nabaz-e-punjab.com

ਸਿੱਖਿਆ ਵਿਭਾਗ ਪੰਜਾਬ ਦੇ ਪ੍ਰਾਪਤੀ ਸਰਵੇਖਣ ਦੀ ਰਸਮੀ ਸ਼ੁਰੂਆਤ

ਪ੍ਰਾਇਮਰੀ ਜਮਾਤਾਂ ਦੇ 6.33 ਲੱਖ ਵਿਦਿਆਰਥੀਆਂ ਨੇ ਲਿਆ ਆਨਲਾਈਨ ਕੁਇਜ਼ ਵਿੱਚ ਹਿੱਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ (ਐਨਏਐਸ) ਦੀ ਤਿਆਰੀ ਸਬੰਧੀ ਪੰਜਾਬ ਅਚੀਵਮੈਂਟ ਸਰਵੇ (ਪੀਏਐਸ) ਦੇ ਬੈਨਰ ਹੇਠ ਚਲਾਈ ਸਵੈ-ਮੁਲਾਂਕਣ ਮੁਹਿੰਮ ਵਿੱਢੀਆਂ ਸਰਗਰਮੀਆਂ ਦੀ ਸ਼ੁਰੂਆਤ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਸ਼ਨੋਤਰੀ (ਆਨਲਾਈਨ ਕੁਇਜ਼) ਰਾਹੀਂ ਕੀਤੀ ਹੈ। ਇਸ ਪਹਿਲੀ ਗਤੀਵਿਧੀ ਵਿੱਚ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਲਗਭਗ 6 ਲੱਖ 33 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਉਤਸ਼ਾਹਜਨਕ ਨਤੀਜਾ ਦਿੱਤਾ ਹੈ।
ਰਾਸ਼ਟਰੀ ਪ੍ਰਾਪਤੀ ਸਰਵੇ (ਐਨਏਐਸ) ਦੇ ਮਾਪਦੰਡਾਂ ਅਨੁਸਾਰ ਵਿਦਿਆਰਥੀਆਂ ਨੂੰ ਸਬੰਧਤ ਜਮਾਤਾਂ ਅਨੁਸਾਰ ਪਾਠਕ੍ਰਮ ਦੇ ਸਿੱਖਣ ਪਰਿਣਾਮਾਂ ਲਈ ਤਿਆਰ ਕਰਨ ਅਤੇ ਜਾਂਚਣ ਹਿੱਤ ਵਿਭਾਗ ਵੱਲੋਂ ਉਪਰੋਕਤ ਨਿਵੇਕਲੀ ਪਹਿਲ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਇਸ ਮਹੱਤਵਪੂਰਨ ਪ੍ਰਕਿਰਿਆ ਦਾ ਮਨੋਰਥ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣਾ, ਸਿੱਖਣ ਪਰਿਣਾਮਾਂ ਵਿੱਚ ਸੁਧਾਰ ਅਤੇ ਉਨ੍ਹਾਂ ਦੀ ਤਾਰਕਿਕ ਯੋਗਤਾ ਨੂੰ ਤੀਬਰ ਕਰਨਾ ਹੈ। ਇਸ ਨਾਲ ਨਾ ਕੇਵਲ ਉਹ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਅਸੈਸਮੈਂਟ ਸਰਵੇ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾ ਸਕਣਗੇ ਸਗੋਂ ਜ਼ਿੰਦਗੀ ਵਿੱਚ ਉੱਚ ਸਿੱਖਿਆ ਅਤੇ ਨੌਕਰੀ ਸਬੰਧੀ ਆਉਣ ਵਾਲੇ ਹੋਰ ਵੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਪਾਉਣਗੇ। ਇਸ ਤੋਂ ਬਾਅਦ ਸੈਕੰਡਰੀ ਵਿੰਗ ਵੱਲੋਂ ਵੀ ਜਲਦ ਹੀ ਮੌਕ ਟੈਸਟਾਂ ਦੀ ਅਜਿਹੀ ਪ੍ਰਕਿਰਿਆ ਆਰੰਭੀ ਜਾ ਰਹੀ ਹੈ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸੁਚੱਜੀ ਅਗਵਾਈ ਵਿੱਚ ਪੰਜਾਬ ਗੁਣਾਤਮਿਕ ਸਿੱਖਿਆ ਵਿੱਚ ਮੋਹਰੀ ਬਣਿਆ ਹੋਇਆ ਹੈ। ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਅਪਾਰ ਸਫ਼ਲਤਾ ਨੇ ਬੋਰਡ ਪ੍ਰੀਖਿਆਵਾਂ ਵਿੱਚ ਜਿੱਥੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉੱਥੇ ‘ਈਚ ਵਨ ਬਰਿੰਗ ਵਨ’ ਦਾਖ਼ਲਾ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਦਾ ਰਿਕਾਰਡ ਤੋੜ 13 ਫੀਸਦੀ ਵਾਧਾ ਹੋਇਆ ਹੈ। ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਪੰਜਾਬ ਅਚੀਵਮੈਂਟ ਸਰਵੇ ਪੰਜਾਬ ਦੀ ਗੁਣਾਤਮਿਕ ਸਿੱਖਿਆ ਸੁਧਾਰਾਂ ਨੂੰ ਲੰਮੇ ਸਮੇਂ ਤੱਕ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਰਹੇਗਾ। ਪੰਜਾਬ ਅਚੀਵਮੈਂਟ ਸਰਵੇ ਪੰਜਾਬ ਦੇ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਰਵਾਇਆ ਜਾਵੇਗਾ ਜਿਸ ਵਿੱਚ ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਭਾਗ ਲੈਣਗੇ। ਇਸ ਦੇ ਮਾਪਦੰਡ ਨੈਸ਼ਨਲ ਅਚੀਵਮੈਂਟ ਸਰਵੇ ਵਾਲੇ ਹੋਣਗੇ ਅਤੇ ਵੱਖ-ਵੱਖ ਜਮਾਤਾਂ ਦੇ ਨਿਰਧਾਰਿਤ ਪਾਠਕ੍ਰਮ ’ਚੋਂ ਬਹੁ-ਵਿਕਲਪੀ ਪ੍ਰਸ਼ਨਾਂ (ਮਲਟੀਪਲ ਚੁਆਇਸ ਵਾਲੇ ਪ੍ਰਸ਼ਨਾਂ) ਦੇ ਰੂਪ ਵਿੱਚ ਹੋਣਗੇ। ਵੱਖ-ਵੱਖ ਵਿਸ਼ਿਆਂ ਦੀਆਂ ਵੱਖ-ਵੱਖ ਧਾਰਨਾਵਾਂ ਨੂੰ ਵਿਦਿਆਰਥੀਆਂ ਦੇ ਧਿਆਨ ਨਾਲ ਸਮਝਣ ਲਈ ਪ੍ਰਸ਼ਨ ਬੈਂਕ ਬਣਾ ਕੇ ਸਾਂਝੇ ਕੀਤੇ ਜਾ ਰਹੇ ਹਨ। ਪੀਏਐਸ ਸਬੰਧੀ ਮੁਹਿੰਮ ਅੱਜ-ਕੱਲ੍ਹ ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਯੋਜਨਾਬੰਦੀ ਨਾਲ ਚਲਾਈ ਜਾ ਰਹੀ ਹੈ।
ਇਸ ਸਬੰਧੀ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਅਚੀਵਮੈਂਟ ਸਰਵੇ ਨੂੰ ਸਫਲਤਾ ਪੂਰਵਕ ਆਯੋਜਿਤ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰਾਂ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ, ਸੋਸ਼ਲ ਮੀਡੀਆ ਕੋਆਰਡੀਨੇਟਰਾਂ, ਸਕੂਲ ਮੁਖੀਆਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ ਅਤੇ ਅਧਿਆਪਕਾਂ ਨਾਲ ਵੈਬੀਨਾਰ ਕੀਤਾ। ਜਿਸ ਰਾਹੀਂ ਉਨ੍ਹਾਂ ਨੇ ਵਿਭਾਗ ਦੇ ਹਰੇਕ ਕਰਮਚਾਰੀ ਨੂੰ ਪੀਏਐਸ ਦੀ ਸਫਲਤਾ ਲਈ ਯੋਜਨਾਬੰਦੀ ’ਤੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਮਾਪਿਆਂ ਤੇ ਸਮਾਜ ਦੇ ਮੋਹਤਬਰ ਵਿਅਕਤੀਆਂ ਨੂੰ ਇਸ ਕਾਰਜ ਲਈ ਵੱਧ ਤੋਂ ਵੱਧ ਨਾਲ ਜੋੜਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…