੀ ਨੋਕ ‘ਤੇ ਇਕ ਅਰਟੀਗਾ ਕਾਰ ਖੋਹੀ ਸੀ। ਉਸਨੇ ਆਪਣੇ ਸਾਥੀ ਗੈਂਗਸਟਰ ਗੁਰਜਿੰਦਰ ਸਿੰਘ ਸੋਨੂੰ ਸਮੇਤ ਗੜ੍ਹਸ਼ੰਕਰ ਨੇੜੇ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਗੋਲੀਆਂ ਵੀ ਚਲਾਈਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਉਸਨੇ ਨਕਦੀ ਲਈ ਊਨਾ ਦੇ ਇੱਕ ਐਨਆਰਆਈ ਪਰਿਵਾਰ ਨੂੰ ਬੰਦੂਕ ਦੀ ਨੋਕ ‘ਤੇ ਲੁੱਟਣ ਦੀ ਯੋਜਨਾ ਬਣਾਈ ਸੀ। ਗੁਰਿੰਦਰ ਗਿੰਦਾ ਕੋਲੋਂ ਇਲਾਕੇ ਦੇ ਹੋਰਨਾਂ ਅਪਰਾਧੀਆਂ ਅਤੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਨਾਜਾਇਜ਼ ਹਥਿਆਰਾਂ ਦੇ ਸਪਲਾਇਰਾਂ ਨਾਲ ਉਸ ਦੇ ਸਬੰਧਾਂ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…