
ਸਿੱਖਿਆ ਬੋਰਡ ਵੱਲੋਂ ਅਕਾਦਮਿਕ ਮਿਆਰ ਸੁਧਾਰ ਲਈ ਉੱਚ-ਗੁਣਵੱਤਾ ਦੇ ਪ੍ਰਸ਼ਨ-ਪੱਤਰਾਂ ’ਤੇ ਵਰਕਸ਼ਾਪ
ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਵਿੱਚ ਪੜ੍ਹਾਈ ਦੇ ਮਿਆਰ ਨੂੰ ਵਧਾਉਣ ਲਈ 5 ਦਿਨਾਂ ਦੀ ਵਰਕਸ਼ਾਪ ਕਰਵਾਈ। ਜਿਸ ਵਿੱਚ ਪ੍ਰਸ਼ਨ-ਪੱਤਰਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ’ਤੇ ਧਿਆਨ ਦਿੱਤਾ ਗਿਆ। ਇਸ ਵਰਕਸ਼ਾਪ ਵਿੱਚ ਦੱਸਿਆ ਗਿਆ ਕਿ ਹੁਨਰ-ਆਧਾਰਿਤ ਸਿੱਖਿਆ ਨਾਲ ਪੰਜਾਬ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ ਗੁਣਵੱਤਾ ਵਧਾਈ ਜਾ ਸਕਦੀ ਹੈ। ਇਸ ਵਰਕਸ਼ਾਪ ਵਿੱਚ 104 ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਅਜ਼ੀਮ ਪ੍ਰੇਮਜੀ ਫਾਉਂਡੇਸ਼ਨ ਅਤੇ ਹੋਰ ਮੁੱਖ ਐਜੂਕੇਸ਼ਨਲ ਸੰਸਥਾਵਾਂ ਦੇ ਵਿਦਿਅਕ ਮਾਹਰਾਂ ਨੇ ਵੀ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ, ਜੋ P1R1K8 (N35R“) ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਮਾਹਰਾਂ ਨੇ ਪੜ੍ਹਾਈ ਦੇ ਮਿਆਰ ਨੂੰ ਸੁਧਾਰਨ ਲਈ ਮੁਲਾਂਕਣ, ਪਾਠਕ੍ਰਮ, ਪ੍ਰਬੰਧਨ ਅਤੇ ਸਿੱਖਿਆ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਸਿਰਫ਼ ਰੱਟਾ ਮਾਰਨ ਦੀ ਬਜਾਏ ਵਿਦਿਆਰਥੀਆਂ ਦੀ ਸੋਚਣ ਦੀ ਸਮਰੱਥਾ, ਸਮੱਸਿਆ ਹੱਲ ਕਰਨ ਦੇ ਹੁਨਰ ਅਤੇ ਜੀਵਨ ਵਿੱਚ ਗਿਆਨ ਦੀ ਵਰਤੋਂ ਨੂੰ ਪਰਖਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ N35R“ ਦੀਆਂ ਰਾਜ ਬੋਰਡਾਂ ਨਾਲ ਕੀਤੀਆਂ ਵਰਕਸ਼ਾਪਾਂ ਦੀ ਲੜੀ ਵਿੱਚ, ਇਸ ਵਰਕਸ਼ਾਪ ਦਾ ਮੁੱਖ ਮਕਸਦ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਸੁਧਾਰਾਂ ਅਤੇ ਸੰਤੁਲਿਤ ਪ੍ਰਸ਼ਨ-ਪੱਤਰਾਂ ਬਣਾਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਣਾ ਸੀ। ਉਨ੍ਹਾਂ ਕਿਹਾ ਕਿ ਉੱਚ-ਗੁਣਵੱਤਾ ਦੇ ਪ੍ਰਸ਼ਨ-ਪੱਤਰ ਸਮਝਦਾਰੀ ਅਤੇ ਸਿੱਖਣ ਲਈ ਜ਼ਰੂਰੀ ਹਨ। ਡਾ. ਅਮਰਪਾਲ ਸਿੰਘ ਨੇ ਇਹ ਵੀ ਜ਼ੋਰ ਦਿੱਤਾ ਕਿ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸਮਝ ਅਤੇ ਅਸਲ ਜ਼ਿੰਦਗੀ ਦੇ ਹੁਨਰਾਂ ਨੂੰ ਪਰਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕਾਂ ਦੀ ਟਰੇਨਿੰਗ, ਪਾਠਕ੍ਰਮ ਸੁਧਾਰ ਅਤੇ ਬਿਹਤਰ ਮੁਲਾਂਕਣ ਵਿਧੀਆਂ ਰਾਹੀਂ ਅਕਾਦਮਿਕ ਮਿਆਰ ਉੱਚਾ ਚੁੱਕਣ ਲਈ ਬੋਰਡ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਪਰਖ, ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੇ ਵਿੱਦਿਅਕ ਮਾਹਰਾਂ ਨੇ ਵੀ ਸਿੱਖਿਆ ਦੀਆਂ ਆਧੁਨਿਕ ਤਕਨੀਕਾਂ ’ਤੇ ਮਹੱਤਵਪੂਰਨ ਸੁਝਾਅ ਦਿੱਤੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਨਤੀਜੇ ਸੁਧਾਰਨ ਲਈ ਸਮੇਂ ਦੇ ਹਾਣੀ ਪਾਠਕ੍ਰਮ ਅਤੇ ਮਜ਼ਬੂਤ ਸਿੱਖਿਆ ਪ੍ਰਣਾਲੀ ਦੀ ਲੋੜ ’ਤੇ ਜ਼ੋਰ ਦਿੱਤਾ। ਸਿੱਖਿਆ ਬੋਰਡ ਦੇ ਸਕੱਤਰ ਪਰਲੀਨ ਕੌਰ ਬਰਾੜ, ਡਿਪਟੀ ਸਕੱਤਰ (ਐਕਾਦਮਿਕ) ਤੇ ਵਿਸ਼ਾ ਮਾਹਰਾਂ ਨੇ ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।