nabaz-e-punjab.com

ਸਿੱਖਿਆ ਮੰਤਰੀ ਨੇ ਹਿੰਦੀ ਤੇ ਅੰਗਰੇਜ਼ੀ ਦੇ 599 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ

ਤਰਸ ਦੇ ਆਧਾਰ ’ਤੇ 27 ਉਮੀਦਵਾਰਾਂ ਨੂੰ ਵੀ ਮਿਲੇ ਨਿਯੁਕਤੀ ਪੱਤਰ, ਅਧਿਆਪਕਾਂ ਨੂੰ ਧਰਨੇ ਛੱਡ ਕੇ ਗੱਲਬਾਤ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੱਜ 3582 ਭਰਤੀ ਦੇ ਰਹਿੰਦੇ ਅੰਗਰੇਜ਼ੀ ਦੇ 257 ਅਤੇ ਹਿੰਦੀ ਦੇ 342 ਅਧਿਆਪਕਾਂ ਨੂੰ ਨਿਯੁਕਤੀ-ਕਮ-ਪੇਸ਼ਕਸ਼ ਪੱਤਰ ਵੰਡੇ। ਇਸ ਮੌਕੇ ਤਰਸ ਦੇ ਆਧਾਰ ਉਤੇ ਕਲਰਕ ਦੀਆਂ ਆਸਾਮੀਆਂ ਲਈ 6, ਲਾਇਬ੍ਰੇਰੀ ਰਿਸਟੋਰਰ ਦੀਆਂ ਆਸਾਮੀਆਂ ਲਈ 3, ਐਸ.ਐਲ.ਏ. 1 ਅਤੇ ਦਰਜਾ ਚਾਰ ਦੀਆਂ ਆਸਾਮੀਆਂ ਲਈ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਨ੍ਹਾਂ 3582 ਅਧਿਆਪਕਾਂ ਵਿੱਚੋਂ 2082 ਨੂੰ ਅੰਮ੍ਰਿਤਸਰ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਨਿਯੁਕਤੀ ਪੱਤਰ ਵੰਡੇ ਗਏ ਸਨ, ਜਦੋਂ ਕਿ ਅੰਗਰੇਜ਼ੀ ਤੇ ਹਿੰਦੀ ਵਿਸ਼ਿਆਂ ਦੇ ਅਧਿਆਪਕਾਂ ਦਾ ਮਾਮਲਾ ਅਦਾਲਤ ਵਿੱਚ ਚਲਾ ਗਿਆ ਸੀ। ਹੁਣ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਬਾਕੀ ਰਹਿੰਦੇ ਅਧਿਆਪਕਾਂ ਨੂੰ ਅੱਜ ਮੁਹਾਲੀ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਨਿਯੁਕਤੀ ਪੱਤਰ ਵੰਡੇ ਗਏ।
ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਵੀ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨਿਆਂ ਦਾ ਰਾਹ ਛੱਡ ਕੇ ਗੱਲਬਾਤ ਦੀ ਮੇਜ਼ ਉਤੇ ਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਤਿਆਰ ਹੈ ਅਤੇ ਮੰਨ ਵੀ ਰਹੀ ਹੈ ਤਾਂ ਅਧਿਆਪਕਾਂ ਨੂੰ ਮੁਜ਼ਾਹਰਿਆਂ ਦੇ ਰਾਹ ਪੈਣ ਦੀ ਕੀ ਲੋੜ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੱਜ ਨਿਯੁਕਤੀ ਪੱਤਰ ਲੈਣ ਵਾਲੇ ਅਧਿਆਪਕ ਇਹ ਪ੍ਰਣ ਕਰਨ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇਣਗੇ ਤਾਂ ਜੋ ਸਾਡੇ ਬੱਚੇ ਮੁਕਾਬਲੇ ਦੇ ਇਸ ਯੁੱਗ ਵਿੱਚ ਕਾਮਯਾਬ ਹੋਣ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਅਮਲੇ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸਕੂਲ ਸਿੱਖਿਆ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ, ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਕੁਮਾਰ ਗੋਇਲ, ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ, ਸਿੱਖਿਆ ਮੰਤਰੀ ਦੇ ਓ.ਐਸ.ਡੀ ਡੀਐਸ ਸਰੋਆ ਅਤੇ ਸਿੱਖਿਆ ਵਿਭਾਗ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…