ਸਿੱਖਿਆ ਬੋਰਡ ਦੇ ਚੇਅਰਮੈਨ ਕਲੋਹੀਆ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਕਈ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ

ਦਸਵੀਂ ਸ਼੍ਰੇਣੀ ਦੇ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਦੌਰਾਨ 5 ਜ਼ਿਲ੍ਹਿਆਂ ਵਿੱਚ ਨਕਲ ਦੇ ਕੁੱਲ 5 ਕੇਸ ਮਿਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵੱਲੋਂ ਮੰਗਲਵਾਰ ਨੂੰ ਦਸਵੀਂ ਸ਼੍ਰੇਣੀ ਦੀ ਅੱਜ ਹੋਈ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰ ਵਿਚਲੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸਾਰੇ ਕੇਂਦਰਾਂ ’ਤੇ ਸਹੀ ਢੰਗ ਨਾਲ ਹੋ ਰਹੀਆਂ ਪ੍ਰੀਖਿਆਵਾਂ ’ਤੇ ਚੇਅਰਮੈਨ ਨੇ ਤਸੱਲੀ ਪ੍ਰਗਟਾਈ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਸਭ ਤੋਂ ਪਹਿਲਾਂ ਸਵਰਗਵਾਸੀ ਗੁਰਨਾਮ ਸਿੰਘ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦਾ ਅਚਨਚੇਤ ਨਿਰੀਖਣ ਕੀਤਾ। ਇਸ ਸੈਂਟਰ ਵਿੱਚ 191 ਚੋਂ 4 ਬੱਚੇ ਗੈਰਹਾਜ਼ਰ ਮਿਲੇ। ਚੇਅਰਮੈਨ ਵੱਲੋਂ ਇਸ ਪ੍ਰੀਖਿਆ ਕੇਂਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀਆਂ ਗਈਆਂ। ਇਸ ਮਗਰੋਂ ਐੱਸਐੱਸ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦਾ ਦੌਰਾ ਕਰਕੇ ਪ੍ਰੀਖਿਆ ਕੇਂਦਰ ਵਿੱਚ ਚਲ ਰਹੀ ਪ੍ਰੀਖਿਆ ਦਾ ਜਾਇਜ਼ਾ ਲਿਆ। ਇਸ ਸੈਂਟਰ ਵਿੱਚ 116 ਚੋਂ ਇੱਕ ਬੱਚਾ ਗੈਰਹਾਜ਼ਰ ਪਾਇਆ ਗਿਆ। ਇੱਥੇ ਵੀ ਚੇਅਰਮੈਨ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ। ਇਸ ਤੋਂ ਬਾਅਦ ਸ੍ਰੀ ਕਲੋਹੀਆ ਨੇ ਏਸੀ ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਕਪੁਰ ਵਿੱਚ ਚੈਕਿੰਗ ਕੀਤੀ। ਇੱਥੇ 102 ਵਿਦਿਆਰਥੀਆਂ ਚੋਂ 7 ਬੱਚੇ ਗੈਰਹਾਜ਼ਰ ਪਾਏ ਗਏ।
ਉਧਰ, ਨਿਰੀਖਣ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਵਿੱਚ 242 ਚੋਂ 7 ਬੱਚੇ ਗੈਰਹਾਜ਼ਰ ਮਿਲੇ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿੱਚ 98 ਵਿਦਿਆਰਥੀਆਂ ਚੋਂ ਇੱਕ ਗੈਰਹਾਜ਼ਰ, ਬੁਲਾਰੇ ਨੇ ਦੱਸਿਆ ਕਿ ਬੋਰਡ ਚੇਅਰਮੈਨ ਵੱਲੋੱ ਨਿਗਰਾਨ ਅਮਲੇ, ਸੁਪਰਡੈਂਟਾਂ, ਕੇਂਦਰ ਕੰਟਰੋਲਰਾਂ ਨਾਲ ਚੱਲ ਰਹੀਆਂ ਪ੍ਰੀਖਿਆਵਾਂ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਦਿੱਕਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਚੇਅਰਮੈਨ ਵੱਲੋਂ ਪ੍ਰੀਖਿਆ ਦੇ ਕੇ ਬਾਹਰ ਆ ਰਹੇ ਵਿਦਿਆਰਥੀਆਂ ਨਾਲ ਵੀ ਉਨ੍ਹਾਂ ਦੀ ਪ੍ਰੀਖਿਆਂ ਬਾਰੇ ਵਿਸਥਾਰ ਸਹਿਤ ਗੱਲ ਕੀਤੀ ਗਈ। ਚੇਅਰਮੈਨ ਨੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਪੀਣ ਵਾਲੇ ਪਾਣੀ ਅਤੇ ਬੱਚਿਆਂ ਲਈ ਹੋਰ ਸਹੂਲਤਾਂ ਅਤੇ ਬਾਕੀ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਉਧਰ, ਅੱਜ ਪੰਜਾਬ ਭਰ ਦੇ ਕੁੱਲ 2500 ਕੇਂਦਰਾਂ ਵਿੱਚ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ 3 ਲੱਖ 43 ਹਜ਼ਾਰ 819 ਰੈਗੂਲਰ ਅਤੇ 32 ਹਜ਼ਾਰ 306 ਓਪਨ ਸਕੂਲ ਦੇ ਪ੍ਰੀਖਿਆਰਥੀਆਂ ਲਈ ਪ੍ਰੀਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਅੱਜ ਦੀ ਪ੍ਰੀਖਿਆ ਦੌਰਾਨ ਸਮੁੱਚੇ ਪੰਜਾਬ ਦੇ ਪ੍ਰੀਖਿਆ ਕੇਂਦਰਾਂ ਵਿੱਚੋਂ ਸ੍ਰੀ ਅੰਮ੍ਰਿਤਸਰ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ ਤਰਨਤਾਰਨ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਨਕਲ ਦਾ ਕੇਸ ਸਾਹਮਣੇ ਆਇਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…