nabaz-e-punjab.com

ਸਿੱਖਿਆ ਮੰਤਰੀ ਨੇ ਸੁਸਾਇਟੀਆਂ ਅਧੀਨ ਕੰਮ ਕਰਦੇ 650 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ

ਯੂਨੀਅਨਾਂ ਨਿੱਜੀ ਮੁਫ਼ਾਦ ਲਈ ਅਧਿਆਪਕਾਂ ਨੂੰ ਵਰਤ ਰਹੀਆਂ ਹਨ: ਸੋਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਯੂਨੀਅਨਾਂ ਨਿੱਜੀ ਮੁਫ਼ਾਦ ਲਈ ਅਧਿਆਪਕਾਂ ਨੂੰ ਵਰਤ ਰਹੀਆਂ ਹਨ। ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਦੋਵੇਂ ਆਪਸ਼ਨਾਂ ਦਿੱਤੀਆਂ ਸਨ। ਉਹ ਜਾਂ ਸੁਸਾਇਟੀਆਂ ਅਧੀਨ ਸੇਵਾਵਾਂ ਜਾਰੀ ਰੱਖਣ ਜਾਂ ਫਿਰ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨੇ ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਹੋਰ ਸੁਸਾਇਟੀਆਂ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਵਾਲੇ 650 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਰਤਾਂ ਅਨੁਸਾਰ ਆਉਣ ਦੀ ਆਪਸ਼ਨ ਜਾਂ ਸੁਸਾਇਟੀਆਂ ਅਧੀਨ ਰਹਿਣ ਦੀ ਆਪਸ਼ਨ ਦਿੱਤੀ ਗਈ ਸੀ। ਇਸ ਆਪਸ਼ਨ ਨੂੰ 23 ਅਕਤੂਬਰ ਤੱਕ ਕਲਿੱਕ ਕਰਨ ਵਾਲੇ ਹਜ਼ਾਰਾਂ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸਨ। ਅੱਜ ਇਸ ਸਮਾਗਮ ਦੌਰਾਨ 8 ਤੋਂ 23 ਅਕਤੂਬਰ ਤੱਕ ਸਿੱਖਿਆ ਵਿਭਾਗ ਵਿੱਚ ਆਉਣ ਦੀ ਆਪਸ਼ਨ ਦੇਣ ਵਾਲੇ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਨੇ ਨਿਯੁਕਤੀ ਪੱਤਰ ਦਿੱਤੇ। ਉਨਾਂ ਕਿਹਾ ਕਿ ਰੈਗੂਲਰ ਹੋਣ ਦੀ ਆਪਸ਼ਨ ਦੇਣ ਵਾਲੇ ਇਨਾਂ ਅਧਿਆਪਕਾਂ ਨੂੰ ਮਨਪਸੰਦ ਦੇ ਸਟੇਸ਼ਨ ਦਿੱਤੇ ਜਾਣਗੇ।
ਇਸ ਮੌਕੇ ਸ੍ਰੀ ਸੋਨੀ ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ 5000 ਰੁਪਏ ਗ੍ਰੇਡ ਪੇਅ ਵੀ ਦਿੱਤੀ ਹੈ, ਜਿਸ ਲਈ ਉਹ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨਾਂ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਅੰਗ ਬਣ ਚੁੱਕੇ ਇਹ ਅਧਿਆਪਕ ਹੁਣ ਸਰਕਾਰ ਦੀਆਂ ਸਿੱਖਿਆ ਨੂੰ ਪ੍ਰਫੁੱਲਤ ਕਰਨ ਵਾਲੀਆਂ ਨੀਤੀਆਂ ਨੂੰ ਬਾਖੂਬੀ ਲਾਗੂ ਕਰ ਕੇ ਆਪਣਾ ਤੇ ਸਕੂਲਾਂ ਦਾ ਨਾਮ ਰੌਸ਼ਨ ਕਰਨ। ਉਨਾਂ ਕਿਹਾ ਕਿ ਅਧਿਆਪਨ ਦਾ ਕਿੱਤਾ ਚੁਣਨ ਪਿੱਛੋਂ ਅਧਿਆਪਕ ਨੂੰ ਵਿਦਿਆਰਥੀਆਂ ਦੇ ਵਧੀਆ ਨਤੀਜਿਆਂ ਲਈ ਸੋਚਣਾ ਚਾਹੀਦਾ ਹੈ, ਨਾ ਕਿ ਬੱਚਿਆਂ ਦੀ ਸਿੱਖਿਆ ਨੂੰ ਢਾਲ ਬਣਾ ਕੇ ਨੀਤੀਆਂ ਦਾ ਬਾਈਕਾਟ ਕਰਦੇ ਹੋਏ ਲੀਡਰੀ ਚਮਕਾਉਣੀ ਚਾਹੀਦੀ ਹੈ। ਉਨਾਂ ਧਰਨਾ ਦੇਣ ਵਾਲੇ ਅਧਿਆਪਕਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਧਿਆਪਕ ਲੀਡਰੀ ਛੱਡ ਕੇ ਅਧਿਆਪਨ ਦਾ ਕੰਮ ਹੀ ਕਰਨ।
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮਨੋਹਰ ਕਾਂਤ ਕਲੋਹੀਆ, ਡੀਜੀਐਸਈ ਪ੍ਰਸ਼ਾਂਤ ਗੋਇਲ, ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ, ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਤੇ ਹੋਰ ਸਿੱਖਿਆ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…