nabaz-e-punjab.com

ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-1 ਅਤੇ ਟੈੱਸਟ-2 ਲਈ ਤਿਆਰੀਆਂ ਮੁਕੰਮਲ

25 ਫਰਵਰੀ ਨੂੰ 475 ਪ੍ਰੀਖਿਆ ਕੇਂਦਰਾਂ ਵਿੱਚ ਅਧਿਆਪਕ ਯੋਗਤਾ ਟੈੱਸਟ ਲਈ 1 ਲੱਖ 91 ਹਜ਼ਾਰ 273 ਉਮੀਦਵਾਰ ਹੋਣਗੇ ਅਪੀਅਰ

ਨੋਡਲ ਕੇਂਦਰਾਂ ’ਤੇ ਲੋੜੀਂਦੀ ਸਮੱਗਰੀ ਪਹੁੰਚਾਈ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਨੋਡਲ ਅਫ਼ਸਰਾਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ 25 ਫਰਵਰੀ ਨੂੰ ਲਏ ਜਾਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-1 ਅਤੇ ਟੈੱਸਟ-2 ਲਈ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਪ੍ਰੀਖਿਆ ਵਿੱਚ 1 ਲੱਖ 91 ਹਜ਼ਾਰ 273 ਉਮੀਦਵਾਰ ਅਪੀਅਰ ਹੋਣਗੇ। ਇਸ ਸਬੰਧੀ ਵੱਖ ਵੱਖ ਥਾਵਾਂ ’ਤੇ 475 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਸੁਰੱਖਿਆ ਪ੍ਰਬੰਧਾਂ ਅਤੇ ਟਰੈਫ਼ਿਕ ਵਿਵਸਥਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅਧਿਆਪਕ ਯੋਗਤਾ ਟੈੱਸਟ-1 ਲਈ 142 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚ 55 ਹਜ਼ਾਰ 212 ਪ੍ਰੀਖਿਆਰਥੀ ਅਪੀਅਰ ਹੋਣਗੇ ਅਤੇ ਅਧਿਆਪਕ ਯੋਗਤਾ ਟੈੱਸਟ-2 ਲਈ 333 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚ 1 ਲੱਖ 36 ਹਜ਼ਾਰ 61 ਪ੍ਰੀਖਿਆਰਥੀ ਅਪੀਅਰ ਹੋਣਗੇ। ਉਨ੍ਹਾਂ ਕਿਹਾ ਕਿ ਟੈੱਸਟ-2 ਦਾ ਪ੍ਰੀਖਿਆ ਦਾ ਸਮਾਂ ਸਵੇਰ 9:30 ਤੋਂ ਦੁਪਹਿਰ 12 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਹੈ ਜਦੋਂ ਕਿ ਟੈੱਸਟ-1 ਦਾ ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਤੋਂ ਸ਼ਾਮ ਸਾਢੇ 4 ਵਜੇ ਤੱਕ ਦਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਅਧਿਆਪਕ ਯੋਗਤਾ ਟੈੱਸਟ ਲਈ ਵਿਭਾਗ ਵੱਲੋਂ ਸੂਬੇ ਦੇ 22 ਜ਼ਿਲ੍ਹਿਆਂ ਵਿੱਚ 28 ਨੋਡਲ ਕੇਂਦਰ ਸਥਾਪਿਤ ਕੀਤੇ ਗਏ ਹਨ। ਪ੍ਰੀਖਿਆ ਕੇਂਦਰਾਂ ਲਈ ਮੁੱਖ ਦਫ਼ਤਰ ਵੱਲੋਂ ਅਧਿਕਾਰੀਆਂ, ਕੇਂਦਰ ਕੰਟਰੋਲਰਾਂ, ਕੇਂਦਰ ਸੁਪਰਡੈਂਟਾਂ, ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਨੋਡਲ ਕੇਂਦਰਾਂ ’ਤੇ ਲੋੜੀਂਦੀ ਸਮੱਗਰੀ ਪਹੁੰਚਾ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਸਿੱਖਿਆ ਸਕੱਤਰ ਨੇ ਸਮੂਹ ਨੋਡਲ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਅਧਿਆਪਕ ਯੋਗਤਾ ਟੈੱਸਟ ਨੂੰ ਨੇਕ ਨੀਤੀ ਅਤੇ ਸ਼ੁੱਧ ਭਾਵਨਾ ਨਾਲ ਕਰਵਾਉਣ ਲਈ ਸੁਹਿਰਦ ਯਤਨ ਕੀਤੇ ਜਾਣ ਅਤੇ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…