ਸਿੱਖਿਆ ਵਿਭਾਗ ਦੇ ਯਤਨ ਰੰਗ ਲਿਆਉਣ ਲੱਗੇ: ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਰ ਵਧਣ ਲੱਗੀ

ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਆਈਲੈਟਸ ਦੀ ਤਿਆਰੀ ਲਈ ਵਿਸ਼ੇਸ਼ ਕਲਾਸਾਂ ਦੀ ਵਿਵਸਥਾ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਦਾਖ਼ਲਾ ਦਰ ਵਿੱਚ ਭਾਰੀ ਵਾਧਾ ਹੋਣ ਦੀ ਆਸ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕਿਸ਼ਨ ਕੁਮਾਰ ਵੱਲੋਂ ਸੂਬੇ ਦੇ ਸਕੂਲ ਮੁਖੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਨਾਲ ਅਧਿਆਪਕਾਂ ਦਾ ਜੋਸ਼ ਵਧਿਆ ਹੈ ਅਤੇ ਅਧਿਆਪਕਾਂ ਵੱਲੋਂ ਟੀਮਾਂ ਬਣਾ ਕੇ ਸਰਕਾਰੀ ਸਕੂਲਾਂ ’ਚ ਦਾਖ਼ਲਾ ਦਰ ਵਧਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਨ ਦਾ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਚਾਲੂ ਸੈਸ਼ਨ 2019-2020 ਦੌਰਾਨ ਹੁਣ ਤੱਕ 1,48,836 ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋ ਚੁੱਕੇ ਹਨ। ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਪਹਿਲੀ ਜਮਾਤ ਵਿੱਚ ਦਾਖ਼ਲਾ ਦਰ ’ਚ 13 ਫੀਸਦੀ ਵਾਧਾ ਹੋਇਆ ਹੈ। ਵਿਦਿਆਰਥੀਆਂ ਦੀ ਗਿਣਤੀ ਹੋਰ ਵਧਣ ਕੇ ਆਸਾਰ ਹਨ ਕਿਉਂਕਿ ਦਾਖ਼ਲਾ ਪ੍ਰਕਿਰਿਆ ਅਜੇ ਚੱਲ ਰਹੀ ਹੈ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਸਾਲ 2017-2018 ਦੌਰਾਨ 1,42,997 ਵਿਦਿਆਰਥੀ ਦਰਜ ਕੀਤੇ ਗਏ ਹਨ ਅਤੇ ਬੀਤੇ ਸੈਸ਼ਨ 2018-19 ਦੌਰਾਨ 2,12,726 ਪ੍ਰੀ-ਪ੍ਰਾਇਮਰੀ ਜਮਾਤਾਂ ’ਚ ਸਿੱਖਿਆ ਹਾਸਲ ਕਰ ਚੁੱਕੇ ਹਨ। ਇਸ ਤਰ੍ਹਾਂ ਸਰਕਾਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਜਮਾਤਾਂ ’ਚ ਪੜ੍ਹ ਰਹੇ ਵਿਦਿਆਰਥੀ ਇੱਕ ਵਰ੍ਹੇ ਬਾਅਦ ਪਹਿਲੀ ਜਮਾਤ ’ਚ ਦਾਖ਼ਲ ਹੋਣਗੇ, ਜਿਸ ਨਾਲ ਦਾਖ਼ਲਾ ਦਰ ’ਚ ਭਾਰੀ ਵਾਧਾ ਹੋਵੇਗਾ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਵਿੱਚ ਵਿਦਿਆਰਥੀਆਂ ਦੀ ਦਾਖਲਾ ਦਰ ਘਟਣ ਦੀ ਸਮੱਸਿਆ ਪਿਛਲੇ ਲਗਭਗ ਇੱਕ ਦਹਾਕੇ ਤੋਂ ਦਰਪੇਸ਼ ਸੀ। ਇਸਦੇ ਕਈ ਕਾਰਨ ਗਿਣਾਏ ਜਾ ਸਕਦੇ ਹਨ, ਜਿਵੇਂ ਸਰਵ ਸਿੱਖਿਆ ਅਭਿਆਨ ਨਾਲ ਸਬੰਧਤ ਅਧਿਆਪਕਾਂ ਦੀਆਂ ਵਿਭਿੰਨ ਡਿਊਟੀਆਂ, ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ-2009 ਤਹਿਤ ਵਿਦਿਆਰਥੀ ਦੀ ਉਮਰ ਅਨੁਸਾਰ ਜਮਾਤ ਵਿੱਚ ਦਾਖ਼ਲ ਕਰਨਾ ਅਤੇ 8ਵੀਂ ਤੱਕ ਵਿਦਿਆਰਥੀ ਨੂੰ ਫੇਲ੍ਹ ਨਾ ਕਰਨਾ। ਅਜਿਹੇ ਫੈਸਲਿਆਂ ਨਾਲ ਸਰਕਾਰੀ ਸਕੂਲਾਂ ਦੀ ਸਥਿਤੀ ਹੌਲੀ-ਹੌਲੀ ਨਿੱਜੀ ਸਕੂਲਾਂ ਦੇ ਮੁਕਾਬਲੇ ਹਲਕਾ ਕਰ ਦਿੱਤਾ ਸੀ, ਜਿਸ ਕਾਰਨ ਵਿਦਿਆਰਥੀ ਤੇ ਮਾਪੇ ਸਰਕਾਰੀ ਸਕੂਲਾਂ ਤੋਂ ਨਿੱਜੀ/ਪ੍ਰਾਈਵੇਟ ਸਕੂਲਾਂ ਵੱਲ ਨੂੰ ਰੁੱਖ ਕਰਨ ਲੱਗ ਪਏ ਸਨ।
ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਾਖ਼ਲਾ ਦਰ ਵਧਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਸਕੂਲ ਮੁਖੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਦਾਖ਼ਲਾ ਦਰ ਵਧਾਉਣ ਲਈ ਵਿਸ਼ੇਸ਼ ਯਤਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਆਪਣੇ ਖੇਤਰਾਂ ’ਚ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਬੈਨਰਾਂ, ਪੈਫ਼ਲੈਟ ਅਤੇ ਸਾਂਝੇ ਧਾਰਮਿਕ ਤੇ ਹੋਰਨਾਂ ਸਥਾਨਾਂ ’ਤੇ ਪ੍ਰਚਾਰ ਕਰਨ ਤੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਪ੍ਰੇਰਿਆ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਅਹਿਸਾਸ ਕਰਾਇਆ ਹੈ ਕਿ ਲੋਕਾਂ ਨੂੰ ਜਾਗਰੂਕ ਕਰਕੇ ਜਿੱਥੇ ਉਹ ਆਪਣੇ ਸਕੂਲਾਂ ’ਚ ਦਾਖਲਾ ਦਰ ਵਧਾ ਸਕਦੇ ਹਨ, ਉੱਥੇ ਹੀ ਉਹ ਹਰ ਬੱਚੇ ਨੂੰ ਸਿੱਖਿਆ ਪ੍ਰਦਾਨ ਕਰਾਉਣ ਦੇ ਰਾਸ਼ਟਰ ਹਿੱਤ ਦੇ ਕਾਰਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ।
ਵਰਣਨਯੋਗ ਹੈ ਕਿ ਜਿੱਥੇ ਪ੍ਰਾਈਵੇਟ ਸਕੂਲਾਂ ਵਿੱਚ ਭਾਰੀ ਫੀਸਾਂ ਤੇ ਵਰਦੀਆਂ, ਟਰਾਂਸਪੋਰਟ ਤੇ ਕਿਤਾਬਾਂ ਆਦਿ ਦੀ ਭਾਰੀ ਰਾਸ਼ੀ ਵਸੂਲ ਕੀਤੀ ਜਾਂਦੀ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਕਾਬਲ ਤੇ ਪੜ੍ਹੇ-ਲਿਖੇ ਅਤੇ ਤਜਰਬੇਕਾਰ ਅਧਿਆਪਕ, ਮੁਫ਼ਤ ਕਿਤਾਬਾਂ, ਮੁਫ਼ਤ ਭਾਵ ਬਿਨਾਂ ਕਿਸੇ ਫੀਸ ਤੋਂ ਪੜ੍ਹਾਈ ਅਤੇ ਦੁਪਹਿਰ ਦਾ ਖਾਣਾ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੁਫ਼ਤ ਵਿੱਦਿਅਕ ਟੂਰ, ਮੈਗਜ਼ੀਨ ਤਿਆਰ ਕਰਨੇ, ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ ਆਦਿ ਵੀ ਸਰਕਾਰੀ ਸਕੂਲਾਂ ਦੇ ਸਲਾਨਾ ਪ੍ਰੋਗਰਾਮ ਵਿੱਚ ਸ਼ਾਮਲ ਹਨ।
ਸਰਕਾਰੀ ਕੋ-ਐਜੂਕੇਸ਼ਨ ਮਲਟੀਪਰਪਜ਼ ਸੀਨਅਰ ਸੈਕੰਡਰੀ ਸਕੂਲ, ਪਾਸੀ ਰੋਡ ਪਟਿਆਲਾ ਦੇ ਪ੍ਰਿੰਸੀਪਲ ਤੋਤਾ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕਰਦਿਆਂ ਉਨ੍ਹਾਂ ਦੇ ਸਕੂਲ ਵਿੱਚ ਦਾਖ਼ਲਾ ਦਰ ਕਾਫ਼ੀ ਵਧ ਗਈ ਹੈ। ਪਿਛਲੇ ਸਾਲ ਦੇ 1911 ਵਿਦਿਆਰਥੀਆਂ ਦੇ ਮੁਕਾਬਲੇ ਚਾਲੂ ਸਾਲ ਦੌਰਾਨ 2847 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ ਅਤੇ ਇਹ ਗਿਣਤੀ ਹੋਰ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਆਈਲੈਟਸ ਦੀ ਤਿਆਰੀ ਕਰਾਉਣ ਲਈ ਵਿਸ਼ੇਸ਼ ਕਲਾਸਾਂ ਜੋ ਕਿ ਦੁਪਹਿਰ 2 ਤੋਂ 5 ਵਜੇ ਤੱਕ ਚਲਦੀਆਂ ਹਨ, ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਈ-ਲਾਇਬ੍ਰੇਰੀ, ਡਿਜੀਟਲ ਕਲਾਸ ਰੂਮ ਅਤੇ ਬੱਚਿਆਂ ਦੇ ਸਕੂਲ ਆਉਣ/ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ ਅਤੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸਮਾਜ ਸੇਵੀ ਸੱਜਣਾਂ ਦੀ ਮਦਦ ਨਾਲ ਵਿਦਿਆਰਥੀਆਂ ਲਈ ਬੱਸਾਂ ਹੋਰ ਵਧਾਉਣ ਦਾ ਟੀਚਾ ਮਿਥਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਢੱਡਾ ਫਤਿਹ ਸਿੰਘ, ਹੁਸ਼ਿਆਰਪੁਰ ਦੇ ਪ੍ਰਿੰਸੀਪਲ ਸ਼ਲਿੰਦਰ ਸਿੰਘ ਦਾ ਕਹਿਣਾ ਹੈ ਕਿ ਡੋਰ ਟੂ ਡੋਰ ਸੰਪਰਕ ਕਰਨ, ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਸ਼ੇਸ਼ ਯਤਨ ਅਤੇ ਨੇੜਲੇ ਧਾਰਮਿਕ ਤੇ ਸਾਂਝੇ ਸਥਾਨਾਂ ’ਤੇ ਜਾ ਕੇ ਕੀਤੇ ਪ੍ਰਚਾਰ, ਬੈਨਰਾਂ ਤੇ ਲੋਕਾਂ ਨਾਲ ਕੀਤੇ ਰਾਬਤੇ ਕਾਰਨ ਉਨ੍ਹਾਂ ਦੇ ਸਕੂਲ ਵਿੱਚ ਪਿਛਲੇ ਸਾਲ 577 ਵਿਦਿਆਰਥੀ ਆਂ ਦੇ ਮੁਕਾਬਲੇ ਚਾਲੂ ਸੈਸ਼ਨ ਦੌਰਾਨ 907 ਵਿਦਿਆਰਥੀ ਦਾਖ਼ਲ ਹੋ ਚੁੱਕੇ ਹਨ ਅਤੇ ਅਜੇ ਦਾਖ਼ਲੇ ਚੱਲ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਕੂਲ ਵਿੱਚ ਆਉਣ ਦਾ ਸੱਦਾ ਦੇ ਕੇ ਸਕੂਲ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਤੇ ਬੁਨਿਆਦੀ ਢਾਂਚਾ ਵਿਖਾ ਕੇ ਵੀ ਪ੍ਰੇਰਿਤ ਕੀਤਾ, ਜੋ ਦਾਖ਼ਲਾ ਦਰ ਵਧਾਉਣ ’ਚ ਕਾਰਨ ਬਣੀ।
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਰਾਜਪੁਰਾ ਟਾਊਨ, ਪਟਿਆਲਾ ਦੀ ਪ੍ਰਿੰਸੀਪਲ ਜਸਬੀਰ ਕੌਰ ਦਾ ਕਹਿਣਾ ਹੈ ਕਿ ਦਾਖਲਾ ਦਰ ਵਧਾਉਣ ਲਈ ਉਨ੍ਹਾਂ ਨੇ ਸਟਾਫ਼ ਨੂੰ ਨਾਲ ਲੈ ਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੁੱਟੀ ਵੇਲੇ ਉਤਸ਼ਾਹਿਤ ਕੀਤਾ, ਲੋਕਾਂ ਨਾਲ ਘਰਾਂ ਤੱਕ ਪਹੁੰਚ ਕੀਤੀ, ਪੈਫਲੈਟ ਤੇ ਬੈਨਰ ਲਗਾਏ ਜਿਸ ਦੇ ਫਲਸਰੂਪ ਉਨ੍ਹਾਂ ਦੇ ਸਕੂਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 200 ਵਿਦਿਆਰਥੀ ਵਧੇ ਹਨ ਅਤੇ ਇਹ ਗਿਣਤੀ ਹੋਰ ਵੀ ਵਧੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨਾ ਸਾਡਾ ਅਗਲਾ ਯਤਨ ਹੋਵੇਗਾ, ਕਿਉਂਕਿ ਮਾਪੇ ਉਨ੍ਹਾਂ ਸਕੂਲਾਂ ਵਿੱਚ ਆਪਣੇ ਬੱਚੇ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ, ਜਿੱਥੇ ਆਟੋ ਜਾਂ ਵੈਨਾਂ ਦਾ ਪ੍ਰਬੰਧ ਹੁੰਦਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…