nabaz-e-punjab.com

ਸਿੱਖਿਆ ਬੋਰਡ ਵੱਲੋਂ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਫੀਸ ਲਈ ਆਨ-ਲਾਈਨ ਪੋਰਟਲ ਚਾਲੂ, ਸ਼ਡਿਊਲ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਸੈਸ਼ਨ 2024-25 ਲਈ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਆਨ-ਲਾਈਨ ਪੋਰਟਲ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪੰਜਾਬ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕਰਦਿਆਂ ਕਿਹਾ ਗਿਆ ਹੈ ਕਿ ਅੱਜ 18 ਜੁਲਾਈ ਤੋਂ 18 ਸਤੰਬਰ 2024 ਤੱਕ ਬਿਨਾਂ ਲੇਟ ਫੀਸ, 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਅਤੇ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਜਮ੍ਹਾ ਕਰਵਾਈ ਜਾ ਸਕਦੀ ਹੈ।
ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨੌਵੀਂ ਅਤੇ ਗਿਆਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪਹਿਲਾਂ ਹੀ ਬੀਤੀ 26 ਜੂਨ ਤੋਂ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਨਿਰਧਾਰਿਤ ਸ਼ਡਿਊਲ ਅਨੁਸਾਰ ਆਫ਼-ਲਾਈਨ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 16 ਅਗਸਤ ਅਤੇ ਆਨ-ਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 21 ਅਗਸਤ ਨਿਸ਼ਚਿਤ ਕੀਤੀ ਗਈ ਹੈ। ਇੰਜ ਹੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਵੀ ਬੀਤੀ 4 ਜੁਲਾਈ ਤੋਂ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਨਿਰਧਾਰਿਤ ਸ਼ਡਿਊਲ ਅਨੁਸਾਰ ਆਫ਼-ਲਾਈਨ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 23 ਅਗਸਤ ਅਤੇ ਆਨ-ਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 28 ਅਗਸਤ ਨਿਸ਼ਚਿਤ ਕੀਤੀ ਗਈ ਹੈ।
ਇਸ ਸਬੰਧੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਬੋਰਡ ਵੱਲੋਂ ਨਿਰਧਾਰਿਤ/ਜਾਰੀ ਸ਼ਡਿਊਲ (ਸਮਾਂ ਸਾਰਣੀ) ਵਿੱਚ ਬਣਦੀ ਫੀਸ ਨਾਲ ਇਹ ਕੰਮ ਮੁਕੰਮਲ ਕਰਵਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਨਿਰਧਾਰਿਤ ਸ਼ਡਿਊਲ ਤੋਂ ਬਾਅਦ ਹੋਰ ਵਾਧਾ ਨਹੀਂ ਕੀਤਾ ਜਾਵੇਗਾ ਅਤੇ ਬਿਨਾਂ ਲੇਟ ਫੀਸ ਸਮਾਂ ਲੰਘਣ ਉਪਰੰਤ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਜੁਰਮਾਨਾ ਮੁਆਫ਼ੀ ਲਈ ਪ੍ਰਤੀ-ਬੇਨਤੀ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਵੀ ਹਾਲਾਤ/ਕਾਰਨ ਦੇ ਜੁਰਮਾਨਾ ਮੁਆਫ਼ੀ ਲਈ ਸਵੀਕਾਰਨ ਯੋਗ ਨਹੀਂ ਹੋਵੇਗੀ।
ਉਪਰੋਕਤ ਦੇ ਮੱਦੇਨਜ਼ਰ ਸਕੂਲ ਮੁਖੀਆਂ ਨੂੰ ਅਗਾਊਂ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2024-25 ਲਈ ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦਾ ਕੰਮ ਮੁਕੰਮਲ ਕਰਨ ਲਈ ਉਚਿੱਤ ਸਮਾਂ ਦਿੱਤਾ ਜਾ ਰਿਹਾ ਹੈ। ਜੇਕਰ ਕਿਸੇ ਸੰਸਥਾ/ਸਕੂਲ ਨੂੰ ਅਜਿਹੀ ਅਣਗਹਿਲੀ ਲਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਨਿਰਧਾਰਿਤ ਸ਼ਡਿਊਲ ਤੋਂ ਬਾਅਦ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਐਫੀਲੀਏਟਿਡ/ਐਸੋਸੀਏਟਿਡ ਸਕੂਲਾਂ ਵਿਰੁੱਧ ਐਫ਼ੀਲੀਏਸ਼ਨ ਵਿਨਿਯਮਾਂ ਅਧੀਨ ਵਿਧੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਰਕਾਰੀ/ਏਡਿਡ ਸਕੂਲਾਂ ਦੇ ਕੇਸ ਵਿੱਚ ਸਕੂਲ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਵਿਰੁੱਧ ਵਿਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਡੀਪੀਆਈ (ਐਲੀਮੈਂਟਰੀ/ਸੈਕੰਡਰੀ) ਨੂੰ ਲਿਖਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹ…