
ਸਿੱਖਿਆ ਵਿਭਾਗ ਨੇ ਐਜੂਸੈੱਟ ਰਾਹੀਂ ਦੀਕਸ਼ਾ ਐਪ ਦੀ ਵਰਤੋਂ ਬਾਰੇ ਸਕੂਲ ਮੁਖੀਆਂ ਨਾਲ ਸਾਂਝੀ ਕੀਤੀ ਜਾਣਕਾਰੀ
ਸਕੂਲਾਂ ’ਚ ਬੁਨਿਆਦੀ ਢਾਂਚਾ, ਸਿੱਖਿਆ, ਸਿਹਤ, ਸੁਰੱਖਿਆ ਤੇ ਸਫ਼ਾਈ ਸਹੂਲਤਾਂ ’ਤੇ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਐੱਜੂਸੈੱਟ ਰਾਹੀਂ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ, ਸਿੱਖਿਆ ਦੇ ਪੱਧਰ, ਵਿਦਿਆਰਥੀਆਂ ਦੀ ਸਿਹਤ, ਸੁਰੱਖਿਆ ਅਤੇ ਸਫ਼ਾਈ ਸਬੰਧੀ ਸਥਿਤੀ ਨੂੰ ਦੀਕਸ਼ਾ ਐਪ ’ਤੇ ਅਪਡੇਟ ਕਰਨ ਲਈ ਸਹਾਇਕ ਡਾਇਰੈਕਟਰ ਗੁਰਜੀਤ ਸਿੰਘ, ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਸੁਰੇਖਾ ਠਾਕੁਰ ਅਤੇ ਨਵਨੀਤ ਕੌਰ ਨੇ ਵਿਸ਼ੇਸ਼ ਆਨਲਾਈਨ ਸਿਖਲਾਈ ਦਿੱਤੀ। ਜਿਸ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ ਵੱਖ-ਵੱਖ ਸਕੂਲਾਂ ਵਿੱਚ ਐੱਜੂਸੈੱਟ ਦੇ ਆਰਓਟੀ ਰਾਹੀਂ ਪ੍ਰਿੰਸੀਪਲਾਂ, ਬਲਾਕ ਨੋਡਲ ਅਫ਼ਸਰਾਂ, ਹੈੱਡਮਾਸਟਰਾਂ, ਮਿਡਲ ਸਕੂਲਾਂ ਦੇ ਇੰਚਾਰਜਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ, ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਲਈ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਜ਼ਿਲ੍ਹਾ ਮੈਟਰਾਂ, ਬਲਾਕ ਮੈਂਟਰਾਂ, ਜ਼ਿਲ੍ਹਾ ਕੋਆਰਡੀਨੇਟਰਾਂ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰਾਂ, ਬਲਾਕ ਮਾਸਟਰ ਟਰੇਨਰਾਂ ਅਤੇ ਸਿੱਖਿਆ ਵਿਭਾਗ ਦੇ ਜੇ.ਈਜ਼ ਨੇ ਸ਼ਮੂਲੀਅਤ ਕੀਤੀ।
ਸਹਾਇਕ ਡਾਇਰੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ, ਸਿੱਖਿਆ ਦੇ ਮਿਆਰ ਲਈ ਨਤੀਜੇ ਅਤੇ ਬੱਚਿਆਂ ਦੀ ਗਿਣਤੀ ਅਤੇ ਇਸ ਨਾਲ ਸਬੰਧਤ ਹੋਰ ਜਾਣਕਾਰੀ, ਸਿਹਤ, ਸਫ਼ਾਈ ਅਤੇ ਸੁਰੱਖਿਆ ਸਬੰਧੀ ਸਹੂਲਤਾਂ ਦੇ ਅੰਕੜਿਆਂ ਦੀ ਸਮੇਂ-ਸਮੇਂ ’ਤੇ ਲੋੜ ਪੈਂਦੀ ਹੈ। ਇਸ ਲਈ ਦੀਕਸ਼ਾ ਐਪ ਨੂੰ ਅਪਡੇਟ ਕਰਕੇ ਇਸਦੇ ਤਿੰਨ ਡੋਮੇਨਾਂ ਨੂੰ ਸਹੀ ਢੰਗ ਨਾਲ ਭਰਨ ਲਈ ਸਕੂਲ ਮੁਖੀਆਂ, ਅਧਿਕਾਰੀਆਂ ਅਤੇ ਹੋਰ ਸਬੰਧਤ ਸਟਾਫ਼ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੀਕਸ਼ਾ ਐਪ ਦਾ ਬਿਲਕੁਲ ਨਵਾਂ ਵਰਜ਼ਨ 4.9 ਹੀ ਮੋਬਾਈਲ ਵਿੱਚ ਅਪਲੋਡ ਕੀਤਾ ਜਾਵੇ ਅਤੇ ਪ੍ਰੋਫਾਈਲ ਵਿੱਚ ਸਬਰੋਲ, ਰਾਜ, ਜ਼ਿਲ੍ਹਾ ਅਤੇ ਹੋਰ ਜਾਣਕਾਰੀ ਜ਼ਰੂਰ ਭਰੀ ਜਾਵੇ।
ਸਹਾਇਕ ਪ੍ਰਾਜੈਕਟ ਡਾਇਰੈਕਟਰ ਸੁਰੇਖਾ ਠਾਕੁਰ ਨੇ ਦੱਸਿਆ ਕਿ ਕਿਸੇ ਵੀ ਜਾਣਕਾਰੀ ਨੂੰ ਭਰਨ ਤੋਂ ਪਹਿਲਾਂ ਉਸ ਸਬੰਧੀ ਸਾਰੀ ਜਾਣਕਾਰੀ ਤਿਆਰ ਕਰ ਲਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਦੀਕਸ਼ਾ ਐਪ ਵਿੱਚ ਲੋੜੀਂਦੀ ਜਾਣਕਾਰੀ ਅਪਡੇਟ ਕਰਨ ਲਈ ਪੀਪੀਟੀ ਵੀ ਆਨਲਾਈਨ ਸਾਂਝੀ ਕੀਤੀ ਗਈ।