nabaz-e-punjab.com

ਵਿਵਾਦਿਤ ਕਿਤਾਬ: ਸਿੱਖਿਆ ਮੰਤਰੀ ਨੇ ਛੇ ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ, ਬੋਰਡ ਚੇਅਰਮੈਨ ਦੀ ਝਾੜ-ਝੰਬ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਦੀ ਕਿਤਾਬ ’ਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਕੁਝ ਅਹਿਮ ਚੈਪਟਰ ਗਾਇਬ ਹੋਣ ਦੇ ਮਾਮਲੇ ਸਬੰਧੀ ਸਿੱਖਿਆ ਮੰਤਰੀ ਓਪੀ ਸੋਨੀ ਅਤੇ ਉੱਘੇ ਇਤਿਹਾਸਕ ਡਾ. ਕਿਰਪਾਲ ਸਿੰਘ ਆਹਮੋ ਸਾਹਮਣੇ ਆ ਗਏ ਹਨ। ਇਸ ਸਬੰਧੀ ਜਿੱਥੇ ਡਾ. ਕਿਰਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਪੱਖ ਰੱਖਿਆ ਹੈ, ਉੱਥੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਪਣੀ ਚੁੱਪੀ ਤੋੜਦਿਆਂ ਇਸ ਸਮੁੱਚੇ ਵਿਵਾਦ ਲਈ ਉੱਘੇ ਇਤਿਹਾਸਕ ਡਾ. ਕਿਰਪਾਲ ਸਿੰਘ ਦੀ ਅਗਵਾਈ ਵਾਲੀ ਛੇ ਮੈਂਬਰੀ ਵਿਸ਼ੇਸ਼ ਕਮੇਟੀ ਨੂੰ ਜ਼ਿੰਮੇਵਾਰ ਦੱਸਿਆ ਹੈ। ਸਿੱਖਿਆ ਮੰਤਰੀ ਅੱਜ ਇੱਥੇ ਸਕੂਲ ਬੋਰਡ ਦੇ ਆਡੀਟੋਰੀਅਮ ਵਿੱਚ ਐਸਐਸਏ\ਰਮਸਾ ਅਤੇ ਹੋਰ ਸੁਸਾਇਟੀਆਂ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਵਾਲੇ ਅਧਿਆਪਕਾਂ ਨੂੰ ਨਿਯੁਕਤ ਪੱਤਰ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ। ਜਿਨ੍ਹਾਂ ਨੇ 650 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ਮੀਡੀਆ ਵੱਲੋਂ ਇਤਿਹਾਸਕਾਰ ਡਾ. ਕਿਰਪਾਲ ਸਿੰਘ ਵੱਲੋਂ ਐਸਜੀਪੀਸੀ ਨੂੰ ਲਿਖੀ ਚਿੱਠੀ ਬਾਰੇ ਪੁੱਛੇ ਜਾਣ ’ਤੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਛੇ ਮੈਂਬਰੀ ਕਮੇਟੀ ਨੂੰ ਜਲਦੀ ਕਿਤਾਬ ਦੀ ਪੜਚੋਲ ਕਰਨ ਲਈ ਆਖਿਆ ਸੀ ਪ੍ਰੰਤੂ ਕਿਤਾਬ ਵਿਚਲੀਆਂ ਗਲਤੀਆਂ ਲਈ ਪੂਰੀ ਤਰ੍ਹਾਂ ਕਮੇਟੀ ਜ਼ਿੰਮੇਵਾਰ ਹੈ।
ਉਧਰ, ਇਤਿਹਾਸ ਦੀ ਵਿਵਾਦਿਤ ਕਿਤਾਬ ਸਬੰਧੀ ਮੀਡੀਆ ਦੇ ਸਵਾਲਾਂ ਤੋਂ ਭੜਕੇ ਹੋਏ ਸਿੱਖਿਆ ਮੰਤਰੀ ਓਪੀ ਸੋਨੀ ਨੇ ਸਮਾਗਮ ਦੀ ਸਮਾਪਤ ਤੋਂ ਬਾਅਦ ਵਾਪਸ ਜਾਣ ਵੇਲੇ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਕਾਫੀ ਝਾੜ-ਝੰਬ ਕੀਤੀ। ਸਰਕਾਰੀ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਮੰਤਰੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਦੀ ਮੌਜੂਦਗੀ ਵਿੱਚ ਬੋਰਡ ਚੇਅਰਮੈਨ ਨੂੰ ਖ਼ਰੀਆ ਖ਼ਰੀਆ ਸੁਣਾਈਆਂ। ਮੰਤਰੀ ਨੇ ਸਾਫ਼ ਲਫਜ਼ਾ ਵਿੱਚ ਚੇਅਰਮੈਨ ਨੂੰ ਆਖਿਆ ਕਿ ਕਰਨ ਕਰਾਉਣ ਵਾਲੇ ਤੁਸੀਂ ਹੋ ਪਰ ਭੁਗਤਨਾ ਉਨ੍ਹਾਂ ਨੂੰ ਪੈ ਰਿਹਾ ਹੈ। ਉਨ੍ਹਾਂ ਚੇਅਰਮੈਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੈਨੂੰ ਤਾਂ ਲੱਗਦਾ ਹੈ ਕਿ ਇਸ ਪਿੱਛੇ ਤੁਹਾਡਾ ਵੀ ਹੱਥ ਹੈ। ਲੇਕਿਨ ਚੇਅਰਮੈਨ ਨੂੰ ਕੋਈ ਜਵਾਬ ਨਹੀਂ ਆਇਆ।
ਇੱਥੇ ਇਹ ਦੱਸਣਯੋਗ ਹੈ ਕਿ ਪ੍ਰੋ. ਕਿਰਪਾਲ ਸਿੰਘ ਨੇ ਐਸਜੀਪੀਸੀ ਨੂੰ ਪੱਤਰ ਲਿਖ ਕੇ ਇਹ ਆਖਿਆ ਹੈ ਕਿ ਉਨ੍ਹਾਂ ਨੂੰ ਸਿੱਖਿਆ ਮੰਤਰੀ ਨੇ ਇਹ ਜ਼ੋਰ ਦੇ ਰਹੇ ਸੀ ਛੇਤੀ ਤੋਂ ਛੇਤੀ ਚੈਪਟਰ ਲਿਖੇ ਜਾਣ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਹਰਜ਼ ਹੋ ਰਿਹਾ ਹੈ। ਪ੍ਰੰਤੂ ਜਦੋਂ ਇਹ ਗਲਤੀਆਂ ਉਨ੍ਹਾਂ ਦੇ ਧਿਆਨ ਵਿੱਚ ਆਈ ਤਾਂ ਉਸੇ ਵਕਤ ਉਨ੍ਹਾਂ ਦੀ ਸਿਫਾਰਸ਼ ’ਤੇ ਇਹ ਚੈਪਟਰ ਵਾਪਸ ਲੈ ਲਏ ਗਏ ਸੀ। ਉਨ੍ਹਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਬੇ-ਪ੍ਰਵਾਹੀ ਨਹੀਂ ਹੋਈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…