nabaz-e-punjab.com

ਸਿੱਖਿਆ ਮੰਤਰੀ ਨੇ ਵਿਧਾਨ ਸਭਾ ਵਿੱਚ ਕੁੱਕ ਬੀਬੀਆਂ ਦੀਆਂ ਤਨਖ਼ਾਹਾਂ ਬਾਰੇ ਦਿੱਤਾ ਬਿਆਨ ਗੈਰਜ਼ਿੰਮੇਵਾਰੀ ਵਾਲਾ

ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਦੀਆਂ ਕੁੱਕ ਬੀਬੀਆਂ ਨੇ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ

ਮਹਿਲਾ ਦਿਵਸ ’ਤੇ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ 8 ਮਾਰਚ ਨੂੰ ਕੁੱਕ ਬੀਬੀਆਂ ਵੱਲੋਂ ਕੀਤਾ ਜਾਵੇਗਾ ਪਿੱਟ ਸਿਆਪਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਮਿਡ ਡੇਅ ਮੀਲ ਕੁੱਕ ਬੀਬੀਆਂ ਦੀਆਂ ਤਨਖ਼ਾਹਾਂ ਸਬੰਧੀ ਦਿੱਤੇ ਬਿਆਨ ਬਾਰੇ ਟਿੱਪਣੀ ਕਰਦਿਆਂ ਡੈਮੋਕੇ੍ਰਟਿਕ ਮਿਡ ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ ਅੱਚਲ, ਸੁਖਜੀਤ ਕੌਰ ਲਚਕਾਣੀ, ਦਲਜੀਤ ਕੌਰ ਸਲਾਣਾ ਨੇ ਕਿਹਾ ਕਿ ਮਿਡ ਡੇਅ ਮੀਲ ਕੁੱਕ ਦੀ ਤਨਖ਼ਾਹ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਪ੍ਰਸਤਾਵ ਵਿੱਤ ਵਿਭਾਗ ਨੂੰ ਭੇਜਣ ਲਈ ਹਾਸੋਹੀਣਾ ਅਤੇ ਗੈਰਜ਼ਿੰਮੇਵਾਰੀ ਵਾਲਾ ਬਿਆਨ ਹੈ, ਕਿਉਂਕਿ ਸਿੱਖਿਆ ਮੰਤਰੀ ਓਪੀ ਸੋਨੀ ਅਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਕੁੱਕ ਬੀਬੀਆਂ ਦੀਆਂ ਕਈ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ। ਹਰੇਕ ਮੀਟਿੰਗ ਵਿੱਚ ਇਹ ਗੱਲ ਦੁਹਰਾਈ ਜਾਂਦੀ ਰਹੀ ਹੈ ਕਿ ਪ੍ਰਸਤਾਵ ਭੇਜਿਆ ਗਿਆ ਹੈ। ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਵਾਲੀਆਂ ਕੁੱਕ ਬੀਬੀਆਂ ਨੂੰ ਪੂਰਾ ਮਹੀਨਾ ਕੰਮ ਕਰਕੇ 1700 ਰੁਪਏ ਮਿਲਦੇ ਹਨ, ਜੋ ਸਾਲ ਵਿੱਚ ਸਿਰਫ਼ 10 ਮਹੀਨੇ ਹੀ ਮਿਲਦੇ ਹਨ। ਇਸ ਸਬੰਧੀ ਸਿੱਖਿਆ ਮੰਤਰੀ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਲੇਕਿਨ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪਿਆ।
ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਕੁੱਕ ਬੀਬੀਆਂ ਦੇ ਮਿਹਨਤਾਨੇ ਵਧਾਉਣ ਪ੍ਰਤੀ ਗੰਭੀਰ ਨਹੀਂ ਹੈ। ਸਰਕਾਰ ਦੇ ਅਜਿਹੇ ਵਿਵਹਾਰ ਦੀ ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬੇ ਹਰਿਆਣੇ ਵਿੱਚ 5 ਹਜ਼ਾਰ ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਅਤੇ ਕੇਰਲਾ ਵਿੱਚ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਸਮੇਂ ਸਿਰ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਦੇ ਖਾਣੇ ਦਾ ਮੀਨੂ ਵੀ ਪੰਜਾਬ ਨਾਲੋਂ ਵਧੀਆ ਅਤੇ ਮਹਿੰਗਾ ਦਿੱਤਾ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਕੂਲਾਂ ਵਿੱਚ ਮਿਡ ਡੇਅ ਮੀਲ ਕੁੱਕ ਨੂੰ ਕੱਢਿਆ ਗਿਆ ਤਾਂ ਜਥੇਬੰਦੀ ਜਨ ਅਦੋਲਨ ਸ਼ੁਰੂ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ 8 ਮਾਰਚ ਨੂੰ ਇਸਤਰੀ ਦਿਵਸ ਦੇ ਦਿਨ ਅੌਰਤਾਂ ਬਾਰੇ ਸਰਕਾਰਾਂ ਵੱਡੀਆਂ ਗੱਲਾਂ ਕਰਦੀਆਂ ਹਨ ਪਰ ਸਰਕਾਰ ਮਾਰਚ ਦਾ ਪੂਰਾ ਮਹੀਨਾ ਮੁਫ਼ਤ ਵਿੱਚ ਕੰਮ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਕੁੰਕ ਬੀਬੀਆਂ ਵਿੱਚ ਜ਼ਿਆਦਾਤਰ ਵਿਧਵਾ ਅੌਰਤਾਂ ਹਨ। ਸਰਕਾਰ 10 ਮਹੀਨੇ ਦੀ ਸਕੀਮ ਕਹਿ ਕੇ ਤਨਖ਼ਾਹ ਦੇਣ ਤੋਂ ਪੱਲਾ ਝਾੜ ਜਾਂਦੀ ਹੈ। ਉਨ੍ਹਾਂ ਐਲਾਨ ਕੀਤਾ ਕਿ 8 ਮਾਰਚ ਨੂੰ ਮਹਿਲਾ ਦਿਵਸ ਦੇ ਮੌਕੇ ਕੁੱਕ ਬੀਬੀਆਂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸੰਗਰੂਰ ਸਥਿਤ ਕੋਠੀ ਅੱਗੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮਿਡ ਡੇਅ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਅਧੀਨ ਲਿਆ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਮਿਡ ਡੇਅ ਮੀਲ ਕੁੱਕ ਦੀ ਸਾਲ ਵਿੱਚ 2 ਮਹੀਨੇ ਛੁੱਟੀਆਂ ਦੀ ਤਨਖਾਹ ਕੱਟਣੀ ਬੰਦ ਕਰਕੇ, ਪੂਰੇ ਸਾਲ ਦੀ ਤਨਖਾਹ ਦਿੱਤੀ ਜਾਵੇ, ਅੱਗ ਅਤੇ ਗੈਸ ਦੇ ਨਾਲ ਜੋਖ਼ਮ ਭਰਿਆ ਕੰਮ ਕਰਨ ਦੇ ਕਾਰਨ ਹਰ ਕੁੱਕ ਦਾ ਬੀਮਾ ਵਿਭਾਗ ਕਰਵਾਏ। 25 ਬੱਚਿਆਂ ’ਤੇ ਇੱਕ ਕੁੱਕ ਰੱਖਣ, ਉਸ ਤੋਂ ਬਾਅਦ 100 ਬੱਚਿਆਂ ਤੱਕ ਦੂਸਰੀ ਕੁੱਕ ਰੱਖਣ ਅਤੇ ਅਗਲੇ ਹਰ 100 ਬੱਚਿਆਂ ਤੇ ਇੱਕ-ਇੱਕ ਕੁੱਕ ਰੱਖਣ ਦੇ ਬਣਾਏ ਨਿਯਮ ਵਿੱਚ ਤਬਦੀਲੀ ਕੀਤੀ ਜਾਵੇ, ਪ੍ਰੀ-ਪ੍ਰਾਇਮਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਬੱਚਿਆਂ ਦੀ ਗਿਣਤੀ ਘੱਟਣ ਦੇ ਆਧਾਰ ਤੇ ਪਿਛਲੇ 10-10 ਸਾਲਾਂ ਤੋਂ ਕੰਮ ਕਰਦੀ ਕੁੱਕ ਨੂੰ ਸਕੂਲਾਂ ’ਚੋਂ ਕੱਢਣਾ ਬੰਦ ਕੀਤਾ ਜਾਵੇ, ਜੋ ਮਿਡ ਡੇਅ ਮੀਲ ਕੁੱਕ 12ਵੀਂ ਪਾਸ ਹਨ। ਉਨ੍ਹਾਂ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ, ਮਿਡ ਡੇਅ ਮੀਲ ਲਈ ਕੁਕਿੰਗ ਕਾਸ਼ਟ ਦੀ ਰਾਸ਼ੀ ਅਤੇ ਅਨਾਜ਼ ਸਕੂਲਾਂ ਨੂੰ ਸਮੇਂ ਸਿਰ ਦੇਣ ਦਾ ਪ੍ਰਬੰਧ ਕੀਤਾ ਜਾਵੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…