
ਸਿੱਖਿਆ ਬੋਰਡ ਨੇ ਦਸਵੀਂ ਸ਼੍ਰੇਣੀ ਦੀ ਪੰਜਾਬੀ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ ਐਲਾਨਿਆ
ਵਿਦਿਆਰਥੀ ਦੀ ਸਹੂਲਤ ਲਈ ਨਤੀਜਾ ਬੋਰਡ ਦੀ ਵੈਬਸਾਈਟ ’ਤੇ ਕੀਤਾ ਅਪਲੋਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਸ਼੍ਰੇਣੀ ਦੀ ਪੰਜਾਬੀ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਸਕੂਲ ਬੋਰਡ ਵੱਲੋਂ ਬੀਤੀ 29 ਅਤੇ 30 ਜਨਵਰੀ ਨੂੰ ਮੈਟ੍ਰਿਕ ਪੱਧਰੀ ਪੰਜਾਬੀ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਲਈ ਗਈ ਸੀ। ਇਹ ਜਾਣਕਾਰੀ ਦਿੰਦਿਆਂ ਸਕੂਲ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਨਤੀਜਾ ਘੋਸ਼ਿਤ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁਲ 244 ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 216 ਵਿਦਿਆਰਥੀ ਪਾਸ ਹੋਏ ਹਨ ਅਤੇ ਪੰਜਾਬੀ ਵਿਸ਼ੇ ਦੀ ਇਸ ਵਿਸ਼ੇਸ਼ ਪ੍ਰੀਖਿਆ ਦਾ ਨਤੀਜਾ 88.52 ਪ੍ਰਤੀਸ਼ਤ ਰਿਹਾ ਹੈ।
ਸ੍ਰੀ ਮਹਿਰੋਕ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ 13 ਵਿਦਿਆਰਥੀ ਫੇਲ ਹੋਏ ਹਨ ਜਦੋਂਕਿ 15 ਵਿਦਿਆਰਥੀ ਪ੍ਰੀਖਿਆ ਦੇਣ ਹੀ ਨਹੀਂ ਆਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਅਤੇ ਆਪਣਾ ਨਤੀਜਾ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਦੀਆਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਐਤਕੀਂ ਨਕਲ ਰੋਕਣ ਦੇ ਰੁਝਾਨ ਨੂੰ ਜੜ੍ਹੋਂ ਖ਼ਤਮ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਸਾਰੇ ਪ੍ਰੀਖਿਆ ਕੇਂਦਰ ਨੇੜੇ ਧਾਰਾ 144 ਲਾਗੂ ਕਰਨ ਲਈ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਪੱਤਰ ਲਿਖਿਆ ਗਿਆ ਹੈ ਤਾਂ ਜੋ ਪ੍ਰੀਖਿਆ ਕੇਂਦਰਾਂ ਨੇੜੇ ਬਾਹਰੀ ਵਿਅਕਤੀਆਂ ਨੂੰ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਨਕਲ ਰੋਕੂ ਉਡਣ ਦਸਤੇ ਬਣਾਏ ਜਾ ਰਹੇ ਹਨ। ਨਕਲ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲ ਪੱਧਰ ’ਤੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮਿਲਣੀਆਂ ਕੀਤੀਆਂ ਜਾ ਰਹੀ ਹੈ ਅਤੇ ਸਕੂਲੀ ਬੱਚਿਆਂ ਨੂੰ ਨਕਲ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ ਹੈ।