nabaz-e-punjab.com

ਸਿੱਖਿਆ ਵਿਭਾਗ ਨੇ ਮੁਹਾਲੀ ਸਮੇਤ ਸੂਬੇ ਦੇ 110 ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ

ਵਧੀਆਂ ਕਾਰਗੁਜ਼ਾਰੀ ਵਾਲੇ ਸਕੂਲਾਂ ਵਿੱਚ ਹੁਣ ਸਿੱਖਿਆ ਸੁਧਾਰ ਟੀਮਾਂ ਜਾਂ ਹੋਰ ਅਧਿਕਾਰੀ ਨਹੀਂ ਕਰਨਗੇ ਅਚਨਚੇਤ ਨਿਰੀਖਣ: ਸਕੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਸਿੱਖਿਆ ਮੰਤਰੀ ਓਪੀ ਸੋਨੀ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ 110 ਅਜਿਹੇ ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਦੇ ਸਕੂਲ ਮੁਖੀ ਆਪਣੇ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਸਮੇਤ ਮਿਆਰੀ ਸਿੱਖਿਆ ਤੇ ਦਫ਼ਤਰੀ ਪ੍ਰਬੰਧ ਵਧੀਆ ਤਰੀਕੇ ਨਾਲ ਚਲਾ ਰਹੇ ਹਨ। ਇਨ੍ਹਾਂ ਸਕੂਲਾਂ ਦੀ ਸੂਚੀ ਵਿੱਚ ਮੁਹਾਲੀ ਨੇੜਲੇ ਪੰਜ ਪਿੰਡਾਂ ਦੇ ਸਕੂਲ ਸ਼ਾਮਲ ਹਨ। ਜਿਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਪਿੰਡ ਸੋਹਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੁਬਾਰਕਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਅਤੇ ਸਰਕਾਰੀ ਹਾਈ ਸਕੂਲ ਪਿੰਡ ਟਾਂਡਾ ਸ਼ਾਮਲ ਹੈ। ਜਦੋਂਕਿ ਵੀਆਈਪੀ ਸ਼ਹਿਰ ਮੁਹਾਲੀ ਦਾ ਕੋਈ ਸਕੂਲ ਇਸ ਸੂਚੀ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ ਹੈ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਮੁਖੀ ਆਪਣੇ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਹਨ। ਪਿਛਲੇ ਸਮਿਆਂ ਦੇ ਮੁਕਾਬਲੇ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਵਧੀਆ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਸਕੂਲਾਂ ਦੇ ਮੁਖੀਆਂ ਤੋਂ ਸੁਝਾਅ ਵੀ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਹੋਰ ਵੀ ਵਧੀਆ ਨਤੀਜਿਆਂ ਅਤੇ ਸਹਿ-ਅਕਾਦਮਿਕ ਕਿਰਿਆਵਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣਾ ਚਾਹੁੰਦੇ ਹਨ।
ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਦੇ ਇਨ੍ਹਾਂ ਸੁਝਾਵਾਂ ’ਤੇ ਅਮਲ ਕਰਦਿਆਂ ਪਹਿਲੇ ਪੜਾਅ ਵਿੱਚ 110 ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸਕੂਲਾਂ ਵਿੱਚ ਹੁਣ ਕੋਈ ਵੀ ਸਿੱਖਿਆ ਸੁਧਾਰ ਟੀਮ ਨਹੀਂ ਜਾਵੇਗੀ ਅਤੇ ਨਾ ਹੀ ਕੋਈ ਸਿੱਖਿਆ ਅਧਿਕਾਰੀ ਅਚਨਚੇਤ ਨਿਰੀਖਣ ਦੌਰਾ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਨਿਰਧਾਰਿਤ ਸ਼ਡਿਊਲ ਮੁਤਾਬਕ ਹੀ ਸਕੂਲ ਦੀਆਂ ਬੈੱਸਟ ਪ੍ਰੈਕਟਿਸਜ਼ ਅਤੇ ਸਕੂਲ ਵਿੱਚ ਕਿਹੜੀਆਂ ਗੱਲਾਂ ਪ੍ਰਭਾਵਸ਼ਾਲੀ ਹਨ ਆਦਿ ਨੋਟ ਕੀਤੀਆਂ ਜਾ ਸਕਣਗੀਆਂ। ਉਂਜ ਸ਼ਡਿਊਲ ਅਨੁਸਾਰ ਹੀ ਦੂਜੇ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਵੀ ਇਨ੍ਹਾਂ ਸਕੂਲਾਂ ਦੀਆਂ ਚੰਗੀਆਂ ਪ੍ਰੈਕਟਿਸ ਬਾਰੇ ਜਾ ਕੇ ਜਾਣਕਾਰੀ ਲੈ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਦੇ ਹੋਰ ਸਕੂਲ ਵੀ ਇਸ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਮੁੱਖ ਦਫ਼ਤਰ ਵਿੱਚ ਆਪਣੀ ਪ੍ਰਤੀ ਬੇਨਤੀ ਭੇਜ ਸਕਦੇ ਹਨ।
ਸਿੱਖਿਆ ਵਿਭਾਗ ਵੱਲੋਂ ਜਾਰੀ 110 ਸਕੂਲਾਂ ਦੀ ਸੂਚੀ ਵਿੱਚ ਕਪੂਰਥਲਾ ਦੇ 3, ਫਰੀਦਕੋਟ ਤੇ ਮਾਨਸਾ ਦੇ 4-4 ਸਕੂਲ, ਮੁਹਾਲੀ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ, ਪਟਿਆਲਾ, ਰੂਪਨਗਰ, ਫਿਰੋਜ਼ਪੁਰ, ਤਰਨਤਾਰਨ, ਮੋਗਾ, ਫਾਜ਼ਿਲਕਾ, ਬਰਨਾਲਾ, ਗੁਰਦਾਸਪੁਰ ਅਤੇ ਲੁਧਿਆਣਾ ਦੇ 5-5 ਸਕੂਲ ਅਤੇ ਜਲੰਧਰ, ਨਵਾਂ ਸ਼ਹਿਰ, ਸੰਗਰੂਰ ਤੇ ਬਠਿੰਡਾ ਦੇ 6-6 ਸਕੂਲ ਸ਼ਾਮਲ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…