Nabaz-e-punjab.com

ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈੱਸਟ ਦੂਜੀ ਵਾਰ ਮੁਲਤਵੀ

ਬੋਰਡ ਮੈਨੇਜਮੈਂਟ ਨੇ ਡਾਇਰੈਕਟਰ (ਕੰਪਿਊਟਰ) ਦੇ ਕੰਮ ਕਰਨ ’ਤੇ ਰੋਕ ਲਗਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ 5 ਜਨਵਰੀ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈੱਸਟ ਅੱਜ ਅਚਾਨਕ ਦੂਜੀ ਵਾਰ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ ਅਤੇ ਇਸ ਸਬੰਧੀ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਹ ਟੈਸਟ ਬੀਤੀ 22 ਦਸੰਬਰ ਨੂੰ ਲਿਆ ਜਾਣਾ ਸੀ। ਹਾਲਾਂਕਿ ਇਸ ਸਬੰਧੀ ਬੋਰਡ ਮੈਨੇਜਮੈਂਟ ਨੇ ਆਪਣਾ ਪੱਖ ਰੱਖਦਿਆਂ ਇਹ ਦਲੀਲ ਦਿੱਤੀ ਸੀ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਅਤੇ ਪ੍ਰਸ਼ਾਸਕੀ ਪ੍ਰਬੰਧਾਂ ਕਾਰਨ ਪ੍ਰੀਖਿਆ ਮੁਲਤਵੀ ਕੀਤਾ ਗਿਆ ਹੈ ਪ੍ਰੰਤੂ ਸੂਤਰਾਂ ਦਾ ਕਹਿਣਾ ਸੀ ਕਿ ਅਧਿਆਪਕ ਯੋਗਤਾ ਟੈੱਸਟ ਸਬੰਧੀ ਵੱਡੇ ਪੱਧਰ ’ਤੇ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਮੀਦਵਾਰਾਂ ਦੇ ਆਪਣੇ ਜੱਦੀ ਜ਼ਿਲ੍ਹੇ ਤੋਂ ਸੈਂਕੜੇ ਮੀਲ ਦੂਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬੋਰਡ ਵੱਲੋਂ ਚਾਰ ਸਾਲ ਬਾਅਦ ਅਧਿਆਪਕ ਯੋਗਤਾ ਟੈੱਸਟ ਲਿਆ ਜਾ ਰਿਹਾ ਹੈ।
ਉਧਰ, ਅੱਜ ਦੇਰ ਸ਼ਾਮ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਵੱਲੋਂ ਜਾਰੀ ਲਿਖਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਅਧਿਆਪਕ ਯੋਗਤਾ ਟੈੱਸਟ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 5 ਜਨਵਰੀ ਨੂੰ ਲਈ ਜਾਣ ਵਾਲੀ ਇਹ ਪ੍ਰੀਖਿਆ ਫਿਰ ਤੋਂ ਮੁਲਤਵੀ ਕੀਤੀ ਗਈ ਹੈ। ਇਸ ਸਬੰਧੀ ਉਮੀਦਵਾਰਾਂ ਨੂੰ ਪਹਿਲਾਂ ਜਾਰੀ ਹੋਏ ਰੋਲ ਨੰਬਰਾਂ ਨੂੰ ਮੁੜ ਚੈੱਕ ਕੀਤਾ ਗਿਆ ਅਤੇ ਚੈਕਿੰਗ ਉਪਰੰਤ ਇਹ ਪਾਇਆ ਗਿਆ ਕਿ ਕੁਝ ਰੋਲ ਨੰਬਰ ਬਿਨੈ ਪੱਤਰਾਂ ਦੀ ਲੜੀ ਅਨੁਸਾਰ ਅਲਾਟ ਹੋ ਜਾਣ ਕਾਰਨ ਇਹ ਰੋਲ ਨੰਬਰ ਸਹੀ ਢੰਗ ਨਾਲ ਤਰਤੀਬਵਾਰ ਨਹੀਂ ਹੋ ਸਕੇ ਹਨ।
ਜਿਸ ਦਾ ਗੰਭੀਰ ਨੋਟਿਸ ਲੈਂਦੇ ਬੋਰਡ ਮੈਨੇਜਮੈਂਟ ਨੇ ਡਾਇਰੈਕਟਰ (ਕੰਪਿਊਟਰ) ਦੇ ਕੰਮ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪੜਤਾਲ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਮੀਦਵਾਰਾਂ ਦੇ ਕ੍ਰਮਵਾਰ ਇਕੱਠੇ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਨਵੇਂ ਸਿਰਿਓਂ ਤੋਂ ਤਰਤੀਬਵਾਰ ਕਰਨ ਉਪਰੰਤ ਹੀ ਨਵੇਂ ਰੋਲ ਨੰਬਰ ਜਾਰੀ ਕੀਤੇ ਜਾਣੇ ਹਨ। ਇਸ ਲਈ 5 ਜਨਵਰੀ ਨੂੰ ਲਈ ਜਾਣ ਵਾਲੀ ਅਧਿਆਪਕ ਯੋਗਤਾ ਟੈਸਟ ਪ੍ਰੀਖਿਆ ਮੁਲਤਵੀ ਕੀਤੀ ਜਾਂਦੀ ਹੈ ਅਤੇ ਹੁਣ ਇਹ ਪ੍ਰੀਖਿਆ 19 ਜਨਵਰੀ (ਐਤਵਾਰ) ਨੂੰ ਲਈ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਇਹ ਰੋਲ ਨੰਬਰ ਅਧਿਆਪਕ ਯੋਗਤਾ ਟੈਸਟ ਦੀ ਵੈਬਸਾਈਟ ’ਤੇ ਲਾਗਇਨ ਕਰਕੇ ਡਾਊਨਲੋਡ ਕੀਤੇ ਜਾ ਸਕਣਗੇ। ਪ੍ਰੀਖਿਆਰਥੀਆਂ ਨੂੰ ਇਸ ਸਬੰਧੀ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿੱਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਅਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਸਬੰਧਤ ਸਾਰੀ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਵੀ ਉਪਲਬਧ ਕਰਵਾਈ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…