ਸਿੱਖਿਆ ਸੁਧਾਰ: ਪ੍ਰਿੰਸੀਪਲਾਂ ਨੇ ਸਿੱਖਿਆ ਸਕੱਤਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਨੂੰ ਦਿੱਤੇ ਸੁਝਾਅ

ਪਾਠਕ੍ਰਮ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਸ਼ਿਆਂ ਨੂੰ ਵੀ ਰਿਵਿਊ ਕਰਨ ’ਤੇ ਜ਼ੋਰ
ਨਵੀਂ ਭਰਤੀ, ਤਬਾਦਲਾ ਨੀਤੀ, ਸਕੂਲ ਮੁਖੀਆਂ ਦੀ ਜ਼ਿੰਮੇਵਾਰੀਆਂ ਤੇ ਜਵਾਬਦੇਹੀ ਬਾਰੇ ਵੀ ਕੀਤੀ ਖੁੱਲ੍ਹ ਕੇ ਗੱਲਬਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਬੰਧੀ ਸੁਝਾਅ ਦੇਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਪਾਸੋਂ ਲਿਖਿਤ ਸੁਝਾਵਾਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਪੰਜਾਬ ਦੇ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੁਝਾਅ ਦੇਣ ਬਾਰੇ ਕਿਹਾ ਗਿਆ। ਜਿਨ੍ਹਾਂ ਦੇ ਪਿਛਲੇ ਸਾਲਾਂ ਦੇ ਨਤੀਜੇ ਸ਼ਤ-ਪ੍ਰਤੀਸ਼ਤ ਰਹੇ ਹਨ।
ਇਸ ਕਵਾਇਦ ਦਾ ਮੁੱਖ ਮਕਸਦ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਸਮਝਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਬਾਰੇ ਜਾਣਨਾ ਅਤੇ ਉਹਨਾਂ ਦੇ ਸੰਭਵ ਹੱਲ ਹੋਣ ਉਪਰੰਤ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਅਤੇ ਮਿਆਰ ਨੂੰ ਸਥਾਈ ਬਣਾਏ ਰੱਖਣਾ ਹੈ। ਇਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਕੂਲਾਂ ਵਿੱਚ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਜੂਝਦੇ ਹੋਏ ਸ਼ਤ-ਪ੍ਰਤੀਸ਼ਤ ਨਤੀਜੇ ਦੇਣ ਅਤੇ ਸਕੂਲ ਦੇ ਚੌਗਿਰਦੇ ਨੂੰ ਸਹੀ ਢੰਗ ਨਾਲ ਸਾਂਭਣ ਦਾ ਤਜ਼ੁਰਬਾ ਹੋਣ ਕਾਰਨ ਇਹਨਾਂ ਦੇ ਸੁਝਾਅ ਵਿਵਹਾਰਿਕ ਹੋਣੇ ਸੁਭਾਵਿਕ ਹਨ ਕਿਉੱਕਿ ਕੁਝ ਵਿਸ਼ੇਸ਼ ਹਾਲਤਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਦੇ ਹਾਲਾਤ ਸਮਾਨ ਹੁੰਦੇ ਹਨ। ਇਸ ਸਬੰਧੀ ਮੁੱਖ ਮੰਤਰੀ ਵੱਲੋਂ ਇਨ੍ਹਾਂ ਸੁਝਾਵਾਂ ‘ਤੇ ਗੌਰ ਕੀਤਾ ਜਾਵੇਗਾ ਅਤੇ ਇਹ ਸੁਝਾਅ ਸਿੱਖਿਆ ਮੰਤਰੀ ਜੀ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਦਿੱਤੇ ਗਏ ਹਨ।
ਇਹ ਸੁਝਾਅ ਖੇਤਰ ‘ਚ ਕੰਮ ਕਰ ਰਹੇ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਅਫ਼ਸਰਾਂ, ਸਕੂਲ ਪ੍ਰਿੰਸੀਪਲਾਂ ਦੀ ਫੀਡ ਬੈਂਕ ਅਨੁਸਾਰ ਹਨ। ਸੁਝਾਵਾਂ ਤਹਿਤ ਸਕੂਲਾਂ ਦੇ ਸਰੰਚਨਾਤਮਿਕ ਵਿਕਾਸ ਜਿਸ ਵਿੱਚ ਹਰ ਜਮਾਤ ਲਈ ਅਲੱਗ ਕਮਰਾ, ਬਿਜਲੀ ਤੇ ਪਾਣੀ ਦੀ ਸਹੂਲਤ ਲਾਜ਼ਮੀ, ਲਾਇਬ੍ਰੇਰੀ, ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਮੁੰਡਿਆਂ-ਕੁੜੀਆਂ ਲਈ ਵੱਖ-ਵੱਖ ਪਖਾਨੇ, ਪੰਚਾਇਤਾਂ ਦਾ ਬਣਦਾ ਯੋਗਦਾਨ, ਸਕੂਲਾਂ ਵਿੱਚ ਵਿਦਿਆਰਥੀਆਂ ਦੀ ਐਨਰੋਲਮੈਂਟ ਵਧਾਉਣ ਲਈ ਅਧਿਆਪਕਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਯੋਗਦਾਨ ਬਾਰੇ ਸੁਝਾਅ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸਿੱਖਣ ਪੱਧਰ ਲਈ ਚਲ ਰਹੇ ਗੁਣਾਤਮਿਕ ਸਿੱਖਿਆ ਦੇ ਪ੍ਰੋਜੈਕਟ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਸੁਚਾਰੂ ਗਤੀਵਿਧੀਆਂ, ਮਾਨਿਟਰਿੰਗ ਪ੍ਰਣਾਲੀ, ਪ੍ਰੋਜੈਕਟ ਵਿੱਚ ਕੰਮ ਕਰ ਰਹੇ ਸਿਖਲਾਈ ਪ੍ਰਾਪਤ ਸਟਾਫ਼ ਦੀ ਨਿਰੰਤਰ ਸੇਵਾਵਾਂ ਲੈਂਣ ਲਈ ਵੀ ਵਿਚਾਰ ਦਿੱਤੇ ਗਏ ਹਨ। ਮਨੁੱਖ ਸਰੋਤਾਂ ਦੀ ਸਹੀ ਵਰਤੋੱ ਲਈ ਸਕੂਲਾਂ ‘ਚ ਰੈਂਸ਼ਨਲਾਈਜ਼ੇਸ਼ਨ ਦੀ ਨੀਤੀ, ਬਾਰਡਰ ਏਰੀਆ ਲਈ ਅਲੱਗ ਕਾਡਰ ਤਹਿਤ ਭਰਤੀ ਅਤੇ ਬਦਲੀ ਦੀ ਨੀਤੀ, ਅਧਿਆਪਕਾਂ ਦੇ ਤਬਾਦਲਿਆਂ ਸਬੰਧੀ ਨੀਤੀਆਂ, ਸਕੂਲ ਮੁਖੀਆਂ ਦੀ ਜਿੰਮੇਵਾਰੀਆਂ ਅਤੇ ਜਵਾਬਦੇਹੀ ਬਾਰੇ ਵੀ ਗੱਲ ਕੀਤੀ ਗਈ ਹੈ। ਪਾਠਕ੍ਰਮ ਅਤੇ ਇਮਤਿਹਾਨਾਂ ਦੇ ਸਬੰਧ ‘ਚ ਸੁਝਾਅ ਦਿੰਦੇ ਹੋਏ ਸਕੂਲ ਮੁਖੀਆਂ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਮੇਂ ’ਤੇ ਕਿਤਾਬਾਂ ਮੁਹੱਈਆਂ ਕਰਵਾਉਣ ਦੇ ਨਾਲ-ਨਾਲ ਪਾਠਕ੍ਰਮ ਦੇ ਈ-ਕੰਟੇਟ ਨੂੰ ਸਮਾਰਟ ਕਲਾਸਾਂ ਦੇ ਲਈ ਤਿਆਰ ਕਰਨ ਦਾ ਸੁਝਾਅ ਦਿੱਤਾ ਹੈ।
ਪਾਠਕ੍ਰਮ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਸ਼ਿਆਂ ਨੂੰ ਵੀ ਰਿਵਿਊ ਕਰਨ ਲਈ ਸੁਝਾਅ ਦਿੱਤੇ ਹਨ। ਇਮਤਿਹਾਨਾਂ ਦੇ ਸੁਝਾਵਾਂ ਤਹਿਤ ਇਮਤਿਹਾਨਾਂ ਵਿੱਚ ਸਖ਼ਤੀ ਰੱਖਣ ਅਤੇ ਪਿਛਲੇ ਸਾਲ ਦੀ ਇਮਤਿਹਾਨਾਂ ਦੀ ਪ੍ਰੰਪਰਾ ਨੂੰ ਨਿਰੰਤਰ ਤਿੰਨ-ਚਾਰ ਸਾਲ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਪ੍ਰੀ-ਪ੍ਰਾਇਮਰੀ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਨੂੰ ਸਹੀ ਦੱਸਦਿਆਂ ਇਸ ਨੂੰ ਹੋਰ ਵੀ ਯੋਜਨਾਬੱਧ ਰੂਪ ਵਿੱਚ ਚਲਾ ਕੇ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਸਮਾਜਿਕ ਸੁਰੱਖਿਆ ਤੇ ਕਲਿਆਣ ਵਿਭਾਗ ਦੇ ਸਾਂਝੇ ਉੱਦਮ ਨਾਲ ਬੱਚਿਆਂ ਨੂੰ ਲਾਭ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ। ਸਕੂਲਾਂ ਵਿੱਚ ਵਿਭਾਗ ਦੀਆਂ ਸਕੀਮਾਂ ਨੂੰ ਸੁਚਾਰੂ ਰੂਪ ਵਿੱਚ ਲਾਗੂ ਕਰਵਾਉਣ ’ਤੇ ਬੱਚਿਆਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਸਕੂਲਾਂ ਦੀ ਮਾਨਿਟਰਿੰਗ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਦੀ ਗੱਲ ਕੀਤੀ ਗਈ ਹੈ।
ਅਧਿਆਪਕ ਸਿਖਲਾਈ ਪ੍ਰੋਗਰਾਮਾਂ ਨੂੰ ਸਮੇਂ ਦੀ ਲੋੜ ਅਨੁਸਾਰ ਤਿਆਰ ਕਰਕੇ ਸਮੇਂ-ਸਮੇਂ ’ਤੇ ਓਰੀਐੱਟੇਸ਼ਨ ਪ੍ਰੋਗਰਾਮ ਚਲਾਏ ਜਾਣੇ ਜਰੂਰੀ ਦੱਸੇ ਗਏ ਹਨ। ਇਸ ਤੋਂ ਇਲਾਵਾ ਡਾਇਟਾਂ ਦੀ ਭਾਗੀਦਾਰ ਅਤੇ ਇਹਨਾਂ ਦਾ ਕੰਟਰੋਲ, ਵੱਖ-ਵੱਖ ਵਿਭਾਗਾਂ ਦਾ ਕੋਆਰਡੀਨੇਸ਼ਨ, ਮੀਡੀਆ ਸੈੱਲ, ਐਕਸ਼ਨ ਰਿਸਰਚ ਸੈੱਲ, ਸਰਕਾਰੀ ਕਰਮਚਾਰੀਆਂ ਦੇ ਨਿਯਮਾਂ ਵਿੱਚ ਸੋਧਾਂ ਅਤੇ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਸਬੰਧੀ ਵੀ ਪ੍ਰਿੰਸੀਪਲਾਂ ਨੇ ਸੁਝਾਅ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…