
ਸਿੱਖਿਆ ਵਿਭਾਗ ਪੰਜਾਬ ਨੇ ਪੀਐੱਸਟੀਐੱਸਈ ਦਾ ਨਤੀਜਾ ਐਲਾਨਿਆ
ਪ੍ਰੀਖਿਆ ਪਾਸ ਕਰਨ ਵਾਲੇ 500 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮਿਲੇਗਾ ਮਹੀਨਾਵਾਰ ਵਜ਼ੀਫ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਲਈ ਗਈ ਪ੍ਰੀਖਿਆ ਪੀਐੱਸਟੀਐੱਸਈ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਸਮੂਹ ਸਫ਼ਲ ਵਿਦਿਆਰਥੀਆਂ, ਮਾਪਿਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਬੀਤੀ 3 ਜਨਵਰੀ ਨੂੰ ਤਹਿਸੀਲ ਪੱਧਰ ’ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮੂਹ ਜ਼ਿਲ੍ਹਿਆਂ ਵਿੱਚ ‘ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ-2020’ ’ਤੇ ਕਰਵਾਈ ਗਈ ਸੀ। ਅੱਜ ਇਸ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ 500 ਯੋਗ ਵਿਦਿਆਰਥੀ ਵਿਭਾਗ ਵੱਲੋਂ ਵਜ਼ੀਫ਼ਾ ਪ੍ਰਾਪਤ ਕਰਨ ਦੇ ਹੱਕਦਾਰ ਹੋ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਸਫਲ ਹੋਏ ਵਿਦਿਆਰਥੀਆਂ ਦੀ ਕੈਟਾਗਰੀ ਵਾਈਜ਼ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਨੂੰ ਸਿੱਖਿਆ ਵਿਭਾਗ ਦੀ ਵੈਬਸਾਈਟ www.ssapunjab.org ’ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰੀਖਿਆ ਵਿੱਚ ਅਪੀਅਰ ਹੋਏ ਸਾਰੇ ਵਿਦਿਆਰਥੀਆਂ ਦਾ ਨਤੀਜਾ ਵੀ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਨਰਲ ਕੈਟਾਗਰੀ ਨਾਲ ਸਬੰਧਤ 318, ਅਨੁਸੂਚਿਤ ਜਾਤੀ ਨਾਲ ਸਬੰਧਤ 125, ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ 50 ਅਤੇ ਅਪੰਗਤਾ ਸ਼੍ਰੇਣੀ ਨਾਲ ਸਬੰਧਤ 7 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਹਨ। ਇਹਨਾਂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ 200 ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਰਾਸ਼ੀ ਉਨ੍ਹਾਂ ਨੂੰ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਵਿੱਚ ਸਹਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 3 ਜਨਵਰੀ 2021 ਨੂੰ ਲਈ ਗਈ 180 ਅੰਕਾਂ ਦੀ ਇਸ ਪ੍ਰੀਖਿਆ ਵਿੱਚ ਮਾਨਸਿਕ ਯੋਗਤਾ ਟੈਸਟ (ਮੈਟ) ਦੇ 90 ਅੰਕ ਅਤੇ ਸਕੋਲਾਸਟਿਕ ਐਪਟੀਚਿਊਡ ਟੈੱਸਟ (ਸੈੱਟ) ਦੇ 90 ਅੰਕ ਰੱਖੇ ਗਏ ਸਨ। ਇਸ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਸਮਾਜਿਕ ਸਿੱਖਿਆ, ਗਣਿਤ ਅਤੇ ਮਾਨਸਿਕ ਯੋਗਤਾ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨ ਪੁੱਛੇ ਗਏ ਸਨ।