nabaz-e-punjab.com

ਸਿੱਖਿਆ ਬੋਰਡ: ਵਿਰੋਧੀ ਧਿਰ ਵੱਲੋਂ ਕਾਬਜ਼ ਧੜੇ ’ਤੇ ਮੁਲਾਜ਼ਮ ਜਥੇਬੰਦੀ ਦੀ ਚੋਣ ਕਰਵਾਉਣ ਤੋਂ ਭੱਜਣ ਦਾ ਦੋਸ਼

ਜਥੇਬੰਦੀ ਦੇ ਸੰਵਿਧਾਨ ਮੁਤਾਬਕ ਕਿਸੇ ਖਾਸ ਮਸਲੇ ’ਤੇ ਲੇਟ ਕੀਤੀਆਂ ਜਾ ਸਕਦੀਆਂ ਹਨ ਚੋਣਾਂ: ਕਾਬਜ਼ ਧਿਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਸਾਲਾਨਾ ਚੋਣਾ ਦੀ ਮਿਆਦ ਸਤੰਬਰ ਵਿੱਚ ਪੁੱਗ ਚੁੱਕੀ ਹੈ ਲੇਕਿਨ ਕਾਬਜ਼ ਧੜਾ ਮੁਲਾਜ਼ਮ ਜਥੇਬੰਦੀ ਦੀ ਚੋਣ ਕਰਵਾਉਣ ਤੋਂ ਭੱਜ ਰਿਹਾ ਹੈ। ਇਸ ਸਬੰਧੀ ਵਿਰੋਧੀ ਧਿਰ ਦੇ ਪ੍ਰਮੁੱਖ ਆਗੂ ਸਾਬਕਾ ਪ੍ਰਧਾਨ ਸੁਖਚੈਨ ਸਿੰਘ ਸੈਣੀ ਤੇ ਸਾਬਕਾ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਅਤੇ ਹੋਰਨਾਂ ਮੁਲਾਜ਼ਮਾਂ ਨੇ ਕਿਹਾ ਕਿ ਮੌਜੂਦਾ ਆਗੂ ਜਥੇਬੰਦੀ ’ਤੇ ਗਲਤ ਤਰੀਕੇ ਨਾਲ ਜ਼ਿਆਦਾ ਸਮਾਂ ਕਾਬਜ਼ ਰਹਿਣ ਦੀ ਨੀਅਤ ਕਾਰਨ ਚੋਣ ਨਹੀਂ ਕਰਵਾ ਰਹੇ ਹਨ।
ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਜਥੇਬੰਦੀ ਦੀ ਚੋਣ ਕਰਵਾਉਣ ਸਬੰਧੀ ਬੀਤੀ 19 ਸਤੰਬਰ ਜਥੇਬੰਦੀ ਨੂੰ ਪੱਤਰ ਸੌਂਪ ਕੇ ਸਮੇਂ ਸਿਰ ਚੋਣ ਕਰਵਾਉਣ ਦੀ ਗੁਹਾਰ ਲਗਵਾਈ ਗਈ ਅਤੇ ਕੁਝ ਆਗੂਆਂ ਨੇ ਸਮੇਂ ਸਿਰ ਚੋਣ ਕਰਵਾਉਣ ਦੀ ਸਹਿਮਤੀ ਦਿੱਤੀ ਗਈ ਸੀ ਕਿ ਅਕਤੂਬਰ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਪਰ ਅੱਧਾ ਮਹੀਨਾ ਬੀਤ ਚੁੱਕਾ ਹੈ ਪ੍ਰੰਤੂ ਹਾਲੇ ਤੱਕ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਅਤੇ ਨਾ ਹੀ ਜਥੇਬੰਦੀ ਭੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 11 ਅਕਤੂਬਰ ਨੂੰ ਕਾਬਜ਼ ਧਿਰ ਨੂੰ ਮੁੜ ਯਾਦ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਜਥੇਬੰਦੀ ਵੱਲੋਂ ਚੋਣਾਂ ਕਰਵਾਉਣ ਸਬੰਧੀ ਕੋਈ ਜ਼ੁਬਾਨੀ ਜਾਂ ਲਿਖਤੀ ਜਾਣਕਾਰੀ ਨਹੀਂ ਦਿੱਤੀ। ਇਹੀ ਨਹੀਂ ਜਥੇਬੰਦੀ ਨੂੰ ਮੀਟਿੰਗ ਬੁਲਾਉਣ ਲਈ ਵੀ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਪ੍ਰੰਤੂ ਮੌਜੂਦਾ ਆਗੂ ਮੀਟਿੰਗ ਵੀ ਨਹੀਂ ਸੱਦ ਰਹੇ ਹਨ।
ਵਿਰੋਧੀ ਧਿਰ ਨੇ ਦੱਸਿਆ ਕਿ ਸਕੂਲ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਜਥੇਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣੀਆਂ ਹੁੰਦੀਆਂ ਹਨ। ਜੇਕਰ ਸਮੇਂ ਦੇ ਹਾਲਾਤ ਸੁਖਾਵੇਂ ਨਾ ਹੋਣ ਭਾਵ ਮੁਲਾਜ਼ਮ ਮੰਗਾਂ ਲਈ ਧਰਨੇ/ਮੁਜ਼ਾਹਰੇ ਜਾਂ ਸੰਘਰਸ਼ ਚੱਲ ਰਿਹਾ ਹੋਵੇ ਤਾਂ ਸਿਰਫ਼ ਉਨ੍ਹਾਂ ਵਿਸ਼ੇਸ਼ ਹਾਲਤਾਂ ਵਿੱਚ ਹੀ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੀ ਆਪਸੀ ਸਹਿਮਤੀ ਨਾਲ ਲਿਖਤੀ ਮਤਾ ਪਾਸ ਕਰਨ ਉਪਰੰਤ ਹੀ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦਫ਼ਤਰ ਵਿੱਚ ਅਜਿਹਾ ਕੋਈ ਧਰਨਾ/ਮੁਜ਼ਾਹਰਾ ਜਾਂ ਸੰਘਰਸ਼ ਆਦਿ ਨਹੀਂ ਚੱਲ ਰਿਹਾ ਹੈ ਪਰ ਫਿਰ ਵੀ ਕਾਬਜ਼ ਧਿਰ ਵੱਲੋਂ ਜਥੇਬੰਦੀ ਭੰਗ ਕਰਕੇ ਚੋਣਾਂ ਦੀ ਤਰੀਕ ਨਹੀਂ ਐਲਾਨੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ
2018 ਵਿੱਚ 14 ਸਤੰਬਰ ਨੂੰ ਚੋਣ ਹੋਈ ਸੀ। ਸਾਲ ਦੀ ਮਿਆਦ ਪੁੱਗ ਜਾਣ ਅਤੇ ਚੋਣਾਂ ਲੇਟ ਹੋਣ ਕਾਰਨ ਮੁਲਜ਼ਮਾਂ ਵਿੱਚ ਰੋਸ ਹੈ।
ਬੋਰਡ ਦੇ ਮੁਲਾਜ਼ਮਾਂ ਪਰਮਜੀਤ ਸਿੰਘ ਬੈਨੀਪਾਲ, ਹਰਮਨਦੀਪ ਸਿੰਘ ਬੋਪਾਰਾਏ, ਗੁਰਚਰਨ ਸਿੰਘ ਤਰਮਾਲਾ, ਲਖਵਿੰਦਰ ਸਿੰਘ ਘੜੂੰਆਂ, ਸਤਨਾਮ ਸਿੰਘ ਸੱਤਾ, ਕੁਲਵਿੰਦਰ ਸਿੰਘ ਸ਼ੇਰਗਿੱਲ, ਜਸਪ੍ਰੀਤ ਸਿੰਘ ਗਿੱਲ, ਜਸਵਿੰਦਰ ਸਿੰਘ ਕਲੌੜ, ਅਮਨਦੀਪ ਸਿੰਘ ਬੈਂਸ, ਅਵਿਨਾਸ਼ ਸੰਧੂ, ਗੁਰਪ੍ਰੀਤ ਸਿੰਘ ਚਾਓਮਾਜਰਾ, ਗੁਰਦੀਪ ਸਿੰਘ ਪਨੇਸਰ, ਕੁਲਦੀਪ ਸਿੰਘ ਮੰਡੇਰ, ਸੰਦੀਪ ਸਿੰਘ, ਅਸ਼ਵਨੀ ਕੁਮਾਰ, ਕੁਸ਼ੱਲਿਆ ਦੇਵੀ, ਕਰਮਜੀਤ ਕੌਰ, ਸਵਰਨ ਸਿੰਘ ਬਲਵਿੰਦਰ ਸਿੰਘ ਚਨਾਰਥਲ, ਕੰਵਲਜੀਤ ਕੌਰ ਗਿੱਲ, ਬਲਵੰਤ ਸਿੰਘ, ਅਜੈਬ ਸਿੰਘ, ਜਸਵੀਰ ਸਿੰਘ ਮਲੋਆ ਨੇ ਵੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ।
(ਬਾਕਸ ਆਈਟਮ)
ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਨੀਲ ਅਰੋੜਾ ਨੇ ਕਾਬਜ਼ ਧਿਰ ਦਾ ਪੱਖ ਰੱਖਦਿਆਂ ਕਿਹਾ ਕਿ ਮੁਲਾਜ਼ਮ ਜਥੇਬੰਦੀ ਦੀ ਸਾਲਾਨਾ ਚੋਣ ਸਤੰਬਰ ਮਹੀਨੇ ਵਿੱਚ ਹੋਣੀਆਂ ਸਨ ਪਰ ਰੀ-ਸਟਰਕਚਿੰਗ ਕਮੇਟੀ ਦੀ ਕਾਰਵਾਈ ਚੱਲਣ ਕਾਰਨ ਚੋਣਾਂ ਲੇਟ ਹੋ ਗਈਆ ਹਨ। ਕਿਉਂਕਿ ਪਹਿਲਾਂ ਵੀ 748 ਅਸਾਮੀਆਂ ਘਟਣ ਨਾਲ ਬੋਰਡ ਦਾ ਘਾਣ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਰੋਕਣ ਲਈ ਜਥੇਬੰਦੀ ਨੇ ਪ੍ਰਧਾਨ ਤੇ ਜਰਨਲ ਸਕੱਤਰ ਨੂੰ ਕਮੇਟੀ ਵਿੱਚ ਮੈਂਬਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਮਨਾਈ ਜਾਣੀ ਹੈ। ਜਥੇਬੰਦੀ ਦੇ ਸੰਵਿਧਾਨ ਮੁਤਾਬਕ ਕਿਸੇ ਖਾਸ ਮਸਲੇ ’ਤੇ ਮੁਲਾਜ਼ਮ ਚੋਣਾਂ ਲੇਟ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਮਸਲੇ ਕਾਰਨ ਪਿਛਲੇ ਸਾਲ ਵੀ ਕਰੀਬ ਪੌਣੇ 2 ਸਾਲ ਬਾਅਦ ਚੋਣ ਕਰਵਾਈ ਗਈ ਸੀ। ਇਹ ਦੋਵੇਂ ਅਹਿਮ ਕੰਮ ਪੂਰੇ ਹੋਣ ਉਪਰੰਤ ਤੁਰੰਤ ਚੋਣ ਕਰਵਾਈ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…