Nabaz-e-punjab.com

ਸਿੱਖਿਆ ਬੋਰਡ ਮੁਖੀ ਵੱਲੋਂ ਪਿਛਲੇ ਤਿੰਨ ਸਾਲਾਂ ਦੀਆਂ ਸਾਰੀਆਂ ਕਿਤਾਬਾਂ ਦੀ ਉੱਚ ਪੱਧਰੀ ਸਮੀਖਿਆ ਦੇ ਹੁਕਮ

ਬੋਰਡ ਆਪਣੀਆਂ ਕਿਤਾਬਾਂ ਤੋਂ ਇਲਾਵਾ ਸਿਫ਼ਾਰਸ਼ ਕੀਤੀਆਂ ਜਾਂਦੀਆਂ ਕਿਤਾਬਾਂ ਦੀ ਵੀ ਉੱਚ ਪੱਧਰੀ ਪੜਤਾਲ ਕਰੇਗਾ: ਕਲੋਹੀਆ

ਗੁਰੂ ਨਾਨਕ ਦੇਵ ਜੀ ਦੀ ਬਾਣੀ ਸਬੰਧੀ ਸਪਲੀਮੈਂਟਰੀ ਪਾਠ ਛਾਪਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਇੱਕ ਹੁਕਮ ਜਾਰੀ ਕਰਕੇ ਅਕਾਦਮਿਕ ਸ਼ਾਖਾ ਦੇ ਵਿਸ਼ਾ ਮਾਹਰਾਂ ਨੂੰ ਪਿਛਲੇ ਤਿੰਨ ਅਕਾਦਮਿਕ ਵਰ੍ਹਿਆਂ ਦੀਆਂ ਸਾਰੀਆਂ ਕਿਤਾਬਾਂ ਦੀ ਉਚੇਚੀ ਸਮੀਖਿਆ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹੱਤਵ ਪੂਰਨ ਕਾਰਜ ਦੀ ਉਹ ਖ਼ੁਦ (ਚੇਅਰਮੈਨ) ਰੋਜ਼ਾਨਾ ਮੀਟਿੰਗ ਕਰ ਕੇ ਰਿਪੋਰਟ ਤਲਬ ਕਰਿਆ ਕਰਨਗੇ। ਸ੍ਰੀ ਕਲੋਹੀਆ ਅੱਜ ਇੱਥੇ ਦਸਵੀਂ ਸ਼੍ਰੇਣੀ ਦੀ ਕਿਤਾਬ ਸਾਹਿਤ ਮਾਲਾ-10 ਵਿੱਚ ਛਪੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਆਸਾ ਦੀ ਵਾਰ ਵਿਚਲੇ ਇੱਕ ਸ਼ਬਦ ਦੀਆਂ ਤੁਕਾਂ ਵਿੱਚ ਛਪੀ ਉਕਾਈ ਸਬੰਧੀ ਸਾਰੇ ਹੀ ਚੈਪਟਰ ਦਾ ਸਹੀ ਸਪਲੀਮੈਂਟਰੀ ਚੈਪਟਰ ਛਾਪੇ ਜਾਣ ਦਾ ਹੁਕਮ ਦੇਣ ਮਗਰੋਂ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਅਤੇ ਦਫ਼ਤਰੀ ਸਟਾਫ਼ ਨਾਲ ਮੀਟਿੰਗ ਵੀ ਕੀਤੀ।
ਸਿੱਖਿਆ ਬੋਰਡ ਦੀਆਂ ਕਿਤਾਬਾਂ ਦੀ ਸੰਪੂਰਨ ਸਮੀਖਿਆ ਚਲੰਤ ਅਕਾਦਮਿਕ ਸਾਲ ਦੀਆਂ ਕਿਤਾਬ ਤੋਂ ਆਰੰਭਣ ਦੀ ਗੱਲ ਕਰਦਿਆਂ ਚੇਅਰਮੈਨ ਸ੍ਰੀ ਕਲੋਹੀਆ ਨੇ ਕਿਹਾ ਕਿ ਕਿਤਾਬਾਂ ਵਿਚਲੀਆਂ ਉਕਾਈਆਂ ਪ੍ਰਤੀ ਬਹੁਤ ਸੰਵੇਦਨਸ਼ੀਲ ਅਤੇ ਗੰਭੀਰ ਬਣੇ ਰਹਿਣਾ ਸਭ ਤੋਂ ਪਹਿਲਾ ਅਤੇ ਨੈਤਿਕ ਫਰਜ਼ ਬਣਦਾ ਹੈ ਅਤੇ ਇਸ ਕਾਰਜ ਵਿੱਚ ਕੁਤਾਹੀ ਸਮਾਜਿਕ ਨਮੋਸ਼ੀ ਹੋਣ ਤੋਂ ਇਲਾਵਾ ਇਹ ਅਕਾਦਮਿਕ ਅਤੇ ਸਦਾਚਾਰਕ ਜੁਰਮ ਵਰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਹੁਣ ਚੁੱਪ ਕਰ ਕੇ ਨਹੀਂ ਬੈਠੇਗਾ ਅਤੇ ਆਪਣੀਆਂ ਹੀ ਉਕਾਈਆਂ ਖ਼ੁਦ ਲੱਭ ਕੇ ਉਨ੍ਹਾਂ ਦਾ ਸਥਾਈ ਹੱਲ ਵੀ ਕਰੇਗਾ।
ਸ੍ਰੀ ਕਲੋਹੀਆ ਨੇ ਕਿਹਾ ਕਿ ਸਕੂਲ ਬੋਰਡ ਆਪਣੀਆਂ ਪ੍ਰਕਾਸ਼ਨਾਂ ਤੋਂ ਇਲਾਵਾ ਸਿਫ਼ਾਰਸ਼ ਕੀਤੀਆਂ ਜਾਂਦੀਆਂ ਕਿਤਾਬਾਂ ਦੀ ਵੀ ਡੂੰਘਾਈ ਨਾਲ ਸਮੀਖਿਆ ਅਤੇ ਉੱਚ ਪੱਧਰੀ ਪੜਤਾਲ ਕਰੇਗਾ ਤਾਂ ਜੋ ਕਿਸੇ ਹੋਰ ਦੀ ਗਲਤੀ ਦਾ ਖ਼ਮਿਆਜ਼ਾ ਸਿੱਖਿਆ ਬੋਰਡ ਜਾਂ ਵਿਦਿਆਰਥੀਆਂ ਨੂੰ ਨਾ ਭੁਗਤਣਾ ਪਵੇ। ਉਨ੍ਹਾਂ ਕਿਹਾ ਕਿ ਆਸਾ ਦੀ ਵਾਰ ਵਿਚਲੇ ਸ਼ਬਦ ਦੀਆਂ ਤੁਕਾਂ ਸਬੰਧੀ ਸਪਲੀਮੈਂਟਰੀ ਪਾਠ ਛਾਪ ਕੇ ਲਗਭਗ ਪੌਣੇ ਦੋ ਲੱਖ ਕਿਤਾਬਾਂ ਦੇ ਨਾਲ ਹੀ ਜੋੜਨ ਅਤੇ ਵੰਡਣ ਸਮੇਤ ਇਹ ਹੁਕਮ ਦਿੱਤੇ ਹਨ ਕਿ ਦਰੁਸਤ ਕੀਤਾ ਸ਼ਬਦ ਨਾ ਸਿਰਫ਼ ਸਕੂਲ ਬੋਰਡ ਦੀ ਵੈੱਬਸਾਈਟ ਉੱਤੇ ਅਪਲੋਡ ਕੀਤਾ ਜਾਵੇ ਸਗੋਂ ਪੰਜਾਬ ਭਰ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਪੋਰਟਲਾਂ ਉੱਤੇ ਵੀ ਪਾਇਆ ਜਾਵੇ ਤਾਂ ਜੋ ਗਲਤੀ ਦੀ ਹਰ ਪੱਧਰ ਉੱਤੇ ਸੋਧ ਕੀਤੀ ਜਾ ਸਕੇ। ਅਕਾਦਮਿਕ ਸ਼ਾਖਾ ਨਾਲ ਮੀਟਿੰਗ ਤੋਂ ਪਹਿਲਾਂ ਸ੍ਰੀ ਕਲੋਹੀਆ ਨੇ ਸਿੱਖਿਆ ਬੋਰਡ ਦੇ 15 ਅਤੇ 16 ਅਪਰੈਲ ਨੂੰ ਕਰਵਾਏ ਜਾਣ ਵਾਲੀਆਂ ਮੁੜ ਪ੍ਰੀਖਿਆਵਾਂ ਸਬੰਧੀ ਵੀ ਬੋਰਡ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਦੁਬਾਰਾ ਪ੍ਰੀਖਿਆਵਾਂ ਲਈ ਕੀਤੇ ਜਾਣ ਵਾਲੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਅਤੇ ਮਾਰਕਿੰਗ ਸੈਂਟਰਾਂ ਦੇ ਚੱਲ ਰਹੇ ਕੰਮ ਸਬੰਧੀ ਰਿਪੋਰਟ ਵੀ ਤਲਬ ਕੀਤੀ।
ਮੀਟਿੰਗ ਵਿੱਚ 15 ਅਤੇ 16 ਅਪਰੈਲ ਨੂੰ ਕਰਵਾਈਆਂ ਜਾਣ ਵਾਲੀਆਂ ਉਚੇਚੀਆਂ ਪ੍ਰੀਖਿਆਵਾਂ ਜੋ ਕਿ ਉਨ੍ਹਾਂ ਵਿਦਿਆਰਥੀਆਂ ਲਈ ਕਰਵਾਈਆਂ ਜਾ ਰਹੀਆਂ ਹਨ ਜੋ ਇੱਕ ਤੋਂ ਵੱਧ ਪੇਪਰ ਇੱਕ ਹੀ ਦਿਨ ਹੋਣ ਕਾਰਨ ਆਪਣਾ ਇੱਕ ਇਮਤਿਹਾਨ ਨਹੀਂ ਦੇ ਸਕੇ ਜਾਂ ਜਿਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਕਿਸੇ ਦੁਰਘਟਨਾ ਕਾਰਨ ਖੁੰਝ ਗਈ, ਬੋਰਡ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਬਲਾਕ-ਸੀ ਵਿੱਚ ਕਰਵਾਈ ਜਾ ਰਹੀ ਹੈ, ਸਬੰਧੀ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ। ਇਸ ਦੇ ਨਾਲ-ਨਾਲ ਉਨ੍ਹਾਂ ਖੇਡ ਕੋਟੇ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਾ ਵੀ ਜਾਇਜ਼ਾ ਲਿਆ। ਮੀਟਿੰਗ ਵਿੱਚ ਸ੍ਰੀ ਕਲੋਹੀਆ ਵੱਲੋਂ ਪ੍ਰੀਖਿਆਵਾਂ ਦੇ ਮਾਰਕਿੰਗ ਦੇ ਕੰਮ-ਕਾਰ ਸਬੰਧੀ ਅਧਿਕਾਰੀਆਂ ਤੋਂ ਰਿਪੋਰਟ ਲਈ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹਾਵਾਰ ਹਰ ਨੋਡਲ ਅਫ਼ਸਰ ਤੋਂ ਉੱਤਰ ਪੱਤਰੀਆ ਦੇ ਮੁਲਾਂਕਣ ਸਬੰਧੀ ਕੰਮ-ਕਾਰ ਦੀ ਜਾਣਕਾਰੀ ਤੇ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਬੋਰਡ ਮੁਖੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਵਿਦਿਆਰਥੀਆਂ ਦੀ ਉੱਤਰ ਪੱਤਰੀਆਂ ਦੀ ਮਾਰਕਿੰਗ ਸਹੀ ਤਰੀਕੇ ਨਾਲ ਅਤੇ ਸਮੇਂ ਸਿਰ ਹੋਵੇ, ਇਸ ਲਈ ਉਹ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵੀ ਸਿੱਖਿਆ ਨਾਲ ਸਬੰਧਤ ਹਰ ਫਰਜ਼ ਉੱਤੇ ਮੁਸਤੈਦੀ ਨਾਲ ਪਹਿਰਾ ਦਿੱਤਾ ਜਾਵੇਗਾ ਅਤੇ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਅਤੇ ਡਿਊਟੀ ਵਿੱਚ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…