Nabaz-e-punjab.com

ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਵੱਲੋਂ ਸਰਕਾਰ ਦੀ ਦਖ਼ਲਅੰਦਾਜ਼ੀ ਵਿਰੁੱਧ ਰੋਸ ਮੁਜ਼ਾਹਰਾ

ਪੰਜਾਬ ਸਰਕਾਰ ਵੱਲ ਕਿਤਾਬਾਂ ਦੇ ਬਕਾਇਆ ਦੀ ਰਾਸ਼ੀ ਵਧ ਕੇ 3 ਅਰਬ ਤੱਕ ਪੁੱਜੀ, ਸਰਕਾਰ ਨੇ ਨਹੀਂ ਦਿੱਤਾ ਇਕ ਵੀ ਧੇਲਾ

ਮੁਲਾਜ਼ਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਖ਼ੁਦਮੁਖ਼ਤਿਆਰੀ ਦਾ ਮੁੱਦਾ ਚੁੱਕਿਆ, ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਬੋਰਡ ਮੈਨੇਜਮੈਂਟ ਅਤੇ ਹੋਰ ਦਫ਼ਤਰੀ ਕੰਮਾਂ ਕਥਿਤ ਬੇਲੋੜੀ ਦਖ਼ਲਅੰਦਾਜ਼ੀ ਕਰਨ ਅਤੇ ਕਿਤਾਬਾਂ ਸਪਲਾਈ ਦੀ ਬਕਾਇਆ ਰਾਸ਼ੀ 3 ਅਰਬ ਤੋਂ ਵੱਧ ਦੀ ਅਦਾਇਗੀ ਨਾ ਕਰਨ ਵਿਰੁੱਧ ਸ਼ੁੱਕਰਵਾਰ ਨੂੰ ਇੱਥੋਂ ਦੇ ਫੇਜ਼-8 ਸਥਿਤ ਟਰੈਫ਼ਿਕ ਲਾਈਟ ਚੌਕ ਵਿੱਚ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਸੂਬਾ ਤੇ ਹੁਕਮਰਾਨਾਂ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਲਜਿੰਦਰ ਸਿੰਘ, ਜਨਰਲ ਸਕੱਤਰ ਸੁਨੀਲ ਕੁਮਾਰ ਅਤੇ ਮੀਤ ਪ੍ਰਧਾਨ ਪ੍ਰਭਦੀਪ ਸਿੰਘ ਬੋਪਾਰਾਏ ਨੇ ਦੋਸ਼ ਲਾਇਆ ਕਿ ਨਵੇਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਪੁਰਾਣੇ ਸਿੱਖਿਆ ਮੰਤਰੀ ਦੀਆਂ ਲੀਹਾਂ ’ਤੇ ਤੁਰ ਪਏ ਹਨ। ਉਨ੍ਹਾਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸ੍ਰੀ ਸਿੰਗਲਾ ਨੇ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਥਿਤ ਜਬਾਨੀ ਆਦੇਸ਼ ਦਿੱਤੇ ਹਨ ਕਿ ਸਿੱਖਿਆ ਬੋਰਡ ਦੀਆਂ ਸਾਰੀਆਂ ਫਾਈਲਾਂ ਸਿੱਖਿਆ ਸਕੱਤਰ ਰਾਹੀਂ ਉਨ੍ਹਾਂ ਨੂੰ ਭੇਜੀਆਂ ਜਾਣ। ਇੱਥੋਂ ਤੱਕ ਬੋਰਡ ਦੇ ਅਧਿਕਾਰੀ ਲੋੜ ਅਨੁਸਾਰ ਇਕ ਦਿਹਾੜੀਦਾਰ ਕਲਰਕ ਵੀ ਨਹੀਂ ਰੱਖਣਗੇ। ਉਨ੍ਹਾਂ ਕਿਹਾ ਕਿ ਐਕਟ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਖ਼ਦਮੁਖਤਿਆਰ ਅਦਾਰਾ ਹੈ। ਇਸ ਲਈ ਬੋਰਡ ਨੂੰ ਕਿਸੇ ਵੀ ਕੰਮ ਲਈ ਸਰਕਾਰ ਦੇ ਅੱਗੇ ਝੁਕਣ ਦੀ ਲੋੜ ਨਹੀਂ ਹੈ। ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਹੋਰ ਭੱਤੇ ਵੀ ਬੋਰਡ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾਂਦੇ ਹਨ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਅਤੇ ਹੁਣ ਮੌਜੂਦਾ ਕੈਪਟਨ ਸਰਕਾਰ ਨੇ ਸਿੱਖਿਆ ਬੋਰਡ ਵੱਲੋਂ ਗਰੀਬ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਮੁਫ਼ਤ ਕਿਤਾਬਾਂ ਦੀ ਸਪਲਾਈ ਬਦਲੇ 3 ਅਰਬ ਰੁਪਏ ਦੀ ਬਕਾਇਆ ਰਾਸ਼ੀ ਹੁਣ ਤੱਕ ਨਹੀਂ ਦਿੱਤੀ ਹੈ। ਜਿਸ ਕਾਰਨ ਸਕੂਲ ਬੋਰਡ ਦੀ ਆਰਥਿਕਤਾ ਡਾਵਾਂਡੋਲ ਹੁੰਦੀ ਜਾ ਰਹੀ ਹੈ। ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਚਾਰ ਮੈਂਬਰੀ ਕਮੇਟੀ ਬਣਾ ਕੇ ਬੋਰਡ ਮੁਲਾਜ਼ਮਾਂ ਨੂੰ ਸਿਵਲ ਸਕੱਤਰ ਦੀ ਤਰਜ਼ ’ਤੇ ਮਿਲ ਰਹੇ ਭੱਤਿਆਂ ਨੂੰ ਹੜੱਪਣ ਦੀ ਤਾਕ ਵਿੱਚ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਡੀਏ ਦੀਆਂ ਬਾਕੀ ਰਹਿੰਦੀਆਂ ਕਿਸ਼ਤਾਂ ਅਤੇ ਤਨਖ਼ਾਹ ਕਮਿਸ਼ਨ ਦਾ ਲਾਭ ਤੁਰੰਤ ਦਿੱਤਾ ਜਾਵੇ ਅਤੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਕੱਚੇ ਅਤੇ ਠੇਕਾ ਪ੍ਰਣਾਲੀ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿੱਤ ਮੰਤਰੀ ਨੂੰ ਸਰਕਾਰੀ ਖਜ਼ਾਨਾ ਖਾਲੀ ਦਿੱਸਣ ਦੇ ਬਾਵਜੂਦ ਵਿਧਾਇਕਾਂ ਨੂੰ ਪੈਨਸ਼ਨਾਂ ਦੇ ਗੱਢੇ ਦਿੱਤੇ ਜਾ ਰਹੇ ਹਨ ਅਤੇ ਸਿੱਖਿਆ ਮੰਤਰੀ ਖ਼ੁਦ ਚਾਰ ਪੈਨਸ਼ਨਾਂ ਲੈ ਰਹੇ ਹਨ ਪ੍ਰੰਤੂ ਮੁਲਾਜ਼ਮਾਂ ਲਈ ਖਜ਼ਾਨਾ ਖਾਲੀ ਦੱਸਿਆ ਜਾ ਰਿਹਾ ਹੈ। ਜੋ ਕਿ ਲੋਕਤੰਤਰ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬੇਲੋੜੀ ਦਖ਼ਲਅੰਦਾਜ਼ੀ ਬੰਦ ਨਹੀਂ ਕੀਤੀ ਅਤੇ ਮੁਲਾਜ਼ਮਾਂ ਦਾ ਹੱਕ ਮਾਰਨ ਤੋਂ ਬਾਜ਼ ਨਹੀਂ ਆਏ ਤਾਂ ਮੁਲਾਜ਼ਮ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…