
ਸਿੱਖਿਆ ਮੰਤਰੀ ਡਾ. ਚੀਮਾ ਵੱਲੋਂ ਪੰਜਾਬੀ ਭਾਸ਼ਾ ਦੀ ਆਨਲਾਈਨ ਸਿਖਲਾਈ ਲਈ ਵੈਬਸਾਈਟ ਲਾਂਚ
ਕੈਪਟਨ ਅਮਰਿੰਦਰ ਵੱਲੋਂ ਕਿਸਾਨ ਯੂਨੀਅਨ ਆਗੂਆਂ ਨੂੰ ਕਿਸਾਨਾਂ ਦੇ ਮੁੱਦੇ ਪਹਿਲ ਦੇ ਅਧਾਰ ’ਤੇ ਸੁਲਝਾਉਣ ਦਾ ਭਰੋਸਾ
ਸਿਰਫ਼ ਕੈਪਟਨ ਅਮਰਿੰਦਰ ਹੀ ਕਿਸਾਨਾਂ ਨੂੰ ਬਰਬਾਦੀ ਤੋਂ ਬਚਾ ਕੇ ਖੇਤੀਬਾੜੀ ਖੇਤਰ ਨੂੰ ਮੁੜ ਪੱਟੜੀ ’ਤੇ ਲਿਆ ਸਕਦੇ ਹਨ: ਕਿਸਾਨ ਆਗੂ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਦਸੰਬਰ:
ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਅੱਜ ਪੰਜਾਬੀ ਭਾਸ਼ਾ ਦੀ ਆਨਲਾਈਨ ਸਿਖਲਾਈ ਲਈ ਵੈਬਸਾਈਟ ਲਾਂਚ ਕੀਤੀ ਗਈ। ਇਹ ਵੈਬਸਾਈਟ www.elearnpunjabi.com ਜਾਂ www.elearnpunjabi.in ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਬਣਾਈ ਗਈ ਹੈ। ਡਾ. ਚੀਮਾ ਨੇ ਕਿਹਾ ਕਿ ਇਹ ਵੈਬਸਾਈਟ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਘਰ ਬੈਠੇ ਪੰਜਾਬੀ ਸਿਖਾਉਣ ਵਿੱਚ ਅਹਿਮ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮਾਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੈਬਸਾਈਟ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਅੱਜ ਪੂਰਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਵੈਬਸਾਈਟ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਲਈ ਲਾਜ਼ਮੀ ਬਣਾਉਣ ਕਾਰਨ ਇਹ ਵੈਬਸਾਈਟ ਪੰਜਾਬ ਤੋਂ ਬਾਹਰਲੇ ਵਸਨੀਕਾਂ ਲਈ ਵੀ ਬਹੁਤ ਸਹਾਈ ਹੋਵੇਗੀ ਜੋ ਪੰਜਾਬ ਸੂਬੇ ਵਿੱਚ ਨੌਕਰੀ ਦੇ ਚਾਹਵਾਨ ਹੋਣ। ਉਨ੍ਹਾਂ ਕਿਹਾ ਕਿ ਅੱਜ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਅਜਿਹੇ ਇਤਿਹਾਸਕ ਮੌਕੇ ਪੰਜਾਬੀ ਭਾਸ਼ਾ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਸਿਖਾਉਣ ਲਈ ਅਹਿਮ ਇਹ ਵੈਬਸਾਈਟ ਜਾਰੀ ਕੀਤੀ ਜਾ ਰਹੀ ਹੈ। ਡਾ.ਚੀਮਾ ਨੇ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰ੍ਹੰਗੇਢ ਮੌਕੇ ਸਿੱਖਿਆ ਬੋਰਡ ਵੱਲੋਂ ‘ਧਰਤ ਪੰਜਾਬ’ ਪੁਸਤਕ ਜਾਰੀ ਕੀਤੀ ਗਈ ਸੀ ਅਤੇ ਅੱਜ ਵੈਬਸਾਈਟ ਜਾਰੀ ਕੀਤੀ ਗਈ ਹੈ। ਉਨ੍ਹਾਂ ਬੋਰਡ ਅਧਿਕਾਰੀਆਂ ਨੂੰ ਕਿਹਾ ਕਿ ਇਸ ਵੈਬਸਾਈਟ ਨੂੰ ਸਮੇਂ ਸਮੇਂ ’ਤੇ ਅੱਪਡੇਟ ਕੀਤਾ ਜਾਵੇ ਅਤੇ ਆਨਲਾਈਨ ਇਮਤਿਹਾਨ ਦੀ ਵਿਵਸਥਾ ਵੀ ਸ਼ੁਰੂ ਕੀਤੀ ਜਾਵੇ ਤਾਂ ਜੋ ਆਨਲਾਈਨ ਕੋਰਸ ਕਰਨ ਵਾਲਿਆਂ ਨੂੰ ਆਪਣੇ ਆਪ ਨੂੰ ਮੁਲਾਂਕਣ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਂਟਰ ਅਤੇ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਇਹ ਕੰਮ ਡਾ.ਗੁਰਪ੍ਰੀਤ ਲਹਿਲ ਦੀ ਅਗਵਾਈ ਹੇਠ ਹੋਇਆ। ਉਨ੍ਹਾਂ ਬੋਰਡ ਅਤੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਵੈਬਸਾਈਟ ਦੀ ਵਰਤੋਂ ਸਬੰਧੀ ਵਰਕਸ਼ਾਪਾਂ ਲਗਾਈਆਂ ਜਾਣ ਅਤੇ ਐਜੂਸੈਟ ਰਾਹੀਂ ਵੀ ਲੋਕਾਂ ਨੂੰ ਦਿਖਾਇਆ ਜਾਵੇ। ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ 10 ਵਿਭਾਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਕੰਮ ਸਿੱਖਿਆ ਮੰਤਰੀ ਡਾ. ਚੀਮਾ ਦੀ ਪ੍ਰੇਰਨਾ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਭਾਸ਼ਾ ਦੀ ਆਪਣੀ ਅਹਿਮੀਅਤ ਹੈ ਪਰ ਮਾਂ ਬੋਲੀ ਦਾ ਨਿਵੇਕਲਾ ਸਥਾਨ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਆਨ ਲਾਈਨ ਪ੍ਰੀਖਿਆ ਦੇ ਦਿੱਤੇ ਸੁਝਾਅ ਨੂੰ ਅਮਲ ਵਿੱਚ ਲਿਆਉਣ ਲਈ ਬੋਰਡ ਕੰਮ ਕਰੇਗਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਤਕਨੀਕੀ ਟੀਮ ਵੱਲੋਂ ਵੱਡੀ ਸਕਰੀਨ ਉਪਰ ਵੈਬਸਾਈਟ ਦੀ ਕਾਰਜਪ੍ਰਣਾਲੀ ਨੂੰ ਵੀਡਿਓ ਰਾਹੀਂ ਦਿਖਾਇਆ ਗਿਆ ਅਤੇ ਵੱਖ-ਵੱਖ ਸਲਾਈਡ ਸ਼ੋਅ ਨਾਲ ਇਸ ਦੇ ਨਿਵੇਕਲੇ ਕੰਮਾਂ ਅਤੇ ਇਸ ਨੂੰ ਵਰਤੋਂ ਕਰਨ ਦਾ ਤਰੀਕਾ ਦੱਸਿਆ ਗਿਆ। ਵੈਬਸਾਈਟ ਰਾਹੀਂ ਪੰਜਾਬੀ ਭਾਸ਼ਾ ਨੂੰ ਸਿਖਾਉਣ ਲਈ ਆਡਿਓ-ਵੀਡਿਓ ਦੀ ਵੀ ਸਹਾਇਤਾ ਲਈ ਗਈ ਹੈ।
