nabaz-e-punjab.com

ਸ਼੍ਰੋਮਣੀ ਕਮੇਟੀ ਦੇ ਸਿੱਖਿਆ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਨੂੰ ਤੁਰੰਤ ਬਰਤਰਫ਼ ਕਰਨ ਦੀ ਮੰਗ ਉੱਠੀ

ਡਾ ਸਿੱਧੂ ਦੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਪ੍ਰਿੰਸੀਪਲ ਤਾਇਨਾਤੀ ਸਮੇਂ ਹੋਏ ਘਪਲੇ ਤੇ ਨਿਯੁਕਤੀਆਂ ਦੀ ਜਾਂਚ ਹੋਵੇ: ਬੀਰਦਵਿੰਦਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਜਦੋਂ ਡਾ. ਜਤਿੰਦਰ ਸਿੰਘ ਸਿੱਧੂ ਬਤੌਰ ਪ੍ਰਿੰਸੀਪਲ ਤਾਇਨਾਤ ਸਨ, ਉਸ ਸਮੇਂ ਵਿੱਚ ਕੀਤੀਆਂ ਗਈਆਂ ਕੁੱਲ ਨਿਯੁਕਤੀਆਂ, ਭਾਵੇਂ ਉਹ ਅਧਿਆਪਨ ਜਾਂ ਗੈਰ-ਅਧਿਆਪਨ ਅਮਲੇ ਵਿੱਚ ਹੋਣ ਭਾਵੇਂ ਆਰਜ਼ੀ ਜਾਂ ਪੱਕੇ ਤੌਰ ਤੇ ਕੀਤੀਆ ਗਈਆਂ ਹੋਣ, ਉਨ੍ਹਾਂ ਸਾਰੀਆਂ ਨਿਯੁਕਤੀਆਂ ਦੀ ਵਿੱਦਿਅਕ ਯੋਗਤਾ ਅਤੇ ਸਾਰਥਿਕਤਾ ਦੀ ਬੇਚੂਕ ਜਾਂਚ ਹੋਣੀ ਚਾਹੀਦੀ ਹੈ। ਪਤਾ ਲੱਗਾ ਹੈ ਕਿ ਕਾਲਜ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਵਿੱਚ ਲਗਪਗ 60 ਤੋਂ ਲੈ ਕੇ 70 ਤੱਕ ਮੁਲਾਜ਼ਮ ਅਜਿਹੇ ਹਨ। ਜਿਨ੍ਹਾਂ ਪਾਸ ਅਧਿਨਿਯਮਕ ਲੋੜ ਅਨੁਸਾਰ ਲੋੜੀਂਦੇ ਨਿਯੁਕਤੀ ਪੱਤਰ ਵੀ ਨਹੀਂ ਹਨ ਤੇ ਉਹ ਕਾਲਜ ਦੇ ਫੰਡਾਂ ਵਿੱਚੋਂ ਆਪਣੀ ਤਨਖਾਹ ਤੇ ਭੱਤੇ ਆਦੀ ਲਗਾਤਾਰ ਵਸੂਲ ਕਰ ਰਹੇ ਹਨ ਤੇ ਇਹ ਸਿਲਸਿਲਾ ਪਿਛਲੇ ਲਗਾਤਾਰ ਅੱਠ ਨੌਂ ਵਰ੍ਹਿਆਂ ਤੋਂ ਬੇਰੋਕ ਚੱਲ ਰਿਹਾ ਹੈ। ਇਸ ਮੰਜ਼ਰ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਸਭਨਾ ਦੇ ਤਨਖਾਹ ਤੇ ਭੱਤੇ ਵੀ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਦੀ ਆਪਹੁਦਰੀ ਮਨ ਦੀ ਮੌਜ ੳਨੁਸਾਰ ਹੀ ਤਹਿ ਹੋਏ ਹਨ।
