Nabaz-e-punjab.com

ਸਿੱਖਿਆ ਮੰਤਰੀ ਤੇ ਮਹਾਰਾਣੀ ਪਰਨੀਤ ਕੌਰ ਵੱਲੋਂ ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪਟਿਆਲਾ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਨੇ ਸਿੱਖਿਆ ਬੋਰਡ ਦੇ ਸਹਿ-ਅਕਾਦਮਿਕ ਜ਼ੋਨਲ ਮੁਕਾਬਲਿਆਂ ਵਿੱਚ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਤੇ ਸਹਿ-ਅਕਾਦਮਿਕ ਪ੍ਰਾਪਤੀਆ ਬਦਲੇ ਇਨਾਮ ਵੰਡੇ। ਸਮਾਗਮ ਦੌਰਾਨ ਮਹਾਰਾਣੀ ਪਰਨੀਤ ਕੌਰ ਨੇ ਮਾਰਚ 2019 ਦੀਆਂ ਮੈਟ੍ਰਿਕ ਪੱਧਰੀ ਪ੍ਰੀਖਿਆਵਾਂ ਵਿੱਚ ਸੂਬੇ ਵਿੱਚ ਸਪੋਰਟਸ ਮੈਰਿਟ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀ ਖਮਾਣੋਂ ਦੀ ਵਿਦਿਆਰਥਣ ਜਸਲੀਨ ਕੌਰ ਨੂੰ 75 ਹਜ਼ਾਰ ਰੁਪਏ ਦਾ ਤੇ ਇਸੇ ਪ੍ਰੀਖਿਆ ਵਿੱਚ ਅਕਾਦਮਿਕ ਮੈਰਿਟ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਧੂਰੀ ਦੀ ਵਿਦਿਆਰਥਣ ਹਰਲੀਨ ਕੌਰ ਨੂੰ 50 ਹਜ਼ਾਰ ਰੁਪਏ ਦੇ ਚੈੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਦਾਨ ਕੀਤੇ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਗੱਲਬਾਤ ਵੀ ਸਾਂਝੀ ਕੀਤੀ।
ਪਟਿਆਲਾ ਦੇ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸਿਵਲ ਲਾਈਨਜ਼ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਬੋਰਡ ਦੇ ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਸਮੇਤ ਬੋਰਡ ਦੇ ਸਿੱਖਿਆ ਵਿਭਾਗ ਦੇ ਕਈ ਉੱਚ ਅਧਿਕਾਰੀ ਵੀ ਸ਼ਾਮਲ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੱ ਪ੍ਰਕਾਸ਼ ਪੁਰਬ ਸਮਰਪਿਤ ਸਕੂਲ ਬੋਰਡ ਦੀਆਂ ਸਹਿ-ਅਕਾਦਮਿਕ ਗਤੀਵਿਧੀਆ ਦੇ ਜ਼ੋਨਲ ਮੁਕਾਬਲੇ ਦੇ ਇਨਾਮ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਤਕਸੀਮ ਕੀਤੇ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਆਮ ਗਿਆਨ ਦੇ ਸੈਕੰਡਰੀ ਪੱਧਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਸਨੌਰ ਦੀ ਵਿਦਿਆਰਥਣ ਕੁਮਕੁਮ ਨੇ, ਦੂਸਰਾ ਸਥਾਨ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰਭਸਿਮਰਨਜੀਤ ਕੌਰ ਨੇ ਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁਲੇਪੁਰ (ਫ਼ਤਹਿਗੜ੍ਹ ਸਾਹਿਬ) ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਪ੍ਰਾਪਤ ਕੀਤਾ।
ਭਾਸ਼ਨ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਭਾਈ ਰਾਮ ਕ੍ਰਿਸ਼ਨ ਗੁਰਮਤਿ ਪਬਲਿਕ ਸਕੂਲ ਦੀ ਵਿਦਿਆਰਥੀ ਹਰਮਨਦੀਪ ਕੌਰ, ਦੂਸਰੇ ਸਥਾਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੌਲੀ ਕਲਾਂ ਦੀ ਵਿਦਿਆਰਥੀ ਹਰਜੀਤ ਕੌਰ ਤੇ ਤੀਸਰਾ ਸਥਾਨ ਰੂਪਨਗਰ ਦੇ ਸੰਤ ਸੇਵਾ ਸਿੰਘ ਖਾਲਸਾ ਸਕੂਲ, ਭੱਲੜੀ ਦੀ ਵਿਦਿਆਰਥੀ ਜਸਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਇਵੇੱ ਹੀ ਵੱਖੋ-ਵੱਖ ਮੁਕਾਬਲਿਆਂ ਵਿੱਚ ਕੁੜੀਆ ਨੇ ਮੁੰਡਿਆਂ ਦੇ ਮੁਕਾਬਲੇ ਦੁੱਗਣੇ ਇਨਾਮ ਪ੍ਰਾਪਤ ਕੀਤੇ।
ਸਮਾਗਮ ਦੇ ਸ਼ੁਰੂ ਵਿੱਚ ਸ਼ਬਦ-ਗਾਇਨ ਵਿੱਚ ਮੋਹਰੀ ਰਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਦੇ ਵਿਦਿਆਰਥੀ ਸੁਖਬੀਰ ਸਿੰਘ ਤੇ ਸਾਥੀਆ ਦੀ ਟੀਮ ਨੇ ਸ਼ਬਦ ਗਾ ਕੇ ਸਮਾਗਮ ਦਾ ਆਗਾਜ਼ ਕੀਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫ਼ੀਲਖਾਨਾ ਦੇ ਵਿਦਿਆਰਥੀਆਂ ਸਲੀਮ ਤੇ ਸਾਥੀਆਂ ਨੇ ਕਵੀਸ਼ਰੀ ਦੇ ਬੰਦ ਸੁਣਾ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ।
ਭੰਗੜੇ ਦੇ ਮੁਕਾਬਲੇ ਵਿੱਚ ਰੂਪਨਗਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਸ਼ੋਭਿਤ ਕੁਮਾਰ ਤੇ ਸਾਥੀਆਂ ਦੀ ਟੀਮ ਪਹਿਲੇ, ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਹਰਮਨਜੋਤ ਸਿੰਘ ਤੇ ਸਾਥੀਆ ਦੀ ਟੀਮ ਦੂਸਰੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਜਾਬੀ ਯੂਨੀਵਰਸਿਟੀ ਦੇ ਅਰਪਨਦੀਪ ਸਿੰਘ ਦੀ ਟੀਮ ਤੀਸਰੇ ਸਥਾਨ ਉੱਤੇ ਰਹੇ। ਮੌਲਿਕ ਲਿਖਤ ਦੇ ਮੁਕਾਬਲੇ ਵਿੱਚ ਸਰਕਾਰੀ ਮਲਟੀਪਰਪਜ਼ ਸਕੂਲ, ਪਟਿਆਲਾ ਦੀ ਵਿਦਿਆਰਥੀ ਹਰਮਨਦੀਪ ਕੌਰ ਪਹਿਲੇ, ਮੇਜ਼ਬਾਨ ਸਕੂਲ ਦੀ ਵਿਦਿਆਰਥੀ ਅਲੀਸ਼ਾ ਦੂਸਰੇ ਤੇ ਪੰਜੌਲੀ ਕਲਾਂ ਦੇ ਸਰਕਾਰੀ ਸਕੂਲ ਦੀ ਵਿਦਿਆਰਥੀ ਮਨਕੀਰਤ ਕੌਰ ਤੀਸਰੇ ਸਥਾਨ ਤੇ ਰਹੀਆਂ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਇਨ੍ਹਾਂ ਜ਼ੋਨਲ ਮੁਕਾਬਲਿਆਂ ਵਿੱਚ ਭੰਗੜਾ, ਗਿੱਧਾ, ਲੋਕ ਨਾਚ ਤੋਂ ਇਲਾਵਾ ਬਾਕੀ ਸਾਰੀਆਂ 14 ਵੰਨਗੀਆ ਦੇ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਤੇ ਫ਼ਲਸਫ਼ੇ ਦੇ ਵਿਸ਼ਿਆਂ ਨੂੰ ਮੁੱਖ ਰੱਖ ਕੇ ਹੀ ਕਰਵਾਏ ਗਏ ਸਨ। ਹਰ ਸਾਲ ਕਰਵਾਏ ਜਾਂਦੇ ਇਹਨਾਂ ਜ਼ੋਨਲ ਮੁਕਾਬਲਿਆਂ ਤੋੱ ਬਾਅਦ ਪੰਜਾਬ ਦੇ ਚਾਰ ਜ਼ੋਨਾਂ ਦੇ ਜੇਤੂਆਂ ਦਾ ਸੂਬਾਈ ਪੱਧਰ ਮੁਕਾਬਲਾ ਨਵੰਬਰ 2019 ਦੇ ਅਰੰਭ ਵਿੱਚ ਕਰਵਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਨ੍ਹਾਂ ਮੁਕਾਬਲਿਆਂ ਦੇ ਸੂਬਾਈ ਜੇਤੂ ਵਿਦਿਆਰਥੀਆ ਦੀ ਕਲਾ ਦੇ ਜੌਹਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੱ ਪ੍ਰਕਾਸ਼ ਪੁਰਬ ਦੇ ਸਮਾਗਮ ਦੌਰਾਨ ਸੁਲਤਾਨਪੁਰ ਲੋਧੀ ਵਿੱਚ ਮੁੱਖ ਸਮਾਗਮਾਂ ਵਿੱਚ ਵੀ ਸ਼ਾਮਲ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…