Nabaz-e-punjab.com

ਸਿੱਖਿਆ ਬੋਰਡ ਵੱਲੋਂ ਆਦਰਸ਼ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਦਾ ਤਹੱਈਆ

ਆਦਰਸ਼ ਸਕੂਲਾਂ ਨੂੰ ਪੰਜਾਬ ਦੇ ਮਾਡਲ ਸਕੂਲਾਂ ਵਜੋਂ ਵਿਕਸਤ ਕੀਤਾ ਜਾਵੇਗਾ: ਕਲੋਹੀਆ

ਵਿਦਿਆਰਥੀਆਂ ਤੋਂ ਰਿਵਾਇਤੀ ਟੈਸਟਾਂ ਦੀ ਥਾਂ ਥੋੜੇ-ਚਿਰਾਂ ਬਾਅਦ ਟੈਸਟ (ਸਨੈਪ ਟੈਸਟ) ਲਏ ਜਾਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਇੱਥੇ ਬੋਰਡ ਦੇ 11 ਆਦਰਸ਼ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰ ਕੇ ਸਕੂਲਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦੂਰ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲਾਂ ਨੂੰ ਪੰਜਾਬ ਦੇ ਮਾਡਲ ਸਕੂਲਾਂ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ, ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ, ਨਿਗਰਾਨ ਇੰਜੀਨੀਅਰ ਗੁਰਿੰਦਰਪਾਲ ਸਿੰਘ ਬਾਠ ਤੇ ਆਦਰਸ਼ ਸਕੂਲ ਸੈੱਲ ਦੇ ਮੁਖੀ ਅਮਰਜੀਤ ਕੌਰ ਦਾਲਮ ਵੀ ਸ਼ਾਮਲ ਸਨ।
ਇਸ ਮੌਕੇ ਸ੍ਰੀ ਕਲੋਹੀਆ ਨੇ ਕਿਹਾ ਕਿ ਸਕੂਲ ਪ੍ਰਿੰਸੀਪਲਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਕੂਲ ਦੇ ਅਕਾਦਮਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹੰਭਲਾ ਮਾਰਨ। ਉਨ੍ਹਾਂ ਪ੍ਰਿੰਸੀਪਲਾਂ ਨੂੰ ਸਲਾਹ ਦਿੱਤੀ ਕਿ ਅਧਿਆਪਕਾਂ ਨੂੰ ਇਸ ਪਾਸੇ ਉਤਸ਼ਾਹਿਤ ਕਰਨ ਦਾ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਚੇਅਰਮੈਨ ਨੇ ਹੋਕਾ ਦਿੱਤਾ ਕਿ ਦੇਸ਼ ਦੇ ਸਰਵੋਤਮ ਅਧਿਆਪਕ ਤਕਨੀਕਾਂ ਲਾਗੂ ਕਰਕੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਪੰਜਾਬ ਦੇ ਮਾਡਲ ਸਕੂਲਾਂ ਵਜੋਂ ਵਿਕਸਤ ਕੀਤਾ ਜਾਵੇ। ਬੋਰਡ ਮੁਖੀ ਨੇ ਪ੍ਰਿੰਸੀਪਲਾਂ ਤੋਂ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਫੌਰੀ ਤੌਰ ’ਤੇ ਦੂਰ ਕਰਨ ਦਾ ਖ਼ਾਕਾ ਤਿਆਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਵਿਦਿਆਰਥੀਆਂ ਤੋਂ ਰਿਵਾਇਤੀ ਟੈਸਟਾਂ ਦੀ ਥਾਂ ਥੋੜੇ-ਚਿਰਾਂ ਬਾਅਦ ਟੈਸਟ (ਸਨੈਪ ਟੈਸਟ) ਅਚਾਨਕ ਲਏ ਜਾਣ ਅਤੇ ਉਨ੍ਹਾਂ ਵਿੱਚ ਸਿੱਖਿਆ ਪ੍ਰਤੀ ਦਿਲਚਸਪੀ ਪੈਦਾ ਕੀਤੀ ਜਾਵੇ। ਉਨ੍ਹਾਂ ਭਾਸ਼ਾਵਾਂ ਤੇ ਸਮਾਜਿਕ ਵਿਗਿਆਨ ਵਿਸ਼ਿਆਂ ਵਿੱਚ ਵੀ ਪ੍ਰੈਕਟੀਕਲ ਲਾਗੂ ਕਰਨ ਦਾ ਅਧਾਰ ਤਿਆਰ ਕਰਨ ਦੀ ਸਲਾਹ ਦਿੱਤੀ।
ਇਸ ਤੋਂ ਪਹਿਲਾਂ ਸ੍ਰੀ ਕਲੋਹੀਆ ਨੇ ਸਕੂਲ ਬੋਰਡ ਮੁਲਾਜ਼ਮਾਂ ਲਈ ਕਰਵਾਈ ਜਾਣ ਵਾਲੀ ਦੋ ਰੋਜ਼ਾ ਸਿਖਲਾਈ ਕਾਰਜਸ਼ਾਲਾ ਨੂੰ ਪ੍ਰਵਾਨਗੀ ਦਿੱਤੀ। ਜਿਸ ਦੇ ਤਹਿਤ ਪਹਿਲੀ ਫਰਵਰੀ ਨੂੰ ਸੀਨੀਅਰ ਸਹਾਇਕਾਂ ਤੇ ਸਟੈਨੋਗ੍ਰਾਫ਼ਰਾਂ ਅਤੇ ਦੋ ਫਰਵਰੀ ਨੂੰ ਜ਼ਿਲ੍ਹਾ ਮੈਨੇਜਰਾਂ ਅਤੇ ਕਲਰਕਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਇਸ ਕਾਰਜਸ਼ਾਲਾ ਵਿੱਚ ਦਫ਼ਤਰੀ ਸਿਖਲਾਈ, ਈ-ਗਵਰਨੈਂਸ, ਨੋਟਿੰਗ-ਡਰਾਫਟਿੰਗ, ਸਟ੍ਰੈਸ ਮੈਨੇਜਮੈਂਟ ਤੇ ਸੰਚਾਰ ਗਤੀਵਿਧੀਆਂ ਸਬੰਧੀ ਖੇਤਰਾਂ ਵਿੱਚ ਟਰੇਨਿੰਗ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…