ਈਡੀ ਵੱਲੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਦਫ਼ਤਰਾਂ ’ਤੇ ਛਾਪੇਮਾਰੀ

ਵਿਧਾਇਕ ਦੇ ਸਮਰਥਕਾਂ ਤੇ ਆਪ ਵਲੰਟੀਅਰਾਂ ਨੇ ਈਡੀ ਦੀ ਕਾਰਵਾਈ ਦੀ ਨਿਖੇਧੀ, ਨਾਰਾਜ਼ਗੀ ਜਤਾਈ

ਨਬਜ਼-ਏ-ਪੰਜਾਬ, ਮੁਹਾਲੀ, 31 ਅਕਤੂਬਰ:
ਈਡੀ ਵੱਲੋਂ ਅੱਜ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਰੀਅਲ ਅਸਟੇਟ ਦੇ ਕਾਰੋਬਾਰੀ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ। ਵੱਖ-ਵੱਖ ਟੀਮਾਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਕਿਸੇ ਨੂੰ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ। ਜਾਂਚ ਦੌਰਾਨ ਵਿਧਾਇਕ ਦੇ ਘਰ ਦੇ ਬਾਹਰ ਹਥਿਆਰਬੰਦ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ। ਜਾਣਕਾਰੀ ਅਨੁਸਾਰ ਈਡੀ ਦੀਆਂ ਟੀਮਾਂ ਵੱਲੋਂ ਕੁਲਵੰਤ ਸਿੰਘ ਦੀ ਸੈਕਟਰ-71 ਸਥਿਤ ਰਿਹਾਇਸ਼ ਸਮੇਤ ਸੈਕਟਰ-82 ਅਤੇ ਸੈਕਟਰ-66 ਵਿਚਲੇ ਦਫ਼ਤਰਾਂ ਦੀ ਜਾਂਚ ਕੀਤੀ। ਇਸ ਦੌਰਾਨ ਸੋਹਾਣਾ ਵਿੱਚ ਪ੍ਰਾਪਰਟੀ ਡੀਲਰ ਦੇ ਦਫ਼ਤਰ ਅਤੇ ਇੱਕ ਸੀਏ ਦੀ ਵੀ ਜਾਂਚ ਕੀਤੀ ਗਈ।
ਉਧਰ, ਈਡੀ ਦੀ ਕਾਰਵਾਈ ਦੀ ਸੂਚਨਾ ਮਿਲਦੇ ਹੀ ਵਿਧਾਇਕ ਦੇ ਸਮਰਥਕ ਅਤੇ ਆਪ ਵਲੰਟੀਅਰ ਉਨ੍ਹਾਂ (ਕੁਲਵੰਤ ਸਿੰਘ) ਦੇ ਘਰ ਨੇੜਲੇ ਪਾਰਕ ਅਤੇ ਦਫ਼ਤਰ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਆਪ ਆਗੂ ਅਵਤਾਰ ਸਿੰਘ ਮੌਲੀ ਬੈਦਵਾਨ, ਬਲਾਕ ਪ੍ਰਧਾਨ ਹਰਪਾਲ ਸਿੰਘ ਚੰਨਾ, ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ ਫੂਲਰਾਜ ਸਿੰਘ, ਆਰਪੀ ਸ਼ਰਮਾ ਅਤੇ ਤਰਲੋਚਨ ਸਿੰਘ ਮਟੌਰ, ਹਰਬਿੰਦਰ ਸਿੰਘ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਅਕਬਿੰਦਰ ਸਿੰਘ ਗੋਸਲ ਨੇ ਈਡੀ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਲਕੇ 1 ਨਵੰਬਰ ਨੂੰ ਐਸਵਾਈਐਲ ਸਮੇਤ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਮੁੱਖ ਮੰਤਰੀ ਵੱਲੋਂ ਬਹਿਸ ਰੱਖੇ ਜਾਣ ਦੇ ਪ੍ਰੋਗਰਾਮ ਨੂੰ ਖ਼ਰਾਬ ਕਰਨ ਅਤੇ ਕੁਲਵੰਤ ਸਿੰਘ ਦੀ ਛਵੀ ਨੂੰ ਖਰਾਬ ਕਰਨ ਲਈ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਈਡੀ ਨੂੰ ਆਪਣੇ ਹਥਿਆਰ ਵਜੋਂ ਵਰਤ ਰਹੀ ਹੈ ਅਤੇ ਵਿਰੋਧੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸਾਫ਼-ਸੁਥਰਾ ਕਾਰੋਬਾਰ ਕਰਦੇ ਹਨ ਅਤੇ ਸਿਆਸਤ ਵੀ ਸੇਵਾ ਭਾਵਨਾ ਨਾਲ ਕਰਦੇ ਆ ਰਹੇ ਹਨ। ਹੁਣ ਤੱਕ ਉਨ੍ਹਾਂ ’ਤੇ ਕੋਈ ਦੋਸ਼ ਵੀ ਨਹੀਂ ਹੈ।
ਜਾਣਕਾਰੀ ਅਨੁਸਾਰ ਈਡੀ ਦੀ ਟੀਮ ਅੱਜ ਸਵੇਰੇ ਕਰੀਬ 7 ਵਜੇ ਵਿਧਾਇਕ ਦੇ ਘਰ ਪਹੁੰਚੀ। ਈਡੀ ਦੀ ਟੀਮ ਨਾਲ ਸੀਆਰਪੀਐਫ਼ ਦੀ ਟੁਕੜੀ ਵੀ ਮੌਜੂਦ ਸੀ, ਈਡੀ ਟੀਮ ਨੇ ਇੱਥੇ ਪਹੁੰਚ ਕੇ ਸਾਰਾ ਕੁੱਝ ਆਪਣੇ ਕਬਜ਼ੇ ਵਿੱਚ ਕਰ ਲਿਆ। ਉਂਜ ਜਿਸ ਵੇਲੇ ਈਡੀ ਦੀ ਟੀਮ ਉੱਥੇ ਪਹੁੰਚੀ ਉਸ ਸਮੇਂ ਵਿਧਾਇਕ ਕੁਲਵੰਤ ਸਿੰਘ ਘਰ ਵਿੱਚ ਮੌਜੂਦ ਨਹੀਂ ਸਨ। ਉਹ ਸੋਮਵਾਰ ਦੁਪਹਿਰ ਦੀ ਫਲਾਈਟ ਰਾਹੀਂ ਦਿੱਲੀ ਗਏ ਹੋਏ ਸਨ, ਪ੍ਰੰਤੂ ਵਿਧਾਇਕ ਦੇ ਦੋਵੇਂ ਬੇਟੇ ਘਰ ਵਿੱਚ ਮੌਜੂਦ ਸਨ। ਈਡੀ ਦੀ ਛਾਪੇਮਾਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਦਿੱਲੀ ਤੋਂ ਵਾਪਸ ਪਰਤ ਆਏ। ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਸਿੱਧਾ ਕੋਠੀ ਦੇ ਅੰਦਰ ਚਲੇ ਗਏ। ਈਡੀ ਟੀਮ ਨੇ ਕੁਲਵੰਤ ਸਿੰਘ ਦੇ ਘਰ ਅੰਦਰ ਜਾਂਦਿਆਂ ਹੀ ਗੇਟ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਫੋਨ ਵੀ ਆਪਣੇ ਕੋਲ ਰਖਵਾ ਲਏ ਗਏ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…