ਸਿੱਖਿਆ ਬੋਰਡ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਗੇਟ ਬੰਦ ਕਰਕੇ ਕੀਤੀ ਰੋਸ ਰੈਲੀ

ਮੁਲਾਜ਼ਮ ਏਕਾ: ਸਿੱਖਿਆ ਵਿਭਾਗ ਨੇ ਅਦਾਇਗੀ ਲਈ ਫਾਈਲ ਖ਼ਜ਼ਾਨਾ ਦਫ਼ਤਰ ’ਚ ਭੇਜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਨਾਨ-ਟੀਚਿੰਗ ਕਰਮਚਾਰੀ ਐਸੋਸੀਏਸ਼ਨ ਅਤੇ ਸੇਵਾਮੁਕਤ ਮੁਲਾਜ਼ਮ ਐਸੋਸੀਏਸ਼ਨ ਤੇ ਆਫ਼ੀਸਰ ਐਸੋਸੀਏਸ਼ਨ ਵੱਲੋਂ ਪਿਛਲੇ ਦੋ ਮਹੀਨੇ ਤੋਂ ਪੈਨਸ਼ਨ ਅਤੇ ਮਈ ਦੀ ਤਨਖ਼ਾਹ ਨਾ ਮਿਲਣ ਕਾਰਨ ਸਿੱਖਿਆ ਭਵਨ ਅਤੇ ਸਕੂਲ ਬੋਰਡ ਦੇ ਗੇਟ ਬੰਦ ਕਰਕੇ ਰੋਸ ਰੈਲੀ ਕੀਤੀ ਅਤੇ ਹੁਕਮਰਾਨਾਂ ਸਮੇਤ ਉੱਚ ਅਧਿਕਾਰੀਆਂ ਨੂੰ ਰੱਜ ਕੇ ਕੋਸਿਆ। ਉਧਰ, ਮੁਲਾਜ਼ਮਾਂ ਦੇ ਏਕੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਅਦਾਇਗੀ ਲਈ ਫਾਈਲ ਖ਼ਜ਼ਾਨਾ ਦਫ਼ਤਰ ’ਚ ਭੇਜੀ ਗਈ।
ਇਸ ਮੌਕੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ, ਸਿੱਖਿਆ ਬੋਰਡ ਕੋਲੋਂ ਪਹਿਲੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਕਿਤਾਬਾਂ ਦੀ ਛਪਾਈ ਕਰਵਾ ਕੇ ਬੱਚਿਆਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਬੋਰਡ ਕੰਪਲੈਕਸ ਦੀ ਇਮਾਰਤ ਵਿੱਚ ਚੱਲ ਰਹੇ ਸਿੱਖਿਆ ਵਿਭਾਗ ਦੇ ਦਫ਼ਤਰਾਂ ਦਾ ਕਿਰਾਇਆ 2018-19 ਤੋਂ ਲੈ ਕੇ 2022-23 ਤੱਕ ਕਰੀਬ 49 ਕਰੋੜ, 54 ਲੱਖ, 94 ਹਜ਼ਾਰ 447 ਰੁਪਏ ਅਤੇ ਕਿਤਾਬਾਂ ਦੇ ਲਗਪਗ 33 ਕਰੋੜ ਰੁਪਏ ਬਕਾਇਆ ਨਹੀਂ ਦਿੱਤਾ ਜਾ ਰਿਹਾ। ਜਦੋਂਕਿ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲ ਸਾਲ 2016-17 ਤੋਂ ਲੈ ਕੇ 2022-23 ਤੱਕ ਦਾ 347 ਕਰੋੜ 83 ਲੱਖ 61 ਹਜ਼ਾਰ 663 ਰੁਪਏ ਅਤੇ 2023-24 ਦਾ ਲਗਪਗ 58 ਕਰੋੜ ਰੁਪਏ ਬਕਾਇਆ ਹੈ। ਇੰਜ ਹੀ ਸਰਵ ਸਿੱਖਿਆ ਅਭਿਆਨ ਵੱਲ ਪੰਜਾਬ ਬੋਰਡ ਦਾ 2011-12 ਤੋਂ 2022-23 ਤੱਕ 16 ਕਰੋੜ 33 ਲੱਖ 40 ਹਜ਼ਾਰ 902 ਰੁਪਏ ਅਤੇ 2023-24 ਦਾ ਲਗਪਗ 9 ਕਰੋੜ ਰੁਪਏ ਬਕਾਇਆ ਖੜ੍ਹਾ ਹੈ।
