
ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ
ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ ਮਾਪਿਆਂ ਤੇ ਬੱਚਿਆਂ ਨਾਲ ਖੁੱਲ੍ਹ ਕੇ ਕੀਤੀਆਂ ਗੱਲਾਂ-ਬਾਤਾਂ
ਪੰਜਾਬ ਭਰ ਦੇ 20 ਹਜ਼ਾਰ ਸਕੂਲਾਂ ਵਿੱਚ ਹੋਈ ਮੌਜੂਦਾ ਅਕਾਦਮਿਕ ਸੈਸ਼ਨ ਦੀ ਆਖ਼ਰੀ ਮੈਗਾ ਪੀਟੀਐਮ
ਨਬਜ਼-ਏ-ਪੰਜਾਬ, ਮੁਹਾਲੀ, 29 ਮਾਰਚ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਮੁਹਾਲੀ ਦੇ ਫੇਜ਼-11 ਸਥਿਤ ਸਕੂਲ ਆਫ਼ ਐਮੀਨੈਂਸ ਵਿੱਚ ਮੌਜੂਦਾ ਅਕਾਦਮਿਕ ਸੈਸ਼ਨ ਦੀ ਆਖ਼ਰੀ ਮੈਗਾ ਪੀਟੀਐਮ (ਮਾਪੇ-ਅਧਿਆਪਕ ਮਿਲਣੀ) ਵਿੱਚ ਪਹੁੰਚ ਕੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਦੀ ਇੱਛਾ ਅਤੇ ਮਾਪਿਆਂ ਵੱਲੋਂ ਸਰਕਾਰ ਤੋਂ ਰੱਖੀਆਂ ਉਮੀਦਾਂ ਬਾਰੇ ਵੀ ਜਾਣਿਆ। ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚਣ ਦੇ ਸੁਫ਼ਨਿਆਂ ਨੂੰ ਖੰਭ ਲਾਉਣ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਚਰਚਿਲ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ, ਪ੍ਰਿੰਸੀਪਲ ਕਮ ਕੰਟਰੋਲਰ ਪ੍ਰੀਖਿਆਵਾਂ ਲਵਿਸ਼ ਚਾਵਲਾ ਵੀ ਮੌਜੂਦ ਸਨ।
ਬੈਂਸ ਨੇ ਕਿਹਾ ਕਿ ‘ਆਪ’ ਸਰਕਾਰ ਦੇ ਹੁੰਦਿਆਂ ਨਾ ਬੱਚਿਆਂ ਦੀ ਵਰਦੀ ਲਈ ਫ਼ਿਕਰ ਕਰਨ ਦੀ ਲੋੜ ਹੈ ਅਤੇ ਨਾ ਕਿਤਾਬਾਂ ਲਈ। ਉਨ੍ਹਾਂ ਦਾਅਵਾ ਕੀਤਾ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਦੇ ਪਹਿਲੇ ਹੀ ਦਿਨ ਵਿਦਿਆਰਥੀਆਂ ਦੇ ਹੱਥਾਂ ਵਿੱਚ ਮੁਫ਼ਤ ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਵਾਰ ਕਿਤਾਬਾਂ ਦੀ ਛਪਾਈ ’ਚੋਂ 27 ਫ਼ੀਸਦੀ (21 ਕਰੋੜ) ਬੱਚਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਬਾਰੇ ਨਾਂਹ-ਪੱਖੀ ਹੀ ਸੁਣਨ ਨੂੰ ਮਿਲਦਾ ਸੀ ਪਰ ਅੱਜ ਹਾਲਾਤ ਬਦਲ ਗਏ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 22 ਅਕਤੂਬਰ ਨੂੰ ਹੋਈ ਮੈਗਾ ਪੀਟੀਐਮ ਵਿੱਚ 21 ਲੱਖ ਤੋਂ ਵੱਧ ਮਾਪਿਆਂ ਨੇ ਸ਼ਿਰਕਤ ਕੀਤੀ ਸੀ ਜਦੋਂਕਿ ਦਸੰਬਰ 2023 ਦੌਰਾਨ ਇਹ ਗਿਣਤੀ 20.55 ਲੱਖ ਸੀ। ਬੈਂਸ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ’ਚੋਂ ਨਿਕਲੇ 189 ਬੱਚਿਆਂ ਨੂੰ ਆਈਆਈਟੀ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਦਾਖ਼ਲੇ ਦਾ ਆਧਾਰ ਬਣਦੇ ਜੇਈਈ ਮੇਨਜ਼ ਦੀ ਪ੍ਰਤੀਯੋਗੀ ਪ੍ਰੀਖਿਆ ਕਲੀਅਰ ਕੀਤੀ ਹੈ। ਸਕੂਲ ਆਫ਼ ਐਮੀਨੈਂਸ ਦੀਆਂ 15000 ਸੀਟਾਂ ਲਈ 1.5 ਲੱਖ ਅਰਜ਼ੀਆਂ ਆ ਚੁੱਕੀਆਂ ਹਨ।
ਪੰਜਾਬ ਵਿੱਚ 42 ਸਕੂਲ ਆਫ਼ ਐਮੀਨੈਂਸ ਅਤੇ 425 ਸਕੂਲ ਆਫ਼ ਹੈਪੀਨੈੱਸ ਬਣ ਕੇ ਤਿਆਰ ਹਨ ਜਦੋਂਕਿ ਬਿਜ਼ਨਸ ਬਲਾਸਟਰਜ਼ ਤਿਆਰ ਕਰਨ ਲਈ 40 ਹੁਨਰ ਸਿੱਖਿਆ ਸਕੂਲ ਤਿਆਰ ਕੀਤੇ ਗਏ ਹਨ। ਹੁਣ ਕੋਈ ਵੀ ਬੱਚਾ ਜ਼ਮੀਨ ’ਤੇ ਨਹੀਂ ਬੈਠਦਾ। ਲੜਕੇ ਤੇ ਲੜਕੀਆਂ ਲਈ ਸਾਫ਼-ਸੁਥਰੇ ਵੱਖਰੇ ਵਾਸ਼ਰੂਮ/ਪਖਾਨੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ। 17 ਹਜ਼ਾਰ ਸਕੂਲਾਂ ਵਿੱਚ ਵਾਈਫ਼ਾਈ ਅਤੇ 5000 ਸਕੂਲਾਂ ਵਿੱਚ ਸੋਲਰ ਪੈਨਲ ਲੱਗ ਚੁੱਕਾ ਹੈ। ਬਹੁਗਿਣਤੀ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ। ਸੂਬੇ ਦੇ 125 ਸਕੂਲਾਂ ਵਿੱਚ 250 ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ 10 ਹਜ਼ਾਰ ਬੱਚਿਆਂ ਨੂੰ ਲਾਭ ਮਿਲ ਰਿਹਾ ਹੈ। ਸਰਕਾਰ ਨੇ 20 ਹਜ਼ਾਰ ਅਧਿਆਪਕ ਦਿੱਤੇ ਹਨ ਅਤੇ 525 ਤੋਂ ਵੱਧ ਅਧਿਆਪਕ ਸਿੰਘਾਪੁਰ, ਫ਼ਿਨਲੈਂਡ, ਆਈਆਈਐਮ ਅਹਿਮਦਾਬਾਦ ਵਿੱਚ ਵਿਸ਼ੇਸ਼ ਸਿਖਲਾਈ ਲੈ ਕੇ ਆਏ ਹਨ।