Nabaz-e-punjab.com

ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦਾ ਮੁੜ ਸ਼ਡਿਊਲ ਬਦਲਿਆਂ

ਪ੍ਰੀਖਿਆਵਾਂ ਪ੍ਰਬੰਧਾਂ ਬਾਰੇ ਪਹਿਲਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਕਈ ਤਬਦੀਲੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰੀ ਕੰਮ ਰੱਬ ਆਸਰੇ ਚੱਲਣ ਕਾਰਨ ਡੰਗ ਟਪਾਊ ਬੋਰਡ ਮੈਨੇਜਮੈਂਟ ਵੱਲੋਂ ਲਗਾਤਾਰ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲਣੀਆਂ ਪੈ ਰਹੀਆਂ ਹਨ। ਬੋਰਡ ਨੇ ਹੁਣ ਸਰਕਾਰੀ ਛੁੱਟੀਆਂ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਦਾ ਬਹਾਨਾ ਲਗਾ ਕੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਸ਼ਡਿਊਲ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਦੇ ਤਹਿਤ ਸੱਤ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਧਿਆਪਕ ਯੋਗਤਾ ਟੈਸਟ ਚਾਰ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ ਜਦੋਂਕਿ ਪਿਛਲੇ ਦਿਨੀਂ ਬੋਰਡ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਵਿੱਚ ਤਬਦੀਲੀ ਕੀਤੀ ਗਈ ਹੈ।
ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਲਿਖਤੀ ਜਾਣਕਾਰੀ ਵਿੱਚ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦਾ ਲੋਕ ਪ੍ਰਸ਼ਾਸਨ ਵਿਸ਼ੇ ਦਾ ਪੇਪਰ ਜੋ ਕਿ ਪਹਿਲਾਂ 4 ਮਾਰਚ ਨੂੰ ਲੈਣਾ ਨਿਰਧਾਰਿਤ ਸੀ, ਹੁਣ ਇਸ ਵਿਸ਼ੇ ਦੀ ਪ੍ਰੀਖਿਆ 16 ਮਾਰਚ ਨੂੰ ਲਈ ਜਾਵੇਗੀ। ਜਦੋਂਕਿ 16 ਮਾਰਚ ਨੂੰ ਕਰਵਾਇਆ ਜਾਣ ਵਾਲਾ ਸੰਸਕ੍ਰਿਤ ਵਿਸ਼ੇ ਦਾ ਪੇਪਰ ਹੁਣ 4 ਮਾਰਚ ਨੂੰ ਲਿਆ ਜਾਵੇਗਾ। ਬਾਰ੍ਹਵੀਂ ਸ਼੍ਰੇਣੀ ਦੇ ਹੀ ਰਾਜਨੀਤੀ ਸ਼ਾਸਤਰ, ਭੌਤਿਕ ਵਿਗਿਆਨ, ਬਿਜ਼ਨਸ ਸਟੱਡੀਜ਼- ਦੀ 9 ਮਾਰਚ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 30 ਮਾਰਚ ਨੂੰ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੀਆਂ 9 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 30 ਮਾਰਚ ਨੂੰ ਕਰਵਾਈਆਂ ਜਾਣਗੀਆਂ ਅਤੇ 13 ਮਾਰਚ ਨੂੰ ਹੋਣ ਵਾਲੀਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੁਣ 27 ਮਾਰਚ ਨੂੰ ਕਰਵਾਈਆਂ ਜਾਣਗੀਆਂ। ਇੰਝ ਹੀ ਦਸਵੀਂ ਸ਼੍ਰੇਣੀ ਦੀ ਵਿਸ਼ਾ ਗ੍ਰਹਿ ਵਿਗਿਆਨ ਦੀ ਪਹਿਲਾਂ 8 ਅਪਰੈਲ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 4 ਅਪਰੈਲ ਨੂੰ ਲਈ ਜਾਵੇਗੀ ਜਦੋਂਕਿ 6 ਅਪਰੈਲ ਵਾਲੀ ਵਿਸ਼ਾ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਹੁਣ 13 ਅਪਰੈਲ ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਤਬਦੀਲੀਆਂ ਸਬੰਧੀ ਪੂਰੀ ਜਾਣਕਾਰੀ ਪੰਜਾਬ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ, ਤਾਂ ਜੋ ਪ੍ਰੀਖਿਆਰਥੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
(ਬਾਕਸ ਆਈਟਮ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਦੇ ਸਮੂਹ ਪੰਜਵੀਂ ਅਤੇ ਅੱਠਵੀਂ ਪੱਧਰ ਦੇ ਪ੍ਰਾਈਵੇਟ ਸਕੂਲਾਂ ਨੂੰ ਆਰਜ਼ੀ ਮਾਨਤਾ ਲਈ ਅਪਲਾਈ ਕਰਨ ਲਈ ਤਿਆਰ ਕੀਤੇ ਆਨਲਾਈਨ ਪੋਰਟਲ ਦੀਆਂ ਤਰੀਕਾਂ ਅਤੇ ਫੀਸਾਂ ਦੇ ਸ਼ਡਿਊਲ ਵਿੱਚ ਮੁੜ ਵਾਧਾ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਕੂਲ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਦੱਸਿਆ ਕਿ ਪੰਜਵੀਂ ਸ਼੍ਰੇਣੀ ਲਈ 5 ਹਜ਼ਾਰ ਰੁਪਏ ਅਤੇ ਅੱਠਵੀਂ ਸ਼੍ਰੇਣੀ ਲਈ 8 ਹਜ਼ਾਰ ਰੁਪਏ ਨਿਰਧਾਰਿਤ ਫੀਸ ਤੋਂ ਇਲਾਵਾ ਹੁਣ 1 ਹਜ਼ਾਰ ਰੁਪਏ ਲੇਟ ਫੀਸ ਨਾਲ ਆਨਲਾਈਨ ਐਂਟਰੀ ਅਤੇ ਫੀਸ ਚਲਾਨ ਜੈਨਰੇਟ ਕਰਨ ਦੀ ਆਖਰੀ 17 ਜਨਵਰੀ ਨਿਰਧਾਰਿਤ ਕੀਤੀ ਗਈ ਹੈ ਜਦੋਂਕਿ ਫੀਸ ਚਲਾਨ ਬੈਂਕ ਵਿੱਚ 24 ਜਨਵਰੀ ਤੱਕ ਜਮ੍ਹਾਂ ਕਰਵਾਏ ਜਾ ਸਕਣਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…