ਇਨ੍ਹਾਂ ’ਚੋਂ ਡੀਪੀਆਈ ਸੈਕੰਡਰੀ ਵੱਲ 15 ਕਰੋੜ 48 ਲੱਖ 75 ਹਜ਼ਾਰ 693 ਰੁਪਏ, ਡੀਪੀਆਈ ਪ੍ਰਾਇਮਰੀ ਵੱਲ 3 ਕਰੋੜ 87 ਲੱਖ 45 ਹਜ਼ਾਰ 368 ਰੁਪਏ, ਐੱਸਸੀਈਆਰਟੀ ਵੱਲ 2 ਕਰੋੜ 65 ਲੱਖ 39 ਹਜ਼ਾਰ 368 ਰੁਪਏ, ਡੀਜੀਐਸਈ ਵੱਲ 5 ਕਰੋੜ 85 ਲੱਖ 14 ਹਜ਼ਾਰ 605 ਰੁਪਏ, ਡੀਪੀਆਈ ਕਾਲਜਾਂ ਵੱਲ 33 ਲੱਖ 88 ਹਜ਼ਾਰ 229 ਰੁਪਏ ਕਿਰਾਏ ਦੇ ਬਕਾਇਆ ਖੜੇ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ 800 ਕਰੋੜ ਦੀ ਅਦਾਇਗੀ ਨਾ ਦੇਣ ਕਾਰਨ ਹਾਲਤ ਇਹ ਬਣ ਗਏ ਹਨ ਕਿ ਬੋਰਡ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਅਪਰੈਲ ਅਤੇ ਮਈ ਮਹੀਨੇ ਦੀ ਪੈਨਸ਼ਨ ਅਤੇ ਮੁਲਾਜ਼ਮਾਂ ਨੂੰ ਮਈ ਦੀ ਤਨਖ਼ਾਹ ਨਹੀਂ ਦਿੱਤੀ ਗਈ।
ਸੇਵਾਮੁਕਤ ਆਫ਼ੀਸਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਕਿਹਾ ਕਿ ਬੋਰਡ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਮਤਭੇਦ ਭੁਲਾ ਕੇ ਸਾਂਝੀ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਅਦਾਇਗੀ ਲਈ ਬਿੱਲਾਂ ’ਤੇ ਨਾਜਾਇਜ਼ ਇਤਰਾਜ਼ ਲਗਾ ਕੇ ਅੜਿੱਕੇ ਖੜੇ ਕਰ ਰਿਹਾ ਹੈ।
ਧਰਨਾ ਪ੍ਰਦਰਸ਼ਨ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਗਿਆ। ਮੁਲਾਜ਼ਮ ਵਰਗ ਦੇ ਗੁੱਸੇ ਨੂੰ ਦੇਖਦਿਆਂ ਡੀਜੀਐਸਈ ਵੱਲੋਂ 5 ਕਰੋੜ ਦੀ ਸਕੂਲ ਬੋਰਡ ਦੇ ਖਾਤੇ ਵਿੱਚ ਪਾਈ ਗਈ। ਆਗੂਆਂ ਨੇ ਡੀਪੀਆਈ ਦਫ਼ਤਰ ਤੋਂ 29 ਕਰੋੜ 36 ਲੱਖ ਦੀ ਰਾਸ਼ੀ ਦਾ ਟੋਕਨ ਖ਼ਜ਼ਾਨਾ ਦਫ਼ਤਰ ਤੋਂ ਜਾਰੀ ਕਰਵਾਇਆ ਗਿਆ। ਇਸ ਮੌਕੇ ਪ੍ਰਭਦੀਪ ਸਿੰਘ ਬੋਪਾਰਾਏ, ਅਮਰਜੀਤ ਕੌਰ, ਹਰਦੇਵ ਕਲੇਰ, ਗੁਰਚਰਨ ਸਿੰਘ ਤਰਮਾਲਾ ਤੇ ਸਤਨਾਮ ਸਿੰਘ ਸੱਤਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …