ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਵੱਲੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ, ਮੱਥਾ ਟੇਕਣ ਤੋਂ ਰੋਕਣ ਕਾਰਨ ਤਣਾਅ

ਬੋਰਡ\ਕਾਰਪੋਰੇਸ਼ਨ ਮਹਾਸੰਘ ਅਤੇ ਸੀਟੂ ਵੱਲੋਂ ਕੱਚੇ ਕਾਮਿਆਂ ਦੀ ਹਮਾਇਤ ਵਿੱਚ 9 ਫਰਵਰੀ ਨੂੰ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ

ਸੰਘਰਸ਼ਸ਼ੀਲ ਮਹਿਲਾ ਮੁਲਾਜ਼ਮਾਂ ਨੂੰ ਬੋਰਡ ਅੰਦਰ ਬਾਥਰੂਮ ਜਾਣ ਤੋਂ ਰੋਕਿਆ, ਤਿੱਖੀ ਬਹਿਸ ਤੋਂ ਬਾਅਦ ਬਾਥਰੂਮ ਜਾਣ ਦੀ ਇਜਾਜ਼ਤ ਦਿੱਤੀ

ਨਬਜ਼-ਏ-ਪੰਜਾਬ, ਮੁਹਾਲੀ, 3 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ ਕਰਮਚਾਰੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਹੜਤਾਲ ਜਾਰੀ ਰਹੀ। ਕੱਚੇ ਮੁਲਾਜ਼ਮਾਂ ਨੇ ਸੋਮਵਾਰ ਤੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਧਰ, ਅੱਜ ਸਿੱਖਿਆ ਭਵਨ ਵਿਖੇ ਸਾਲਾਨਾ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਦੀ ਅਰੰਭਤਾ ਸਮੇਂ ਧਰਨਾਕਾਰੀਆਂ ਨੂੰ ਮੱਥਾ ਟੇਕਣ ਤੋਂ ਰੋਕਣ ਕਾਰਨ ਸਥਿਤੀ ਤਣਾਅ ਪੂਰਨ ਗਈ। ਇਹੀ ਨਹੀਂ ਸੰਘਰਸ਼ਸ਼ੀਲ ਮਹਿਲਾ ਮੁਲਾਜ਼ਮਾਂ ਨੂੰ ਦਫ਼ਤਰ ਕੰਪਲੈਕਸ ਵਿੱਚ ਬਾਥਰੂਮ ਜਾਣ ਤੋਂ ਰੋਕਿਆ ਗਿਆ। ਸੁਰੱਖਿਆ ਗਾਰਡਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉੱਪਰੋਂ ਆਦੇਸ਼ ਮਿਲੇ ਹਨ। ਜਥੇਬੰਦੀ ਵੱਲੋਂ ਸਖ਼ਤ ਇਤਰਾਜ਼ ਕਰਨ ’ਤੇ ਪ੍ਰਦਰਸ਼ਨਕਾਰੀਆਂ ਨੂੰ ਮੱਥਾ ਟੇਕਣ ਅਤੇ ਦੋ-ਦੋ ਅੌਰਤਾਂ ਨੂੰ ਵਾਰੋ-ਵਾਰੀ ਬਾਥਰੂਮ ਜਾਣ ਦੀ ਇਜਾਜ਼ਤ ਦਿੱਤੀ ਗਈ।
ਕੱਚੇ ਮੁਲਾਜ਼ਮਾਂ ਨੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠ ਕੇ ਬੋਰਡ ਮੈਨੇਜਮੈਂਟ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਕੱਚੇ ਕਰਮਚਾਰੀ ਸਵੇਰੇ 9 ਵਜੇ ਹੀ ਮੁੱਖ ਦੇ ਬਾਹਰ ਦਫ਼ਤਰ ਧਰਨਾ ਲਗਾ ਕੇ ਬੈਠ ਗਏ। ਇਹ ਸਿਲਸਿਲਾ ਸ਼ਾਮ 5 ਵਜੇ ਤੱਕ ਜਾਰੀ ਰਿਹਾ। ਬੋਰਡ\ਕਾਰਪੋਰੇਸ਼ਨ ਮਹਾਸੰਘ ਪੰਜਾਬ ਦੇ ਪ੍ਰਧਾਨ ਤਾਰਾ ਸਿੰਘ, ਜ਼ਿਲ੍ਹਾ ਪ੍ਰਧਾਨ ਸੀਟੂ ਗੁਰਦੀਪ ਸਿੰਘ, ਰਾਕੇਸ਼ ਰਾਣਾ ਅਤੇ ਬਲਵੰਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਸਾਥੀ ਤਾਰਾ ਸਿੰਘ ਅਤੇ ਗੁਰਦੀਪ ਸਿੰਘ ਨੇ ਐਲਾਨ ਕੀਤਾ ਕਿ ਬੋਰਡ\ਕਾਰਪੋਰੇਸ਼ਨ ਮਹਾਸੰਘ ਅਤੇ ਸੀਟੂ ਵੱਲੋਂ ਡੇਲੀਵੇਜ ਕਰਮਚਾਰੀਆਂ ਦੀ ਹਮਾਇਤ ਵਿੱਚ 9 ਫਰਵਰੀ ਨੂੰ ਸਕੂਲ ਬੋਰਡ ਦੇ ਬਾਹਰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਬੋਰਡ ਮੈਨੇਜਮੈਂਟ ਵੱਲੋਂ ਡੀਸੀ ਅਤੇ ਐੱਸਐੱਸਪੀ ਨੂੰ ਧਰਨਾਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖੇ ਪੱਤਰ ਦੀ ਵੀ ਸਖ਼ਤ ਨਿਖੇਧੀ ਕੀਤੀ।
ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਬੀਤੀ 18 ਜਨਵਰੀ ਨੂੰ ਸਕੱਤਰ ਨੇ ਮੀਟਿੰਗ ਵਿੱਚ ਜਾਇਜ਼ ਮੰਗਾਂ ’ਤੇ ਬਣੀ ਸਹਿਮਤੀ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੋਰਡ ਮੈਨੇਜਮੈਂਟ ਦੀ ਵਾਅਦਾਖ਼ਿਲਾਫ਼ੀ ਕਾਰਨ ਡੇਲੀਵੇਜ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਸੀ ਕਿ 7 ਅਕਤੂਬਰ 2022 ਨੂੰ ਰੈਗੂਲਰ ਪਾਲਿਸੀ ਅਧੀਨ ਡੇਲੀਵੇਜ ਕਰਮਚਾਰੀ ਦਾ ਕੇਸ ਮੱਦ ਨੰਬਰ 3 (6) ’ਤੇ ਵਿਚਾਰ ਕਰਕੇ ਰਲੀਫ਼ ਦੇਣ ਲਈ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਕਿਰਤ ਵਿਭਾਗ ਅਨੁਸਾਰ ਘੱਟੋ-ਘੱਟ ਉਜ਼ਰਤਾਂ ਅਤੇ ਛੁੱਟੀਆਂ ਦਿੱਤੀਆਂ ਜਾਣਗੀਆਂ। ਸਕੱਤਰ ਨੇ ਉਪਰੋਕਤ ਕਾਰਵਾਈ ਲਈ 7 ਦਿਨ ਦੀ ਮੋਹਲਤ ਮੰਗੀ ਸੀ। ਜਿਸ ’ਤੇ ਬੋਰਡ ਮੈਨੇਜਮੈਂਟ ਨੇ 30 ਜਨਵਰੀ 2024 ਤੱਕ ਕੋਈ ਯੋਗ ਕਾਰਵਾਈ ਪੂਰੀ ਨਹੀਂ ਕੀਤੀ ਗਈ। ਜਿਸ ਦੇ ਰੋਸ ਵਜੋਂ ਡੇਲੀਵੇਜ ਕਰਮਚਾਰੀਆਂ ਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਪੱਕਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਪ੍ਰੈਸ ਸਕੱਤਰ ਤੇਜਿੰਦਰ ਸਿੰਘ, ਇੰਦਰਜੀਤ ਸਿੰਘ, ਭਗਵੰਤ ਸਿੰਘ, ਮਨਦੀਪ ਸਿੰਘ, ਕਰਨ ਸਿੰਘ, ਦਵਿੰਦਰ ਸਿੰਘ, ਬੂਟਾ ਸਿੰਘ, ਨਵਦੀਪ ਸਿੰਘ, ਸੁਖਵੀਰ ਸਿੰਘ, ਨਰਿੰਦਰ ਸਿੰਘ, ਜਗਮੋਹਨ ਸਿੰਘ, ਰਾਜਪਾਲ ਕੌਰ, ਸੁਖਰਾਜ ਕੌਰ, ਸ੍ਰੇਸ਼ਟਾ, ਨਰਿੰਦਰ ਕੌਰ, ਸਤਿੰਦਰ ਕੌਰ, ਪੂਨਮ ਰਾਣੀ ਅਤੇ ਵੱਡੀ ਗਿਣਤੀ ਵਿੱਚ ਡੇਲੀਵੇਜ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…