ਇਹ ਵੀ ਪਤਾ ਲੱਗਾ ਹੈ ਕਿ ਮਾਤਾ ਗੁਜਰੀ ਕਾਲਜ ਵਾਸਤੇ, ਲੜਕਿਆਂ ਦੇ ਹੋਸਟਲ ਦੀ ਉਸਾਰੀ ਫਤਿਹਗੜ੍ਹ, ਰੇਲਵੇ ਲਾਈਨ ਦੇ ਪਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਠੇਕੇ ਤੇ ਲਈ ਜ਼ਮੀਨ ਤੇ ਹੋ ਰਹੀ ਹੈ। ਇਸ ਹੋਸਟਲ ਦੀ ਉਸਾਰੀ ਹੋਣ ਵਾਲਾ ਅਨੁਮਾਨਤ ਖਰਚਾ ਕੋਈ ਪੰਝ ਕ੍ਰੋੜ ਦੈ ਕਰੀਬ ਦੱਸਿਆ ਜਾ ਰਿਹਾ ਹੈ। ਇਸ ਹੋਸਟਲ ਦੀ ਇਮਾਰਤ ਦੀ ਉਸਾਰੀ ਸਮੇਂ ਪ੍ਰਿੰਸੀਪਲ ਸਿੱਧੂ ਨੇ ਟੈਂਡਰ ਮੰਗਣ ਦੀ ਲੁੜੀਂਦੀ ਪਰਿਕਿਰਿਆ ਵਿੱਚੋਂ ਗੁਜ਼ਰਨ ਦੀ ਲੋੜ ਹੀ ਨਹੀਂ ਸਮਝੀ, ਜਦੋਂ ਕਿ ਕ੍ਰੋੜਾਂ ਦੀ ਰਾਸ਼ੀ ਖਰਚਣ ਸਮੇਂ ਅਜਿਹਾ ਕਰਨਾ, ਪਾਰਦਰਸ਼ਤਾ ਨੂੰ ਯਕੀਨੀ ਬਣਾਉਂਣ ਅਤੇ ਸਿੱਖ ਸੰਗਤਾਂ ਦਾ ਭਰੋਸਾ ਕਾਇਮ ਰੱਖਣ ਲਈ ਅਜਿਹਾ ਕਰਨਾ, ਨਿਯਮਾ ਅਨੁਸਾਰ ਜ਼ਰੂਰੀ ਸੀ। ਇਹ ਵੀ ਦੱਸਿਆਂ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸ ਜ਼ਮੀਨ ਤੇ ਹੋਸਟਲ ਦੀ ਉਸਾਰੀ ਹੋ ਰਹੀ ਹੈ ਉਸ ਜ਼ਮੀਨ ਦਾ ਪੂਡਾ ਪਾਸੋਂ ਭੂਮੀਂ ਦੀ ਵਰਤੋਂ ਦੀ ਤਬਦੀਲੀ ਦਾ ਸਰਟੀਫਿਕੇਟ ਵੀ ਹਾਲੇ ਤੱਕ ਪ੍ਰਾਪਤ ਨਹੀਂ ਕੀਤਾ ਗਿਆ। ਇਸ ਲਿਹਾਜ਼ ਨਾਲ ਇਸ ਹੋਸਟਲ ਦੀ ਇਮਾਰਤ ਦੀ ਉਸਾਰੀ ਹੀ ਗੈਰ-ਕਾਨੂੰਨੀ ਹੈ, ਜਿਸ ਨੂੰ ਜਦੋਂ ਪੁੱਡਾ ਜਾਂ ਗਮਾਡਾ ਚਾਹੇ, ਇਸ ਨੂੰ ਗਿਰਾਇਆ ਜਾ ਸਕਦਾ ਹੈ। ਡਾ. ਜਤਿੰਦਰ ਸਿੰਘ ਸਿੱਧੂ ਦੇ ਸੇਵਾ ਕਾਲ ਸਮੇ ਵਿੱਤ ਸਬੰਧੀ ਹੋਈਆਂ ਸਾਰੀਆਂ ਅਮਲੀ ਕਾਰਵਾਈਆਂ ਦੀ ਬੇਚੂਕ ਲੇਖਾਪੜਤਾਲ ਕਰਨੀ ਬਣਦੀ ਹੈ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦਾ ਨਿਤਾਰਾ ਹੋ ਸਕੇ।
ਇਹ ਵੀ ਭਰੋਸੇ ਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਡਾ. ਜਤਿੰਦਰ ਸਿੰਘ ਸਿੱਧੂ, ਇੱਕ ਸਰਕਾਰੀ ਕਾਲਜ ਵਿੱਚੋਂ ਸੇਵਾ ਮੁਕਤ ਹੋਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਪੂਰੀ ਪੈਨਸ਼ਨ ਲੈਣ ਦੇ ਅਧਿਕਾਰੀ ਹਨ। ਪਰ ਜਦੋਂ ਉਨ੍ਹਾਂ ਦੀ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਬਤੌਰ ਪ੍ਰਿੰਸੀਪਲ ਨਵੰਬਰ 2009 ਵਿੱਚ ਨਿਯੁਕਤੀ ਹੋਈ ਹੈ ਤਾਂ ਉਸ ਵੇਲੇ ਮਾਤਾ ਗੁਜਰੀ ਕਾਲਜ, ਪੰਜਾਬ ਸਰਕਾਰ ਦੇ 95 ਫੀਸਦੀ ਗਰਾਂਟ ਅਧੀਨ ਆਉਂਦੇ ਕਾਲਜਾ ਦੀ ਸੂਚੀ ਵਿੱਚ ਸ਼ਾਮਿਲ ਸੀ। ਇੰਝ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਪੰਜਾਬ ਸਰਕਾਰ ਦੀ ਗਰਾਂਟ ਵਿੱਚੋਂ ਪੂਰੀ ਤਨਖਾਹ ਵੀ ਲੈਂਦੇ ਰਹੇ ਤੇ ਸਰਕਾਰ ਦੇ ਖਜਾਨੇ ਵਿੱਚੋਂ ਪੂਰੀ ਪੈਨਸ਼ਨ ਵੀ ਲੈਂਦੇ ਰਹੇ। ਇੰਝ ਡਾਕਟਰ ਸਿੱਧੂ ਨੇ, ਪੰਜਾਬ ਸਰਕਾਰ ਦੇ ਖਜਾਨੇ ਨੂੰ 50 ਤੋਂ 60 ਲੱਖ ਤੀਕ ਦਾ ਵਾਧੂ ਚੂਨਾ ਲਾ ਛੱਡਿਆ ਹੈ, ਜਿਸਦੀ ਜਾਂਚ ਪੰਜਾਬ ਦੇ ਮੱਖ ਲੇਖਾਕਾਰ ਦੇ ਦਫ਼ਤਰ ਵੱਲੋਂ ਅਤੇ ਪੰਜਾਬ ਦੇ ਡੀਪੀਆਈ (ਕਾਲਜਾਂ) ਵੱਲੋਂ ਉੱਚ ਪੱਧਰੀ ਪੜਤਾਲ ਤੁਰੰਤ ਕਰਨੀ ਬਣਦੀ ਹੈ।
ਉਪਰੋਕਤ ਮਾਮਲਿਆਂ ਦੀ ਦ੍ਰਿਸ਼ਟੀ ਵਿੱਚ ਇਹ ਜ਼ਰੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਦੇ ਸਿੱਖਿਆ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਨੂੰ ਤੁਰੰਤ ਬਰਤਰਫ਼ ਕਰਕੇ ਸਾਰੇ ਮਾਮਲਿਆਂ ਦੀ ਬੇਚੂਕ ਪੜਤਾਲ ਕਰਵਾਏ। ਜੇ ਅਜਿਹਾ ਨਹੀਂ ਹੁੰਦਾ ਤਾਂ ਡਾ. ਜਤਿੰਦਰ ਸਿੰਘ ਸਿੱਧੂ ਸਿੱਖ ਕੌਮ ਦੇ ਵਿੱਦਿਅਕ ਅਦਾਰਿਆਂ ਵਿੱਚ ਵੱਡੇ ਵਿੱਤੀ ਘਪਲੇ ਤੇ ਪ੍ਰਬੰਧਕ ਬੇਨਿਯਮੀਆਂ ਕਰਕੇ ਇਨ੍ਹਾਂ ਵਿੱਦਿਅਕ ਸੰਸਥਾਵਾਂ ਦੀ ਮਾਣ ਮਰਿਆਦਾ ਅਤੇ ਗੌਰਵ ਨੂੰ ਹੋਰ ਵੀ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਉਨ੍ਹਾਂ ਦੀ ਡਾਇਰੈਕਟਰ ਸਿੱਖਿਆ ਦੇ ਅਹੁਦੇ ਤੋਂ ਤੁਰੰਤ ਫਾਰਗੀ, ਸਿੱਖ ਕੌਮ ਦੇ ਵਡੇਰੇ ਹਿੱਤਾ ਲਈ ਬੇਹੱਦ ਜ਼ਰੂਰੀ ਹੈ। ਮੈਂ ਇਸ ਸਬੰਧ ਵਿੱਚ ਵੱਖਰੇ ਤੌਰ ਤੇ ਸਿੱਖ ਗੁਰਦਵਾਰਾ ਜੁਡੀਸ਼ਲ ਕਮਿਸ਼ਨ, ਮੁੱਖ ਲੇਖਾਕਾਰ, ਪੰਜਾਬ ਅਤੇ ਡੀ.ਪੀ.ਆਈ (ਕਾਲਜਾਂ) ਪੰਜਾਬ ਤੇ ਪੁੱਡਾ ਨੂੰ ਵੀ ਇਸ ਮਾਮਲੇ ਦੀ ਪੜਤਾਲ ਕਰਨ ਲਈ ਲਿਖ ਕੇ ਭੇਜ ਰਿਹਾ ਹਾਂ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…