
ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ,10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਗਲੇ ਸਾਲ ਫਰਵਰੀ ਅਤੇ ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਸ਼ੁੱਕਰਵਾਰ ਸ਼ਾਮ ਨੂੰ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ 16 ਫਰਵਰੀ 2023 ਤੋਂ 24 ਫਰਵਰੀ ਤੱਕ, ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ 20 ਫਰਵਰੀ ਤੋਂ 6 ਮਾਰਚ ਤੱਕ, ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 21 ਮਾਰਚ ਤੋਂ 18 ਅਪਰੈਲ ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ 20 ਫਰਵਰੀ ਤੋਂ 13 ਅਪਰੈਲ ਤੱਕ ਕਰਵਾਈਆਂ ਜਾਣਗੀਆਂ।
ਸ੍ਰੀ ਮਹਿਰੋਕ ਨੇ ਦੱਸਿਆ ਕਿ ਲਿਖਤੀ ਪ੍ਰੀਖਿਆਵਾਂ ਉਪਰੰਤ ਉਪਰੋਕਤ ਸਾਰੀਆਂ ਸ਼੍ਰੇਣੀਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਐੱਨਐੱਸਕਿਊਐੱਫ਼ ਵਿਸ਼ਿਆਂ ਦੀਆਂ, ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਪ੍ਰਯੋਗੀ ਵਿਸ਼ਿਆਂ ਅਤੇ ਦਸਵੀਂ ਸ਼੍ਰੇਣੀ ਦੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 23 ਜਨਵਰੀ 2023 ਤੋਂ 1 ਫਰਵਰੀ ਤੱਕ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ। ਅਧਿਕਾਰੀ ਨੇ ਦੱਸਿਆ ਕਿ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਸਬੰਧੀ ਡੇਟ-ਸ਼ੀਟ ਅਤੇ ਸੰਪੂਰਨ ਜਾਣਕਾਰੀ ਬਾਅਦ ਵਿੱਚ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ’ਤੇ ਉਪਲਬਧ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫ਼ਤਰੀ ਕੰਮ-ਕਾਜ ਵਾਲੇ ਦਿਨਾਂ ਵਿੱਚ ਟੈਲੀਫ਼ੋਨ ਨੰਬਰ 0172-5227333, 5227334 ਅਤੇ ਈ-ਮੇਲ ਆਈਡੀ conductpseb0gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।