Nabaz-e-punjab.com

ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਗਣਿਤ ਤੇ ਪੰਜਾਬੀ ਸਲਾਈਡ ਵਿਦਿਆਰਥੀਆਂ ਲਈ ਬਣੀ ਵਰਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਸਿੱਖਿਆ ਵਿਭਾਗ ਪੰਜਾਬ ਸਿੱਖਿਆ ਅਧਿਕਾਰੀਆਂ ਦੀ ਯੋਗ ਰਹਿਨੁਮਾਈ ਹੇਠ ਤਰੱਕੀ ਦੀਆਂ ਨਵੀਆਂ ਲੀਹਾਂ ‘ਤੇ ਜਾ ਰਿਹਾ ਹੈ। ਜਿੱਥੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਨੇ ਪ੍ਰਾਇਮਰੀ ਸਿੱਖਿਆ ਨੂੰ ਮਿਆਰੀ ਅਤੇ ਗੁਣਾਤਮਿਕ ਬਣਾਇਆ ਹੈ ਉੱਥੇ ਇਹ ਪ੍ਰੋਜੈਕਟ ਮਿਡਲ ਪੱਧਰ ਦੀ ਸਿੱਖਿਆ ਦੇ ਮਿਆਰੀ ਪੱਧਰ ਨੂੰ ਵੀ ਉੱਚ ਪਾਏ ਦਾ ਬਣਾਉਣ ਵਿੱਚ ਲਾਹੇਵੰਦ ਸਾਬਤ ਹੋ ਰਿਹਾ ਹੈ। ਜਿਸ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਲਈ ਵਿਭਾਗ ਵੱਲੋਂ ਸਲਾਈਡ ਭੇਜੀ ਜਾ ਰਹੀ ਹੈ ਇਸੇ ਦੀ ਲਗਾਤਾਰਤਾ ਤਹਿਤ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਗਣਿਤ ਵਿਸ਼ੇ ਦੇ ਅੰਗਰੇਜ਼ੀ ਮਾਧਿਅਮ ਵਿੱਚ ਵਿਕਾਸ ਲਈ ਵੀ ਸਲਾਈਡ ਭੇਜਣੀ ਸ਼ੁਰੂ ਕੀਤੀ ਗਈ ਹੈ ਕਿਉਂਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪਰਪੱਕ ਕਰਨ ਲਈ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਨੂੰ ਤਵੱਜੋ ਦੇ ਰਿਹਾ ਹੈ।
ਇਸ ਸਬੰਧੀ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਮੈਡਮ ਨਿਰਮਲ ਕੌਰ ਨੇ ਦੱਸਿਆ ਕਿ ਗਣਿਤ ਵਿਸ਼ੇ ਦੀ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਕਰਵਾਉਣ ਸਮੇਂ ਵਿਦਿਆਰਥੀਆਂ ਨੂੰ ਹਿਸਾਬ ਦੀ ਕੁੱਝ ਸਧਾਰਨ ਸ਼ਬਦਾਵਲੀ ਨੂੰ ਅੰਗਰੇਜ਼ੀ ਵਿੱਚ ਲਿਖਣ ਅਤੇ ਸਮਝਣ ਵਿੱਚ ਮੁਸ਼ਕਲ ਆ ਰਹੀ ਸੀ ਜਿਸ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਰੋਜ਼ਾਨਾ ਗਣਿਤ ਵਿਸ਼ੇ ਦੇ ਸਵਾਲਾਂ ਨੂੰ ਹੱਲ ਕਰਨ ਸਮੇਂ ਲਿਖੀ ਜਾਂਦੀ ਸ਼ਬਦਾਵਲੀ ਜਿਵੇਂ ਦੋਵੇਂ ਪਾਸੇ ਵਰਗ ਲੈਣ ‘ਤੇ (squaring on both sides), ਦੋਵੇਂ ਪਾਸੇ ਵਰਗਮੂਲ ਲੈਣ ’ਤੇ( taking square root on both sides), ਤਿਰਛੀ ਗੁਣਾ ਕਰਨ ‘ਤੇ (on cross multiplying) ਆਦਿ ਨੂੰ ਅੰਗਰੇਜ਼ੀ ਵਿੱਚ ਲਿਖਣ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀ ਹੌਲ਼ੀ-ਹੌਲ਼ੀ ਗਣਿਤ ਵਿਸ਼ੇ ਦੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਕਰਨ ਦੇ ਯੋਗ ਹੋਣਗੇ।
ਇਸ ਤੋਂ ਇਲਾਵਾ ਸਟੇਟ ਪ੍ਰੋਜੈਕਟ ਕੋਆਰਡੀਨਨੇਟਰ ਨੇ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਲਈ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਵਿਸ਼ੇ ਦੀ ਵੀ ਇੱਕ ਰੋਜ਼ਾਨਾ ਸਲਾਈਡ ਭੇਜ ਰਿਹਾ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਸਾਡੀਆਂ ਭੁੱਲੀਆਂ ਵਿਸਰੀਆਂ ਵਿਰਾਸਤੀ ਲੋਕ ਖੇਡਾਂ ਜਿਵੇਂ ਸੌਂਚੀ-ਪੱਕੀ, ਖਿੱਦੋ-ਖੂੰਡੀ,ਪੀਂਘ-ਪਲਾਂਘੜਾ, ਰੱਸਾ-ਕਸ਼ੀ, ਬੰਟੇ (ਕੁੰਡਲ/ਕਲੀ-ਜੋਟਾ) ਅਤੇ ਬੰਟੇ/ਅਖਰੋਟ ਆਦਿ ਨੂੰ ਖੇਡਣ ਦੀ ਜਾਣਕਾਰੀ ਅੱਖਰਾਂ ਦੀ ਸਹੀ ਬਣਾਵਟ ਸਹਿਤ ਬਹੁਤ ਹੀ ਸੁੰਦਰ ਹੱਥ ਲਿਖਤ ਰੂਪ ਵਿੱਚ ਦਿੱਤੀ ਹੋਈ ਹੈ। ਜਿਸ ਨਾਲ ਵਿਦਿਆਰਥੀ ‘ਇੱਕ ਪੰਥ ਦੋ ਕਾਜ‘ ਦੇ ਮੁਹਾਵਰੇ ਅਨੁਸਾਰ ਲੋਕ ਖੇਡਾਂ ਦੇ ਗੂੜ੍ਹ-ਗਿਆਨ ਤੋਂ ਜਾਣੂ ਹੋਣ ਦੇ ਨਾਲ਼-ਨਾਲ਼ ਸਹੀ ਸ਼ਬਦ-ਜੋੜਾਂ ਅਤੇ ਬਨਾਵਟ ਸਹਿਤ ਸੁੰਦਰ ਲਿਖਾਈ ਵੀ ਲਿਖਣਗੇ। ਵਿਭਾਗ ਹਰ ਰੋਜ਼ ਪੰਜਾਬੀ ਅਤੇ ਗਣਿਤ ਦੀ ਇੱਕ-ਇੱਕ ਸਲਾਈਡ ਭੇਜ ਰਿਹਾ ਹੈ। ਇਹ ਸਿੱਖਿਆ ਵਿਭਾਗ ਦਾ ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈ ਜੋ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…