
ਸਿੱਖਿਆ ਬੋਰਡ ਵੱਲੋਂ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਤੇ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ
ਆਦਰਸ਼ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ: ਪ੍ਰੋ. ਯੋਗਰਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਿਗਿਆਨ ਪ੍ਰਸਾਰ ਨਾਲ ਸਮਝੌਤਿਆਂ ਤਹਿਤ ਪੰਜਾਬ ਵਿੱਚ ਸਕੋਪ (ਸਾਇੰਸ, ਕਮੂਨੀਕੇਸ਼ਨ, ਪਾਪੁਲਰਾਈਜ਼ੇਸ਼ਨ ਐਂਡ ਇਟਸ ਐਕਸਟੈਂਸ਼ਨ) ਨਾਂ ਹੇਠ ਇੱਕ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਸਕੂਲ ਬੋਰਡ ਦੇ ਮੁੱਖ ਦਫ਼ਤਰ ਵਿੱਚ ਸਮੂਹ ਆਦਰਸ਼ ਸਕੂਲਾਂ ਦੇ ਸਾਇੰਸ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਕਿਹਾ ਕਿ ਤਿੰਨ ਸਾਲ ਦੇ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਅਤੇ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ ਆਦਰਸ਼ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲਾਂ ਵਿੱਚ ਵਿਗਿਆਨ ਅਤੇ ਵਾਤਾਵਰਨ ਵਿਸ਼ਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਪੜ੍ਹਾਉਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਇਹ ਪ੍ਰਾਜੈਕਟ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਵਿਗਿਆਨ ਅਤੇ ਵਾਤਾਵਰਨ ਵਿਸ਼ਿਆਂ ਦੀਆਂ ਨਵੀਆਂ ਕਿਤਾਬਾਂ ਦੀ ਤਿਆਰੀ, ਪ੍ਰਕਾਸ਼ਨ, ਅਨੁਵਾਦ, ਸਮਰੱਥਾ ਨਿਰਮਾਣ ਵਰਕਸ਼ਾਪਾਂ ਦੇ ਨਾਲ-ਨਾਲ ਵਿਦਿਆਰਥੀਆਂ ਲਈ ਵਿਗਿਆਨ ਅਤੇ ਵਾਤਾਵਰਨ ਬਾਰੇ ਜਾਗਰੂਕਤਾ ਲਈ ਲਘੂ ਫ਼ਿਲਮਾਂ ਅਤੇ ਵੀਡੀਓਜ਼ ਬਣਾਉਣ ਸਮੇਤ ਕਈ ਭਾਗ ਹੋਣਗੇ। ਮੈਗਜ਼ੀਨ ਅਤੇ ਹੋਰ ਸਾਫ਼ਟ/ਹਾਰਡ ਰਿਸੋਰਸ ਸਮੱਗਰੀ ਜੋ ਕਿ ਇਸ ਪ੍ਰਾਜੈਕਟ ਅਧੀਨ ਤਿਆਰ ਕੀਤੇ ਜਾਣਗੇ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਏ ਜਾ ਰਹੇ ਗਿਆਰਾਂ ਆਦਰਸ਼ ਸਕੂਲਾਂ, ਜਿਨ੍ਹਾਂ ਨੂੰ ਸਰਕਾਰੀ ਸਕੂਲਾਂ ਦੇ ਨਾਲ ਇਸ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ, ਨੂੰ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਵਾਏ ਜਾਣਗੇ।
ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐੱਡ ਟੈਕਨਾਲੋਜੀ ਦੇ ਸੰਯੁਕਤ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਨੇ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਆਦਰਸ਼ ਸਕੂਲਾਂ ਦੇ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਵਿਸ਼ਾ ਮਾਹਰਾਂ ਨੂੰ ਪ੍ਰਾਜੈਕਟ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਮੰਦਾਕਨੀ ਨੇ ਵੀ ਪ੍ਰਾਜੈਕਟ ਬਾਰੇ ਚਰਚਾ ਕੀਤੀ। ਵਿਸ਼ਾ ਮਾਹਰ ਵਿਗਿਆਨ ਅਤੇ ਆਦਰਸ਼ ਸਕੂਲਾਂ ਦੇ ਇੰਚਾਰਜ ਉਪਨੀਤ ਕੌਰ ਅਤੇ ਵਿਸ਼ਾ ਮਾਹਰ ਵਾਤਾਵਰਨ ਡਾ. ਸ਼ਰੂਤੀ ਸ਼ੁਕਲਾ ਨੇ ਵੀ ਵਾਤਾਵਰਨ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ।