Nabaz-e-punjab.com

ਸਿੱਖਿਆ ਮੰਤਰੀ ਨੇ ਆਈਏਐਸ ਕ੍ਰਿਸ਼ਨ ਕੁਮਾਰ ਨੂੰ ਦਿੱਤਾ ਇਮਾਨਦਾਰੀ ਦਾ ਖ਼ਿਤਾਬ, ਕਿਹਾ ਸਾਡੇ ’ਚ ਕੋਈ ਟਕਰਾਅ ਨਹੀਂ

ਸਿੱਖਿਆ ਮੰਤਰੀ ਵੱਲੋਂ 300 ਤੋਂ ਵੱਧ ਸਕੂਲ ਮੁਖੀਆਂ ਦਾ ਸਨਮਾਨ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਵੀ ਕੀਤੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਵਾਦ ਤੋਂ ਬਾਅਦ ਅੱਜ ਸਿੱਖਿਆ ਮੰਤਰੀ ਓਪੀ ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਇਕ ਮੰਚ ’ਤੇ ਨਜ਼ਰ ਆਏ ਅਤੇ ਉਨ੍ਹਾਂ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਸ਼ਾਨਦਾਰ ਨਤੀਜੇ ਦੇਣ ਵਾਲੇ ਜ਼ਿਲ੍ਹਾ ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਸ੍ਰੀ ਸੋਨੀ ਨੇ ਕਿਹਾ ਕਿ ਸਾਰੇ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੇ ਮਿਹਨਤ ਨਾਲ ਕੰਮ ਕਰਕੇ ਵਧੀਆ ਨਤੀਜੇ ਦਿੱਤੇ ਹਨ। ਉਨ੍ਹਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਕਾਰਜਸ਼ੈਲੀ ਦੀ ਵੀ ਤਾਰੀਫ਼ ਕੀਤੀ।
ਓਪੀ ਸੋਨੀ ਨੇ ਸਿੱਖਿਆ ਸਕੱਤਰ ਨੂੰ ਇਮਾਨਦਾਰੀ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਚਲ ਰਹੀ ਚਰਚਾ ਮਹਿਜ਼ ਝੂਠੀਆਂ ਅਫ਼ਵਾਹਾ ਹਨ ਕਿ ਸਕੱਤਰ ਤੇ ਸਿੱਖਿਆ ਮੰਤਰੀ ਵਿੱਚ ਟਕਰਾਅ ਚਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਮਾਨਦਾਰ ਅਫ਼ਸਰ ਨਾਲ ਟਕਰਾਅ ਦਾ ਕੋਈ ਸਵਾਲ ਹੀ ਨਹੀਂ ਹੈ। ਉਹ ਤਾਂ ਸਗੋਂ ਨਿਸਚਿੰਤ ਹਨ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਿਹਨਤ ਅਤੇ ਈਮਾਨਦਾਰੀ ਨਾਲ ਸਿੱਖਿਆ ਵਿਭਾਗ ਦੇ ਜੋ ਵੀ ਕੰਮ ਹੋ ਰਹੇ ਹਨ ਉਹ ਬਹੁਤ ਵਧੀਆ ਹਨ।
ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਕੀਤੇ ਗਏ ਮਿਸਾਲੀ ਕਾਰਜਾਂ ’ਤੇ ਵਿਸਥਾਰ ਵਿੱਚ ਚਾਨਣਾ ਪਾਉਂਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਦੇ ਹਰ ਪੱਧਰ ਦੇ ਅਧਿਕਾਰੀ ਤਨੋਂ-ਮਨੋਂ ਕੰਮ ਕਰ ਰਹੇ ਹਨ। ਡੀਪੀਆਈ ਸੁਖਜੀਤਪਾਲ ਸਿੰਘ, ਐਸਸੀਈਆਰਟੀ ਦੇ ਡਾਇਰੈਕਟਰ ਇੰਦਰਜੀਤ ਸਿੰਘ, ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਵੀ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ।
(ਬਾਕਸ ਆਈਟਮ)
ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਪਿਛਲੇ ਸਾਲ ਦੇ ਚਿੰਤਾਜਨਕ ਨਤੀਜਿਆਂ ਨੂੰ ਪਿੱਛੇ ਛੱਡਦਿਆਂ ਐਤਕੀਂ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰਵਾ ਕੇ ਵਧੀਆਾਂ ਨਤੀਜੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਖ਼ੁਦ ਅਤੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਅਧਿਆਪਕ ਇਕ ਟੀਮ ਵਜੋਂ ਕੰਮ ਕਰ ਰਹੇ ਹਨ। ਸਰਹੱਦੀ ਪਿੰਡਾਂ ਦੇ ਸਕੂਲਾਂ ਵਿੱਚ ਨਵੀਂ ਭਰਤੀ ਵਾਲੇ ਅਧਿਆਪਕ ਹਾਜ਼ਰ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਧਿਆਪਕ ਦੀ ਮੈਰਿਟ ਦੇ ਆਧਾਰ ’ਤੇ ਭਰਤੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…