
ਈਡੀ ਵੱਲੋਂ ਕੀਤੀ ਜਾਵੇਗੀ ਸਾਬਕਾ ਡੀਜੀਪੀ ਤੇ ਬਾਕੀ ਮੁਲਜ਼ਮਾਂ ਦੇ ਖਾਤਿਆਂ ਤੇ ਜਾਇਦਾਦਾਂ ਦੀ ਜਾਂਚ
ਸਰਕਾਰ ਦੀ ਹਰੀ ਝੰਡੀ ਮਗਰੋਂ ਈਡੀ ਨੇ ਵਿਦੇਸ਼ਾਂ ’ਚ ਲੈਣ ਦੇਣ, ਬੈਂਕ ਖਾਤਿਆਂ ਤੇ ਸੰਪਤੀ ਦੀ ਜਾਂਚ ਸ਼ੁਰੂ
ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਸਮੇਤ ਬਾਕੀ ਛੇ ਮੁਲਜ਼ਮਾਂ ਦੇ 37 ਬੈਂਕ ਖਾਤੇ ਕਰਵਾਏ ਸੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਵੱਲੋਂ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਜੁਟਾਉਣ ਦਾ ਨਵਾਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਈਡੀ ਨੇ ਸੈਣੀ ਅਤੇ ਬਾਕੀ ਨਾਮਜ਼ਦ ਵਿਅਕਤੀਆਂ ਦੀ ਆਮਦਨ ਸਮੇਤ ਬੈਂਕ ਖਾਤਿਆਂ ਵਿੱਚ ਲੈਣ-ਦੇਣ ਦਾ ਪਤਾ ਲਗਾਉਣ ਲਈ ਪੜਤਾਲ ਆਰੰਭ ਦਿੱਤੀ ਹੈ। ਉਧਰ, ਮੁੱਢਲੀ ਜਾਂਚ ਦੌਰਾਨ ਅਜਿਹੇ ਬੈਂਕ ਖਾਤਿਆਂ ਬਾਰੇ ਵਿਜੀਲੈਂਸ ਦੇ ਹੱਥ ਜਾਣਕਾਰੀ ਲੱਗੀ ਹੈ। ਜਿਨ੍ਹਾਂ ਖਾਤਿਆਂ ਤੋਂ ਮੁਲਜ਼ਮਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਦੀ ਗੱਲ ਕਹੀ ਜਾ ਰਹੀ ਹੈ। ਵਿਜੀਲੈਂਸ ਨੇ ਸੈਣੀ ਅਤੇ ਬਾਕੀ ਮੁਲਜ਼ਮਾਂ ਦੇ ਤਕਰੀਬਨ 37 ਬੈਂਕ ਖਾਤੇ ਸੀਲ ਕਰਵਾਏ ਹਨ। ਇਹ ਖਾਤੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਦੱਸੇ ਜਾ ਰਹੇ ਹਨ। ਕਈ ਖਾਤਿਆਂ ’ਚੋਂ ਕਰੋੜਾਂ ਰੁਪਏ ਦੀ ਰਾਸ਼ੀ ਜਮ੍ਹਾਂ ਹੋਈ ਸੀ। ਵਿਦੇਸ਼ਾਂ ਵਿੱਚ ਲੈਣ-ਦੇਣ ਦੀ ਗੱਲ ਕਹੀ ਜਾ ਰਹੀ ਹੈ। ਵਿਜੀਲੈਂਸ ਦੇ ਸੂਤਰ ਦੱਸਦੇ ਹਨ ਈਡੀ ਨੂੰ ਵੀ ਜਾਂਚ ਕਰਨ ਲਈ ਕਿਹਾ ਗਿਆ ਹੈ। ਜਾਂਚ ਵਿੱਚ ਚੰਡੀਗੜ੍ਹ ਵਾਲੀ ਕੋਠੀ ਦੇ ਸਮਝੌਤੇ ਦੇ ਦਸਤਾਵੇਜ਼ਾਂ ਵਿੱਚ ਵੀ ਹੇਰਾਫੇਰੀ ਸਾਹਮਣੇ ਆ ਰਹੀ ਹੈ।
ਵਿਜੀਲੈਂਸ ਵੱਲੋਂ ਸਾਬਕਾ ਡੀਜੀਪੀ ਦੀ ਸਹਿ-ਮੁਲਜ਼ਮ ਨਿਮਰਤ ਦੀਪ ਦੀ ਆਮਦਨ 172.9 ਫੀਸਦੀ ਤੋਂ ਵੱਧ ਪਾਈ ਗਈ ਹੈ। ਮੁਲਜ਼ਮ ਦੀ ਆਮਦਨ 20 ਕਰੋੜ 57 ਲੱਖ 91 ਹਜ਼ਾਰ 681 ਹੈ। ਜਦੋਂਕਿ ਨਿਮਰਤਦੀਪ ਅਤੇ ਪਰਿਵਾਰਕ ਮੈਂਬਰਾਂ ਦੀ ਆਮਦਨ 56 ਕਰੋੜ 16 ਲੱਖ 69 ਹਜ਼ਾਰ 295 ਰੁਪਏ ਹੋਣ ਦਾ ਅਨੁਮਾਨ ਹੈ। ਇਹ ਵੀ ਸੰਕਾ ਜਤਾਈ ਜਾ ਰਹੀ ਹੈ ਕਿ ਨਿਮਰਤ ਦੀਪ ਨੇ ਸੁਰਿੰਦਰਜੀਤ ਸਿੰਘ, ਅਜੈ ਕੌਸ਼ਲ, ਪ੍ਰਦੂਮਣ, ਪਰਮਜੀਤ, ਅਮਿਤ ਸਿੰਗਲਾ ਅਤੇ ਸਾਬਕਾ ਡੀਜੀਪੀ ਨਾਲ ਮਿਲ ਕੇ ਸਾਜ਼ਿਸ਼ ਤਹਿਤ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਨਾਮੀ ਅਤੇ ਬੇਨਾਮੀ ਜਾਇਦਾਦ ਬਣਾਈ ਹੈ।