ਝੂਠੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਨੇ ਸਿੱਖਿਆ ਭਵਨ ਤੇ ਸਕੂਲ ਬੋਰਡ ਦੇ ਗੇਟ ਕੀਤੇ ਬੰਦ

ਬੋਰਡ ਚੇਅਰਮੈਨ ਸਮੇਤ ਸਿੱਖਿਆ ਵਿਭਾਗ ਤੇ ਬੋਰਡ ਦਾ ਕੋਈ ਅਧਿਕਾਰੀ ਤੇ ਮੁਲਾਜ਼ਮ ਨਹੀਂ ਪਹੁੰਚ ਸਕੇ ਦਫ਼ਤਰ

ਐਸਪੀ ਵਿਰਕ ਤੇ ਡੀਐਸਪੀ ਸੋਹੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗੱਲੀਬਾਤੀਂ ਸ਼ਾਂਤ ਕਰਨ ਲਈ ਯਤਨ ਤੇਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਬੁੱਧਵਾਰ ਨੂੰ 50ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਝੂਠੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਨੇ ਅੱਜ ਅਚਾਨਕ ਗੁਪਤ ਐਕਸ਼ਨ ਕਰਦਿਆਂ ਸਿੱਖਿਆ ਭਵਨ ਅਤੇ ਸਕੂਲ ਬੋਰਡ ਦੇ ਸਾਰੇ ਗੇਟਾਂ ਦੀ ਘੇਰਾਬੰਦੀ ਕਰਕੇ ਸਿੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ।
ਹਾਲਾਂਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬਹੁਤ ਕੀਤੀ ਅਤੇ ਧੱਕਾ ਮੁੱਕੀ ਵੀ ਹੋਏ ਪ੍ਰੰਤੂ ਉਹ ਗੇਟ ਬੰਦ ਕਰਨ ਵਿੱਚ ਸਫਲ ਰਹੇ। ਜਿਸ ਕਾਰਨ ਸਿੱਖਿਆ ਵਿਭਾਗ ਅਤੇ ਬੋਰਡ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਨਹੀਂ ਪਹੁੰਚ ਸਕੇ। ਇੱਥੋਂ ਤੱਕ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੀ ਗੇਟ ਦੇ ਬਾਹਰ ਏਟੀਐਮ ਨੇੜੇ ਖੜੇ ਨਜ਼ਰ ਆਏ। ਬੋਰਡ ਦਾ ਦਫ਼ਤਰੀ ਸਟਾਫ਼ ਪੁੱਡਾ ਤੇ ਫੋਰਟਿਸ ਦੇ ਲਾਲ ਬੱਤੀ ਚੌਕ ਨੇੜੇ ਖੜੇ ਹੋ ਕੇ ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਜਦੋਂਕਿ ਸਿੱਖਿਆ ਭਵਨ ਦਾ ਸਾਰਾ ਸਟਾਫ਼ ਲਈਅਰ ਵੈਲੀ ਪਾਰਕ ਵਾਲੇ ਪਾਸੇ ਖੜਾ ਸੀ। ਇਸ ਦੌਰਾਨ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਪ੍ਰਦਰਸ਼ਨਕਾਰੀਆਂ ਨੂੰ ਗੱਲੀਬਾਤੀਂ ਸ਼ਾਂਤ ਕਰਨ ਦਾ ਯਤਨ ਕੀਤਾ ਲੇਕਿਨ ਕੱਚੇ ਅਧਿਆਪਕ ਨਹੀਂ ਮੰਨੇ। ਉਨ੍ਹਾਂ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਹੁਣ ਸਿਰਫ਼ ਫਾਈਨਲ ਮੀਟਿੰਗ ਤੈਅ ਕਰਵਾਈ ਜਾਵੇ। ਇਸ ਤੋਂ ਘੱਟ ਉਨ੍ਹਾਂ ਨੂੰ ਕੋਈ ਵੀ ਗੱਲ ਮਨਜ਼ੂਰ ਨਹੀਂ ਹੈ।
ਇਸ ਮੌਕੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਸਿਧਾਣਾ ਤੇ ਜਸਵੰਤ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ, ਸਗੋਂ ਝੂਠੇ ਲਾਰੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ। ਇਹੀ ਨਹੀਂ ਹੁਣ ਉੱਚ ਅਧਿਕਾਰੀ ਪਹਿਲੀਆਂ ਮੀਟਿੰਗਾਂ ਵਿੱਚ ਅਸਾਮੀਆਂ ਵਧਾਉਣ ਅਤੇ ਵਿਚਲਾ ਰਾਹ ਲੱਭਣ ਦੇ ਵਾਅਦੇ ਤੋਂ ਵੀ ਮੁਕਰ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਕੱਚੇ ਅਧਿਆਪਕ ਹੁਣ ਚੁੱਪ ਕਰਕੇ ਨਹੀਂ ਬੈਠਣਗੇ, ਸਗੋਂ ਆਪਣਾ ਸੰਘਰਸ਼ ਹੋਰ ਜ਼ਿਆਦਾ ਤਿੱਖਾ ਕਰਨਗੇ। ਉਨ੍ਹਾਂ ਹੁਕਮਰਾਨਾਂ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਕੱਚੇ ਅਧਿਆਪਕਾਂ ਦੇ ਬਸਰ ਦੀ ਹੋਰ ਪ੍ਰੀਖਿਆ ਨਾ ਲਵੇ। ਉਨ੍ਹਾਂ ਇਹ ਵੀ ਐਲਾਨ ਕੀਤਾ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਨੂੰ ਸਮਾਗਮਾਂ ਮੌਕੇ ਖਲਲ ਪਾਇਆ ਜਾਵੇਗਾ।

ਉਧਰ, ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…