Nabaz-e-punjab.com

ਸਿੱਖਿਆ ਬੋਰਡ ਦੇ ਚੇਅਰਮੈਨ ਵਿਦੇਸ਼ ਰਵਾਨਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦਿੱਤਾ ਚੇਅਰਮੈਨ ਦਾ ਵਾਧੂ ਚਾਰਜ

ਪੰਜਾਬ ਬੋਰਡ ਦੇ ਐਕਟ ਮੁਤਾਬਕ ਚੇਅਰਮੈਨ ਦੀ ਗੈਰਹਾਜ਼ਰੀ ਵਿੱਚ ਵਾਈਸ ਚੇਅਰਮੈਨ ਨੂੰ ਕੰਮ ਦੇਖਣ ਦਾ ਹੱਕ ਹਾਸਲ

ਵਾਈਸ ਚੇਅਰਮੈਨ ਨੂੰ ਚੇਅਰਮੈਨ ਦਾ ਵਾਧੂ ਚਾਰਜ ਦੇ ਹੁਕਮਾਂ ਦੀ ਫਾਈਲ ਮੰਤਰੀ ਨੇ 10 ਦਿਨ ਦੱਬੀ ਰੱਖੀ ਆਪਣੇ ਕੋਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਘੁੰਮਣ ਫਿਰਨ ਲਈ ਕਈ ਦਿਨਾਂ ਲਈ ਵਿਦੇਸ਼ ਚਲੇ ਗਏ ਹਨ। ਪੰਜਾਬ ਸਰਕਾਰ ਨੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੂੰ ਅੱਖੋ ਅੋਹਲੇ ਕਰ ਕੇ ਸਕੂਲ ਬੋਰਡ ਦਾ ਦਫ਼ਤਰੀ ਕੰਮ ਚਲਾਉਣ ਲਈ ਸਿੱਖਿਆ ਵਿਭਾਗ ਦੇ ਸਕੱਤਰ ਤੇ ਸੀਨੀਅਰ ਆਈਏਐਸ ਕ੍ਰਿਸ਼ਨ ਕੁਮਾਰ ਨੂੰ ਚੇਅਰਮੈਨ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸਰਕਾਰ ਦੇ ਇਨ੍ਹਾਂ ਤਾਜ਼ਾ ਹੁਕਮਾਂ ਦੀ ਚਿੱਠੀ ਬੁੱਧਵਾਰ ਨੂੰ ਸਵੇਰੇ 10 ਕੁ ਵਜੇ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਪੁੱਜੀ। ਸਰਕਾਰੀ ਪੱਤਰ ਦੇਖ ਕੇ ਬੋਰਡ ਮੈਨੇਜਮੈਂਟ ਅਤੇ ਮੁਲਾਜ਼ਮ ਅੱਕੇ ਬੱਕੇ ਰਹਿ ਗਏ।
ਇਸ ਬਾਰੇ ਦੱਸਿਆ ਗਿਆ ਹੈ ਕਿ ਪੰਜਾਬ ਬੋਰਡ ਦੇ ਐਕਟ ਦੀ ਧਾਰਾ 14 (4) ਮੁਤਾਬਕ ਚੇਅਰਮੈਨ ਦੀ ਗੈਰਹਾਜ਼ਰੀ ਵਿੱਚ ਵਾਈਸ ਚੇਅਰਮੈਨ ਨੂੰ ਆਰਜ਼ੀ ਤੌਰ ’ਤੇ ਬਤੌਰ ਚੇਅਰਮੈਨ ਦਾ ਕੰਮ ਦੇਖਣ ਦਾ ਅਧਿਕਾਰ ਹਾਸਲ ਹੈ, ਪ੍ਰੰਤੂ ਸੂਬਾ ਸਰਕਾਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੋਰਡ ਚੇਅਰਮੈਨ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ। ਬੀਤੀ 20 ਮਈ ਨੂੰ ਜਾਰੀ ਹੋਏ ਇਸ ਸਰਕਾਰੀ ਪੱਤਰ ’ਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਦਸਖ਼ਤ ਹਨ। ਜਿਸ ਨੂੰ ਸੁਪਰਡੈਂਟ ਪਰਦੀਪ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਪੱਤਰ ਦਾ ਉਤਾਰਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਅਤੇ ਮੁੱਖ ਸਕੱਤਰ ਦੇ ਓਐਸਡੀ (ਲੀਗਲ) ਸਮੇਤ ਹੋਰ ਵੱਖ ਵੱਖ ਅਦਾਰਿਆਂ ਨੂੰ ਅਗਾਊਂ ਸੂਚਨਾ ਹਿੱਤ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਸਕੂਲ ਬੋਰਡ ਦੇ ਚੇਅਰਮੈਨ ਸ੍ਰੀ ਕਲੋਹੀਆ ਅਮਰੀਕਾ ਵਿੱਚ ਰਹਿੰਦੇ ਆਪਣੇ ਬੇਟੇ ਕੋਲ ਕੁਝ ਦਿਨ ਘੁੰਮਣ ਫਿਰਨ ਲਈ ਗਏ ਹਨ। ਉਨ੍ਹਾਂ ਦੀ 20 ਮਈ ਨੂੰ ਛੁੱਟੀ ਸ਼ੁਰੂ ਹੋ ਗਈ ਹੈ। ਸ੍ਰੀ ਕਲੋਹੀਆ 11 ਜੂਨ ਨੂੰ ਵਾਪਸ ਆਉਣਗੇ ਅਤੇ 12 ਜੂਨ ਨੂੰ ਦੁਬਾਰਾ ਆਪਣਾ ਅਹੁਦਾ ਸੰਭਾਲਣਗੇ।
ਉਧਰ, ਬੋਰਡ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਨਿਯਮਾਂ ਅਨੁਸਾਰ ਪਹਿਲਾਂ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੂੰ ਦਫ਼ਤਰੀ ਕੰਮ ਚਲਾਉਣ ਲਈ ਕਾਰਜਕਾਰੀ ਚੇਅਰਮੈਨ ਦਾ ਵਾਧੂ ਚਾਰਜ ਸੌਂਪਣ ਦੀ ਗੱਲ ਤੁਰੀ ਸੀ ਪ੍ਰੰਤੂ ਸਿੱਖਿਆ ਮੰਤਰੀ ਨੇ ਇਹ ਫਾਈਲ ਕਰੀਬ 10 ਦਿਨ ਆਪਣੇ ਕੋਲ ਹੀ ਦੱਬੀ ਰੱਖੀ ਅਤੇ ਅੱਜ ਸਵੇਰੇ ਬੋਰਡ ਦਫ਼ਤਰ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਚੇਅਰਮੈਨ ਦਾ ਵਾਧੂ ਚਾਰਜ ਦੇਣ ਦਾ ਸਰਕਾਰੀ ਪੱਤਰ ਪਹੁੰਚ ਗਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…