Nabaz-e-punjab.com

ਸਿੱਖਿਆ ਵਿਭਾਗ ਵੱਲੋਂ ਸੈਮੀਨਾਰ ਵਿੱਚ ਨਵੀਂ ਸਕੂਲ ਸਿੱਖਿਆ ਨੀਤੀ ਦੇ ਖਰੜੇ ’ਤੇ ਚਰਚਾ ਕੀਤੀ

ਸਿੱਖਿਆ ਮਾਹਰਾਂ, ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੇ ਰੱਖੇ ਆਪੋ ਆਪਣੇ ਸੁਝਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਿੱਚ ਪੰਜਾਬ ਸਟੇਟ ਸਕੂਲ ਸਿੱਖਿਆ ਨੀਤੀ ਦਾ ਖਰੜਾ (ਨਵੀਂ ਸਿੱਖਿਆ ਨੀਤੀ) ਸਬੰਧੀ ਸੈਮੀਨਾਰ ਕਰਵਾਇਆ ਗਿਆ। ਡੀਜੀਐਸਈ ਮੁਹੰਮਦ ਤਈਅਬ ਨੇ ਸਿੱਖਿਆ ਨੀਤੀ ਦੀ ਨਿਰਮਾਣ ਕਮੇਟੀ ਅਤੇ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਸਿੱਖਿਆ ਮਾਹਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ।
ਅਸਿਸਟੈਂਟ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸੈਮੀਨਾਰ ਵਿੱਚ ਨਾਮੀ ਸੰਸਥਾਵਾਂ ਤੋਂ ਸਿੱਖਿਆ ਸ਼ਾਸਤਰੀਆਂ, ਪ੍ਰੋਫੈਸਰਾਂ, ਅਧਿਆਪਕਾਂ, ਡਾਈਟ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਵਿੱਚ ਸਮਾਜ ਦੇ ਲਗਭਗ ਹਰ ਵਰਗ ਦੇ ਦਾਅਵੇਦਾਰਾਂ ਵੱਲੋਂ ਅਰਥਪੂਰਨ ਸੁਝਾਅ ਦਿੱਤੇ ਗਏ ਹਨ, ਜੋ ਨਵੀਂ ਸਿੱਖਿਆ ਨੀਤੀ ਦੇ ਹਰ ਪੱਖ ਤੋਂ ਗੁਣਵੱਤਾ ਭਰਪੂਰ ਅਤੇ ਸਿੱਖਿਆ ਲਈ ਲਾਹੇਵੰਦ ਹੋਣ ਵਿੱਚ ਮਦਦਗਾਰ ਸਿੱਧ ਹੋਣਗੇ।
ਸੈਮੀਨਾਰ ਦੀ ਸ਼ੁਰੂਆਤ ਡਾ. ਬੀਐੱਸ ਘੁੰਮਣ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬ ਸਟੇਟ ਸਕੂਲ ਸਿੱਖਿਆ ਨੀਤੀ ਦੇ ਤਿਆਰ ਕੀਤੇ ਜਾ ਰਹੇ ਖਰੜੇ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਪ੍ਰੀ-ਪ੍ਰਾਇਮਰੀ ਸਿੱਖਿਆ ਤੋਂ ਹਾਇਰ ਸੈਕੰਡਰੀ ਸਿੱਖਿਆ ਤੱਕ ਵਿਦਿਆਰਥੀਆਂ ਦੀਆਂ ਸਿੱਖਣ ਲੋੜਾਂ, ਉੱਚ ਸਿੱਖਣ ਪਰਿਣਾਮਾਂ, ਨੈਤਿਕ ਸਿੱਖਿਆ ਦੀ ਲੋੜ, ਪਾਠਕ੍ਰਮ, ਮੁਲਾਂਕਣ, ਸਿੱਖਿਆ ਵਿੱਚ ਸਮਾਜ ਅਤੇ ਨਿੱਜੀ ਸੰਸਥਾਵਾਂ ਦੇ ਯੋਗਦਾਨ, ਸੁਚੱਜੇ ਸਕੂਲ ਪ੍ਰਬੰਧ ਅਤੇ ਸਕੂਲਾਂ ਦੇ ਲੋੜੀਂਦੇ ਬੁਨਿਆਦੀ ਢਾਂਚੇ ਦੇ ਪੱਖਾਂ ’ਤੇ ਚਾਨਣਾ ਪਾਇਆ ਗਿਆ।
ਇਸ ਮੌਕੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਸਮੇਤ ਸਿੱਖਿਆ ਸ਼ਾਸਤਰੀ ਸੁੱਚਾ ਸਿੰਘ ਖਟੜਾ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਨੇ ਵੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਵੱਖ-ਵੱਖ ਸਿੱਖਿਆ ਮਾਹਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨਵੀਂ ਸਕੂਲ ਸਿੱਖਿਆ ਨੀਤੀ ਸਬੰਧੀ ਆਪੋ-ਆਪਣੇ ਸੁਝਾਅ ਦਿੱਤੇ ਗਏ। ਜਿਨ੍ਹਾਂ ਵਿੱਚ ਡੀਜੀਐਸਈ (ਸੇਵਾਮੁਕਤ) ਜੇਕੇ ਸਿੰਘ, ਉੱਘੀ ਸਾਇੰਸ ਸੰਸਥਾ ਆਈਸਰ ਤੋਂ ਡਾ. ਅਰਵਿੰਦ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਲੀ, ਰੀਜ਼ਨਲ ਇੰਸਟੀਚਿਊਟ ਬਠਿੰਡਾ ਤੋਂ ਪ੍ਰੋਫੈਸਰ ਕਮਲਜੀਤ ਸਿੰਘ, ਸਾਇੰਸ ਸਿਟੀ ਕਪੂਰਥਲਾ ਤੋਂ ਡਾਇਰੈਕਟਰ ਜਨਰਲ ਨੀਲਿਮਾ ਜੇਰਥ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ। ਅਖੀਰ ਵਿੱਚ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਸੈਮੀਨਾਰ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…