ਸਿੱਖਿਆ ਤੇ ਸਿਹਤ ਮੋਤੀਆਂ ਵਾਲੀ ਸਰਕਾਰ ਦੇ ਦੋ ਤਰਜੀਹੀ ਖੇਤਰ: ਬਲਬੀਰ ਸਿੱਧੂ

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰੁੜਕਾ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘ਸਿੱਖਿਆ ਅਤੇ ਸਿਹਤ ਦੋ ਅਜਿਹੇ ਤਰਜੀਹੀ ਖੇਤਰ ਹਨ, ਜਿਨ੍ਹਾਂ ਦੀ ਤਰੱਕੀ ਲਈ ਪੰਜਾਬ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ ਤਾਂ ਕਿ ਜਿੱਥੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਮਿਆਰੀ ਸਿੱਖਿਆ ਮਿਲੇ, ਉੱਥੇ ਲੋਕਾਂ ਦੀ ਸਿਹਤ ਵੀ ਠੀਕ ਰਹੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰੁੜਕਾ ਵਿੱਚ ਲੋੜ ਅਨੁਸਾਰ ਹੋਰ ਨਵੇਂ ਕਮਰਿਆਂ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦੇਣ ਉਪਰੰਤ ਗੱਲਬਾਤ ਦੌਰਾਨ ਕੀਤਾ।
ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਦੀ ਹੱਲਾਸ਼ੇਰੀ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਹਲਕੇ ਦੇ ਸਕੂਲਾਂ ਦੀ ਕਾਇਆ-ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਗੋਬਿੰਦਗੜ੍ਹ ਤੇ ਗੀਗੇਮਾਜਰਾ ਦੇ ਸਕੂਲ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਮਾਰੀਆਂ ਮੱਲ੍ਹਾਂ ਦੀ ਜਿਊਂਦੀ-ਜਾਗਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡ ਰੁੜਕਾ ਦੇ ਸਕੂਲ ਲਈ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਤਾਂ ਜੋ ਇਸ ਸਕੂਲ ਵਿੱਚ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਦੇ ਕੇ ਉਨ੍ਹਾਂ ਦੇ ਸਿੱਖਣ ਪੱਧਰ ਨੂੰ ਵਧਾਇਆ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਹਲਕੇ ਦੇ ਹਰੇਕ ਸਕੂਲ ਨੂੰ ਪੜਾਅਵਾਰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਤਾਂ ਕਿ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਬੱਚਿਆਂ ਨੂੰ ਅਜੋਕੇ ਮੁਕਾਬਲੇ ਦੇ ਯੁੱਗ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਰੁੜਕਾ ਦੇ ਸਕੂਲ ਲਈ ਅੱਜ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਸਥਾਨਕ ਏਰੀਆ ਵਿਕਾਸ ਫੰਡ ’ਚੋਂ ਇਹ ਗਰਾਂਟ ਦਿੱਤੀ ਗਈ ਹੈ, ਜਿਸ ਨਾਲ ਸਕੂਲ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਪਰਵਾਸੀ ਭਾਰਤੀਆਂ ਤੇ ਅਗਾਂਹਵਧੂ ਨੌਜਵਾਨਾਂ ਨੂੰ ਵੀ ਅੱਗੇ ਆ ਕੇ ਆਪਣੇ ਪਿੰਡਾਂ ਦੇ ਸਕੂਲਾਂ ਦੀ ਦਿੱਖ ਬਦਲਣ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਹਰਜੀਤ ਸਿੰਘ ਢਿੱਲੋਂ ਸਰਪੰਚ ਰੁੜਕਾ, ਲਾਭ ਸਿੰਘ, ਬਲਵਿੰਦਰ ਸਿੰਘ ਪੰਚ, ਕੇਹਰ ਕੌਰ ਪੰਚ, ਦਵਿੰਦਰ ਸਿੰਘ ਪੰਚ, ਜਰਨੈਲ ਸਿੰਘ, ਨੰਬਰਦਾਰ ਕਿਰਪਾਲ ਸਿੰਘ, ਦਿਲਬਰ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ।

Load More Related Articles

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…