ਸਿੱਖਿਆ ਮੰਤਰੀ ਨੇ ਨਵੇਂ ਭਰਤੀ 1500 ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ, ਮਨਪਸੰਦ ਸਟੇਸ਼ਨ ਵੀ ਅਲਾਟ

ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ
ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਨਵੇਂ ਭਰਤੀ 1500 ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਨਵ ਨਿਯੁਕਤ ਅਧਿਆਪਕਾਂ ਨੂੰ ਮੈਰਿਟ ਅਨੁਸਾਰ ਬੁਲਾ ਕੇ ਮਨਪਸੰਦ ਦੇ ਸਟੇਸ਼ਨ ਵੀ ਅਲਾਟ ਕੀਤੇ।
ਮੁਹਾਲੀ ਸਥਿਤ ਬੋਰਡ ਕੰਪਲੈਕਸ ਵਿਖੇ ਹੋਏ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਵੰਡਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਡਾ.ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖਿਆ ਵਿਭਾਗ ਨੂੰ ਸਿਖਰਾਂ ’ਤੇ ਲਿਜਾਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਫਨਾ ਅੱਜ ਪੂਰਾ ਹੋ ਗਿਆ ਜਦੋਂ ਸਿੱਖਿਆ ਵਿਭਾਗ ਵੱਲੋਂ ਚੱਲ ਰਹੀ ਸਾਰੀ ਭਰਤੀ ਪ੍ਰਕਿਰਿਆ ਮੁਕੰਮਲ ਕਰਦਿਆਂ ਮਾਸਟਰ ਕਾਡਰ ਦੇ ਬਾਕੀ ਰਹਿੰਦੇ 1500 ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਸੌਂਪੇ ਗਏ ਹਨ। ਇਸ ਨਾਲ 6050 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੇਪਰੇ ਚੜ੍ਹ ਗਈ। ਇਸ ਤੋਂ ਇਲਾਵਾ 4500 ਤੇ 2005 ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਪਹਿਲਾਂ ਹੀ ਮੁਕੰਮਲ ਹੋ ਗਈ ਸੀ।
ਡਾ.ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਪਿਛਲੇ ਸਾਢੇ 9 ਸਾਲਾਂ ਵਿੱਚ 84000 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਨ੍ਹਾਂ ਵਿੱਚ ਪਿਛਲੇ ਕੁਝ ਸਮੇਂ ਅੰਦਰ ਕੀਤੀ ਰਿਕਾਰਡ 20,000 ਅਧਿਆਪਕਾਂ ਦੀ ਭਰਤੀ ਵੀ ਸ਼ਾਮਲ ਹੈ। ਉਨ੍ਹਾਂ ਭਰਤੀ ਦੀ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸਾਫ ਸੁਥਰੇ ਤਰੀਕੇ ਨਾਲ ਕੰਮ ਨੂੰ ਸਿਰੇ ਲਾਉਣ ਲਈ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਭਰਤੀ ਬੋਰਡ ਨੂੰ ਵਧਾਈ ਦਿੱਤੀ। ਉਨ੍ਹਾਂ ਡੀ.ਪੀ.ਆਈ. ਸ੍ਰੀ ਢੋਲ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਜਿਨ੍ਹਾਂ ਇਕ ਦਿਨ ਦੇ ਨੋਟਿਸ ਉਪਰ ਅੱਜ ਦਾ ਪ੍ਰੋਗਰਾਮ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਵੇਲੇ ਪ੍ਰਾਇਮਰੀ ਪੱਧਰ ’ਤੇ 31 ਮਾਰਚ 2017 ਤੱਕ ਇਕ ਵੀ ਅਸਾਮੀ ਖਾਲੀ ਨਹੀਂ ਹੈ ਜੋ ਕਿ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।
ਸਿੱਖਿਆ ਮੰਤਰੀ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਇਹ ਆਸ ਪ੍ਰਗਟਾਈ ਕਿ ਉਹ ਨਵੀਆਂ ਤਕਨੀਕਾਂ ਅਤੇ ਤਜ਼ਰਬੇ ਨਾਲ ਸਿੱਖਿਆ ਵਿਭਾਗ ਨੂੰ ਹੋਰ ਸਿਖਰਾਂ ਵੱਲ ਲਿਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦ੍ਰਿੜ੍ਹ ਸੀ ਜਿਸ ਲਈ ਭਰਤੀ ਦੀ ਪ੍ਰਕਿਰਿਆ ਨੂੰ ਸਭ ਤੋਂ ਵੱਧ ਪਹਿਲ ਦਿੰਦਿਆਂ ਇਹ ਕੰਮ ਜਲਦੀ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਅਧਿਆਪਕਾਂ ਤੋਂ ਇਹ ਆਸ ਕੀਤੀ ਜਾਵੇਗੀ ਕਿ ਉਹ ਹੋਰ ਵੀ ਵਧੀਆ ਨਤੀਜੇ ਲੈ ਕੇ ਆਉਣਗੇ।
ਇਸ ਤੋਂ ਪਹਿਲਾਂ ਸੰਬਧੋਨ ਕਰਦਿਆਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਕਿਹਾ ਕਿ ਸਿੱਖਿਆ ਮੰਤਰੀ ਡਾ.ਚੀਮਾ ਦੀ ਨਿੱਜੀ ਦਿਲਚਸਪੀ ਅਤੇ ਸੁਚੱਜੀ ਅਗਵਾਈ ਸਦਕਾ ਸਿੱਖਿਆ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ ਅਤੇ ਰਿਕਾਰਡ ਭਰਤੀ ਕੀਤੀ ਗਈ ਹੈ। ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਇਸ ਉਪਰੰਤ ਮੈਰਿਟ ਅਨੁਸਾਰ ਨਵ-ਨਿਯੁਕਤ ਅਧਿਆਪਕਾਂ ਨੂੰ ਬੁਲਾ ਕੇ ਮਨਪਸੰਦ ਦੇ ਸਟੇਸ਼ਨ ਅਲਾਟ ਕੀਤੇ ਗਏ। ਅੰਗਹੀਣ ਵਰਗ ਦੇ ਅਧਿਆਪਕਾਂ ਨੂੰ ਪਹਿਲ ਦਿੱਤੀ ਗਈ।
ਇਸ ਮੌਕੇ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ, ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਜੇ.ਆਰ.ਮਹਿਰੋਕ, ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ, ਸ੍ਰੀ ਧਰਮ ਸਿੰਘ, ਸ੍ਰੀ ਕਰਮਜੀਤ ਸਿੰਘ ਤੇ ਡਾ.ਗਿੰਨੀ ਦੁੱਗਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…