ਸਿੱਖਿਆ ਬੋਰਡ ਦੀ ਮਹਿਲਾ ਮੁਲਾਜਮ ਵਲੋੱ ਬੋਰਡ ਦੇ ਸੀਨੀਅਰ ਆਗੂਆਂ ਤੇ ਮਾਨਸਿਕ ਪ੍ਰੇਸ਼ਾਨ ਕਰਨ ਦਾ ਦੋਸ਼
ਐਸ.ਐਸ.ਪੀ ਨੂੰ ਸ਼ਿਕਾਇਤ ਦਿਤੀ, ਬੋਰਡ ਦੇ ਆਗੂ ਨੇ ਕਿਹਾ ਦੋਸ਼ ਬੇਬੁਨਿਆਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਬਤੌਰ ਕਲਰਕ-ਹੈਲਪਰ ਕੰਮ ਕਰਦੀ ਸ੍ਰੀਮਤੀ ਅੰਮ੍ਰਿਤ ਕੌਰ ਨੇ ਅੱਜ ਐਸਐਸਪੀ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਸ ਨੂੰ ਬੋਰਡ ਦੇ ਦਫਤਰ ਵਿਚ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਾਲੇ ਕੁਝ ਮੁਲਾਜਮ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸ੍ਰੀਮਤੀ ਅੰਮ੍ਰਿਤ ਕੌਰ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ 7 ਅਪਰੈਲ ਨੂੰ ਸਿੱਖਿਆ ਬੋਰਡ ਦੀ ਜਥੇਬੰਦੀ ਦੇ ਕੁਝ ਆਗੂਆਂ ਖਿਲਾਫ ਮੁਹਾਲੀ ਪੁਲੀਸ ਨੂੰ ਦਰਖਾਸਤ ਦਿਤੀ ਸੀ, ਜਿਸ ਉਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਰਕੇ ਉਸ ਨੇ ਅੱਜ ਫਿਰ ਇਹਨਾਂ ਮੁਲਾਜਮ ਆਗੂਆਂ ਖਿਲਾਫ ਐਸਐਸਪੀ ਮੁਹਾਲੀ ਨੂੰ ਦਰਖਾਸਤ ਦਿਤੀ ਹੈ।
ਉਹਨਾਂ ਕਿਹਾ ਕਿ ਇਹ ਮੁਲਾਜਮ ਆਗੂ ਉਸ ਨੂੰ ਦਫ਼ਤਰ ਵਿੱਚ ਜਾਣ ਬੁੱਝ ਕੇ ਕੰਮ ਪੱਖੋੱ ਪ੍ਰੇਸ਼ਾਨ ਕਰਦੇ ਹਨ। ਕੋਈ ਨਾ ਕੋਈ ਇਲਜਾਮ ਲਗਾ ਕੇ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਸ ਸਬੰਧੀ ਉਹ ਸੀਨੀਅਰ ਅਫਸਰਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਬੋਰਡ ਦੇ ਪੱਕੇ ਮੁਲਾਜਮ ਹੋਣ ਕਰਕੇ ਇਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਮੈਨੂੰ ਨੌਕਰੀ ਤੋੱ ਕੱਢਣ ਦੀ ਧਮਕੀ ਵੀ ਦਿੰਦੇ ਹਨ। ਇਹਨਾਂ ਵੱਲੋੱ ਉਸਦੀ ਅਪ੍ਰੈਲ ਮਹੀਨੇ ਦੀ ਤਨਖਾਹ ਵੀ ਨਹੀੱ ਦਿਤੀ ਗਈ ਅਤੇ ਨਾ ਹੀ ਦਫਤਰ ਵਿਚ ਉਸਦੀ ਹਾਜਰੀ ਲਗਾਈ ਜਾਂਦੀ ਹੈ। ਦਫਤਰ ਵਿਚ ਉਸ ਤੇ ਦਬਾਓ ਪਾਇਆ ਜਾਂਦਾ ਹੈ ਕਿ ਉਹ ਸ਼ਿਕਾਇਤ ਵਾਪਸ ਲੈ ਲਵੇ। ਉਸਨੇ ਕਿਹਾ ਕਿ ਉਸਦੇ ਪਤੀ ਬਿਮਾਰ ਰਹਿੰਦੇ ਹਨ ਅਤੇ ਘਰ ਦਾ ਖਰਚਾ ਉਸਦੀ ਤਨਖਾਹ ਨਾਲ ਹੀ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਐਸ਼ ਐਸ਼ ਪੀ ਮੁਹਾਲੀ ਨੇ ਉਹਨਾਂ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਲਈ ਉਸਦੀ ਦਰਖਾਸਤ ਡੀਐਸਪੀ ਸਿਟੀ-2 ਨੂੰ ਮਾਰਕ ਕਰ ਦਿੱਤੀ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਕਿਹਾ ਕਿ ਉਕਤ ਮਹਿਲਾ ਵੱਲੋਂ ਲਗਾਏ ਜਾ ਰਹੇ ਇਲਜਾਮ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਬੋਰਡ ਅਧਿਕਾਰੀਆਂ ਵੱਲੋਂ ਇਸ ਮਹਿਲਾ ਦੀ ਕੰਮ ਵਾਲੀ ਸੀਟ ਬਦਲ ਦਿੱਤੀ ਗਈ ਸੀ। ਜਿੱਥੇ ਹੁਣ ਉਹ ਉਸ ਸੀਟ ’ਤੇ ਕੰਮ ਕਰਨ ਤੋਂ ਇਨਕਾਰੀ ਹੈ ਅਤੇ ਇਸ ਲਈ ਯੂਨੀਅਨ ਨੂੰ ਬਦਨਾਮ ਕਰ ਰਹੀ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਯੂਨੀਅਨ ਕੋਲ ਕਿਸੇ ਮੁਲਾਜ਼ਮ ਦੀ ਬਦਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਬੋਰਡ ਦੇ ਵੂਮੈਨ ਸੈਲ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਇਹ ਜਾਂਚ ਦੌਰਾਨ ਹਾਜ਼ਿਰ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇਸ ਮਹਿਲਾ ਵੱਲੋਂ ਪਹਿਲਾਂ ਥਾਣੇ ਵਿੱਚ ਕੀਤੀ ਸ਼ਿਕਾਇਤ ਦੀ ਜਾਂਚ ਵੇਲੇ ਵੀ ਇਹ ਹਾਜ਼ਿਰ ਨਹੀਂ ਹੋਈ ਸੀ ਅਤੇ ਉਸ ਵੱਲੋਂ ਯੂਨੀਅਨ ਆਗੂਆਂ ’ਤੇ ਦਬਾਅ ਪਾਉਣ ਲਈ ਇਹ ਸਾਰਾ ਕੁੱਝ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…