Nabaz-e-punjab.com

ਸਰਕਾਰੀ ਸਕੂਲਾਂ ਨਾਲ ਸਾਂਝ ਪਾਉਣ ਲਈ ਸਿੱਖਿਆ ਵਿਭਾਗ ਨੇ ਆਰੰਭੀ ‘ਯੋਗਦਾਨ’ ਮੁਹਿੰਮ

ਦਾਨੀ ਸੱਜਣਾਂ ਦੀ ਰਾਸ਼ੀ ਉਸ ਦੀ ਇੱਛਾ ਅਨੁਸਾਰ ਮਨਪਸੰਦ ਸਕੂਲ ’ਤੇ ਕੀਤੀ ਜਾਵੇਗੀ ਖ਼ਰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਪਿਛਲੇ ਤਿੰਨ ਸਾਲਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲਣ ਲਈ ਵਿਸ਼ੇਸ਼ ਤਵੱਜੋ ਦਿੱਤੀ ਹੈ। ਜਿਸ ਸਦਕਾ ਜਿੱਥੇ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੈ, ਉੱਥੇ ਦਾਨੀ ਸੱਜਣਾਂ ਨੇ ਵੀ ਸਕੂਲ ਸਿੱਖਿਆ ਲਈ ਬਣਦਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਪੰਜਾਬੀ ਖ਼ਿੱਤੇ ਦੀਆਂ ਰਵਾਇਤਾਂ ਅਨੁਸਾਰ ਹਜ਼ਾਰਾਂ ਦਾਨੀ ਸੱਜਣ ਵੱਖ-ਵੱਖ ਰੂਪਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਦਦ ਕਰਦੇ ਆ ਰਹੇ ਹਨ। ਸਿੱਖਿਆ ਵਿਭਾਗ ਨੇ ਅਜਿਹੇ ਦਾਨੀ ਸੱਜਣਾਂ ਨੂੰ ਇੱਕ ਸਤਿਕਾਰਤ ਮੰਚ ਪ੍ਰਦਾਨ ਕਰਨ ਹਿੱਤ ‘ਯੋਗਦਾਨ’ ਪੋਰਟਲ ਸਥਾਪਿਤ ਕੀਤਾ ਹੈ। ਜਿਸ ਰਾਹੀਂ ਦਾਨੀ ਸੱਜਣਾਂ ਦੀ ਰਾਸ਼ੀ ਉਨ੍ਹਾਂ ਦੀ ਇੱਛਾ ਅਨੁਸਾਰ ਮਨਪਸੰਦ ਸਕੂਲ ’ਤੇ ਖ਼ਰਚ ਕੀਤੀ ਜਾਵੇਗੀ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿੱਚ ਕੀਤੀ ਜਾ ਰਹੀ ਇਸ ਨਵੀਂ ਪਹਿਲਕਦਮੀ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਅਧਿਕਾਰੀਆਂ ਵੱਲੋਂ ‘ਯੋਗਦਾਨ’ ਪੋਰਟਲ ਦਾ ਪ੍ਰਸਾਰ/ਪ੍ਰਚਾਰ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਸਬੰਧੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪੋਰਟਲ ਬਾਰੇ ਦਾਨੀ ਸੱਜਣਾਂ ਨੂੰ ਜਾਣਕਾਰੀ ਦੇਣ ਦੀ ਮੁਹਿੰਮ ਵਿੱਢੀ ਗਈ ਹੈ। ਯੋਗਦਾਨ ਪੋਰਟਲ ਵਿੱਚ ਦਾਨ ਕੀਤੀ ਗਈ ਰਾਸ਼ੀ ਘਰ ਬੈਠੇ ਹੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਸਰਕਾਰੀ ਸਕੂਲ ਤੱਕ ਪੁੱਜਦੀ ਕੀਤੀ ਜਾ ਸਕਦੀ ਹੈ। ਇਸ ਪੋਰਟਲ ਰਾਹੀਂ ਦਾਨ ਕਰਨ ਵਾਲੇ ਸੱਜਣ ਬਾਰੇ ਰਾਸ਼ੀ ਸਮੇਤ ਪੂਰੀ ਜਾਣਕਾਰੀ ਸਦਾ ਲਈ ਪ੍ਰਦਰਸ਼ਿਤ ਹੋ ਜਾਵੇਗੀ ਅਤੇ ਕੋਈ ਵੀ ਵਿਅਕਤੀ ਕਦੋਂ ਵੀ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ।
ਸਿੱਖਿਆ ਵਿਭਾਗ ਦੀ ਸਹਾਇਕ ਨਿਰਦੇਸ਼ਕਾਂ ਸੁਰੇਖਾ ਠਾਕੁਰ ਦੀ ਜਾਣਕਾਰੀ ਅਨੁਸਾਰ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਲੋਕ ਆਪਣੀ ਨੇਕ ਕਮਾਈ ’ਚੋਂ ਸਮਰੱਥਾ ਅਨੁਸਾਰ ਵੱਖ-ਵੱਖ ਕਾਰਜਾਂ ਲਈ ਦਾਨ ਕਰਦੇ ਰਹਿੰਦੇ ਹਨ। ਸਮੇਂ ਦੇ ਬਦਲਣ ਨਾਲ ਲੋਕਾਂ ਦੇ ਦਾਨ ਕਰਨ ਦੇ ਰੁਝਾਨ ਵਿੱਚ ਵੀ ਤਬਦੀਲੀ ਆਈ ਹੈ ਅਤੇ ਵਿੱਦਿਅਕ ਸੰਸਥਾਵਾਂ ਲਈ ਦਾਨ ਕਰਨ ਦਾ ਰੁਝਾਨ ਬਹੁਤ ਵਧ ਗਿਆ ਹੈ। ਜਿਸ ਕਾਰਨ ਸਿੱਖਿਆ ਵਿਭਾਗ ਵੱਲੋਂ ਦਾਨੀ ਸੱਜਣਾਂ ਵੱਲੋਂ ਭੇਟ ਕੀਤੀ ਜਾਂਦੀ ਰਾਸ਼ੀ ਜਾਂ ਸਮਗਰੀ ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਸਹੀ ਥਾਂ ’ਤੇ ਲਗਾਉਣ ਲਈ ‘ਯੋਗਦਾਨ’ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…