ਬੋਰਡ ਦੇ ਸਕੱਤਰ ਸ੍ਰੀ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪੜਾਅ ਵਾਰ 100-125 ਵੀਡੀਓ ਸਬਕ ਤਿਆਰ ਕੀਤੇ ਜਾਣੇ ਹਨ ਜਿਹਨਾਂ ਚੋਂ ਪਹਿਲੇ ਪੜਾਅ ਅਧੀਨ ਅੱਜ 18 ਵੀਡੀਓ ਸਬਕ ਆਨ-ਲਾਈਨ ਪਾ ਦਿੱਤੇ ਗਏ ਹਨ ਜਿਹਨਾਂ ‘ਚ ਪੰਜਾਬੀ ਬਾਰੇ ਜਾਣ ਪਛਾਣ(1), ਗੁਰਮੁਖੀ ਵਰਨਮਾਲਾ(9) , ਪੰਜਾਬੀ ਅੰਕ(4) ਪੰਜਾਬੀ ਵਿੱਚ ਹਫ਼ਤੇ ਦੇ ਦਿਨ, ਤਾਰੀਖ, ਸਮਾਂ ਅਤੇ ਮੌਸਮ(3) ਅਸਲ ਜਿੰਦਗੀ ਦੀ ਗੱਲਬਾਤ ਅਤੇ ਅਜਾਇਬ ਘਰ ਦੀ ਸੈਰ (1) ਬਾਰੇ ਵੀਡੀਓ ਸਬਕ ਅਪਲੋਡ ਕਰ ਦਿੱਤੇ ਗਏ ਹਨ। ਆਨ-ਲਾਈਨ ਪੰਜਾਬੀ ਦੀ ਪੜ੍ਹਾਈ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸਮਾਰਟ ਫੋਨ, ਆਈ ਪੈੱਡ, ਟੈਬਲੇਟ, ਕੰਪਿਊਟਰ ਆਦਿ ਕਿਸੇ ਵੀ ਪ੍ਰਚਲਿਤ ਯੰਤਰ ਤੋਂ ਬੜੇ ਹੀ ਰੌਚਕ ਤੇ ਆਕਰਸ਼ਿਤ ਤਰੀਕੇ ਨਾਲ ਪੰਜਾਬੀ ਸਿੱਖੀ ਜਾ ਸਕਦੀ ਹੈ। ਇਹਨਾਂ ਵੀਡੀਓ ਸਬਕਾ ਦੀ ਵਿਸ਼ੇਸ਼ਤਾ ਹੈ ਕਿ ਅੱਖਰ ਕਿਵੇਂ ਲਿਖਣੇ ਹਨ, ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਹੜੇ ਸ਼ਬਦਾਂ ਦੇ ਬੋਲਣ ਲਈ ਬੁੱਲ੍ਹਾਂ, ਗਲੇ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਸਭ ਕੁਝ ਤਕਨੀਕ ਅਤੇ ਵੀਡੀਓ ਦੇ ਜ਼ਰੀਏ ਬਾਖੂਬੀ ਸਮਝਾਇਆ ਗਿਆ ਹੈ। ਦਿੱਤੇ ਗਏ ਸਬਕ ‘ਪਾਠ ਅਤੇ ਸੁਣਨ’ ਦੋਨਾਂ ਰੂਪਾਂ ‘ਚ ਹਨ। ਅਗਲੇ ਅਕਾਦਮਿਕ ਸੈਸ਼ਨ ਤੋਂ ਇਸ ਵੈੱਬ-ਸਾਈਟ ਜ਼ਰੀਏ ‘ਸਰਟੀਫੀਕੇਟ ਕੋਰਸ’ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਡੀਜੀਐਸਈ ਪਰਦੀਪ ਅਗਰਵਾਲ, ਬੋਰਡ ਦੇ ਵਾਈਸ ਚੇਅਰਮੈਨ ਸੁਰੇਸ਼ ਕੁਮਾਰ ਟੰਡਨ, ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ, ਡਾਇਰੈਕਟਰ (ਕੰਪਿਊਟਰ) ਸ੍ਰੀਮਤੀ ਨਵਨੀਤ ਕੌਰ ਗਿੱਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਇੰਦਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਜੋਗਿੰਦਰ ਸਿੰਘ ਤੇ ਡਾ.ਗੁਰਮੀਤ ਸਿੰਘ ਮਾਨ ਵੀ ਹਾਜ਼ਰ ਸਨ।