nabaz-e-punjab.com

ਚੁਨੌਤੀਆਂ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ’ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਮੁਲਾਂਕਣ ਸ਼ੁਰੂ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਕਰੋਨਾ ਮਹਾਮਾਰੀ ਦੇ ਚੱਲਦਿਆਂ ਅਨੇਕਾਂ ਚੁਨੌਤੀਆਂ ਦੇ ਬਾਵਜੂਦ ਸਿੱਖਿਆ ਵਿਭਾਗ ਪੰਜਾਬ ਨੇ ਘਰ ਬੈਠੇ ਬੱਚਿਆਂ ਨੂੰ ਕਰਵਾਈ ਆਨਲਾਈਨ ਪੜ੍ਹਾਈ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ। ਬੇਸ਼ੱਕ ਬਿਨਾਂ ਅਧਿਆਪਕਾਂ ਦੀ ਨਿਗਰਾਨੀ ਤੋਂ ਹੋ ਰਿਹਾ ਇਹ ਮੁਲਾਂਕਣ ਕਈ ਸਵਾਲ ਖੜ੍ਹੇ ਕਰਦਾ ਹੈ ਪਰ ਸਿੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ’ਤੇ ਕਿਸੇ ਠੋਸੇ ਗਏ ਪਹਿਰੇ ਦੇ ਥਾਂ ਉਨ੍ਹਾਂ ਨੂੰ ਇਮਾਨਦਾਰੀ ਦਾ ਸਬਕ ਸਿਖਾਉਣ ਲਈ ਕੋਈ ਨਵੀਂ ਪਹਿਲ ਕਦਮੀਂ ਤਾਂ ਕਰਨੀ ਹੀ ਪੈਣੀ ਹੈ। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਭਵਿੱਖ ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਸਿੱਖਿਆ ਵਿਭਾਗ ਨੇ ਰਾਜ ਭਰ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਪ੍ਰੀਖਿਆਵਾਂ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਇਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ, ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਕਿ ਬੇਸ਼ੱਕ ਪਹਿਲੀ ਵਾਰ ਹੋ ਰਹੀ ਆਨਲਾਈਨ ਪ੍ਰੀਖਿਆ ਕਾਰਨ ਅਨੇਕਾਂ ਚੁਨੌਤੀਆਂ ਹਨ ਪਰ ਇਸ ਦੇ ਬਾਵਜੂਦ ਸੂਬੇ ਭਰ ਦੇ ਅਧਿਆਪਕ ਆਨਲਾਈਨ ਸਿੱਖਿਆ ਦੇਣ ਵਾਂਗ ਇਸ ਪ੍ਰੀਖਿਆ ਚੋਂ ਵੀ ਸਫ਼ਲ ਹੋ ਕੇ ਨਿਕਲਣਗੇ।
ਪ੍ਰੀਖਿਆ ਤਹਿਤ ਛੇਵੀਂ ਕਲਾਸ ਦਾ ਪੰਜਾਬੀ, ਸੱਤਵੀਂ ਕਲਾਸ ਦਾ ਹਿੰਦੀ, ਅੱਠਵੀਂ ਕਲਾਸ ਦਾ ਪੰਜਾਬੀ, ਨੌਵੀਂ ਕਲਾਸ ਦਾ ਅੰਗਰੇਜ਼ੀ, ਦਸਵੀਂ ਕਲਾਸ ਦਾ ਹਿਸਾਬ,ਗਿਆਰਵੀਂ ਕਲਾਸ ਦਾ ਜਨਰਲ ਪੰਜਾਬੀ ਅਤੇ ਬਾਰ੍ਹਵੀਂ ਕਲਾਸ ਦਾ ਜਨਰਲ ਅੰਗਰੇਜ਼ੀ ਦਾ ਪੇਪਰ ਹੋਇਆ। ਇਸ ਪ੍ਰੀਖਿਆ 18 ਜੁਲਾਈ ਤੱਕ ਚੱਲੇਗੀ। ਜਿਸ ਦੌਰਾਨ ਹੁਣ ਤੱਕ ਦੀ ਪੜ੍ਹਾਈ ਦਾ ਲੇਖਾ ਜੋਖਾ ਹੋਵੇਗਾ ਅਤੇ ਹਰ ਟੈੱਸਟ 20 ਨੰਬਰਾਂ ਦਾ ਹੋਵੇਗਾ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਹਰ ਜ਼ਿਲ੍ਹੇ ਅੰਦਰ ਬੇਸ਼ੱਕ ਪਹਿਲੀ ਵਾਰ ਆਨਲਾਈਨ ਪ੍ਰੀਖਿਆ ਕਰਕੇ ਕੁਝ ਮੁਸ਼ਕਲਾਂ ਆਈਆਂ ਪਰ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਵੱਲੋਂ ਮਾਪਿਆਂ ਦੇ ਸਹਿਯੋਗ ਨਾਲ ਇਸ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਿਆਂ ਜਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਮੁਹਾਲੀ) ਹਿੰਮਤ ਸਿੰਘ ਹੁੰਦਲ ਨੇ ਕਿਹਾ ਕਿ ਪਹਿਲੀ ਵਾਰ ਹੋ ਆਨਲਾਈਨ ਮੁਲਾਂਕਣ ਲਈ ਬੇਸ਼ੱਕ ਸ਼ੂਰੁਆਤੀ ਸਮੇਂ ਦੌਰਾਨ ਕੁਝ ਦਿੱਕਤਾਂ ਆ ਸਕਦੀਆਂ ਨੇ ਪਰ ਇਸ ਦੇ ਭਵਿੱਖ ਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ , ਸਰਕਾਰੀ ਸੈਕੰਡਰੀ ਸਕੂਲ ਟੀਰਾ ਦੀ ਅਧਿਆਪਕਾਂ ਸ਼ੁਭਲਾ ਸ਼ਰਮਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਹੁਣ ਸਮਾਂ ਚਲ ਰਿਹਾ ਹੈ,ਉਸ ਸਬੰਧੀ ਅਜਿਹੇ ਰੁਝਾਨ ਦੀ ਲੋੜ ਸੀ, ਉਨ੍ਹਾਂ ਕਿਹਾ ਕਿ ਮਾਪੇ ਵੀ ਮਹਿਸੂਸ ਕਰਦੇ ਹਨ ਕਿ ਬੱਚਿਆਂ ਲਈ ਕੋਈ ਇਮਤਿਹਾਨ ਜਾਂ ਮੁਲਾਂਕਣ ਤਾਂ ਹੋਣਾ ਹੀ ਚਾਹੀਦਾ ਹੈ,ਫਿਰ ਹੀ ਬੱਚੇ ਗੰਭੀਰਤਾ ਨਾਲ ਪੜ੍ਹਾਈ ਚ ਜੁਟਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਸਵਰਨਜੀਤ ਕੌਰ ਅਤੇ ਸਰਕਾਰੀ ਸੈਕੰਡਰੀ ਸਕੂਲ ਮਲਟੀਪਰਪਜ਼ ਦੀ ਪ੍ਰਿੰਸੀਪਲ ਨਵਦੀਪ ਸੰਧੂ ਦਾ ਕਹਿਣਾ ਸੀ ਕਿ ਘਰ ਬੈਠੇ ਬੱਚਿਆਂ ਲਈ ਅਪਣੀ ਜਾਂ ਮਾਪਿਆਂ ਦੀ ਨਿਗਰਾਨੀ ਹੇਠ ਪੇਪਰ ਦੇਣਾ,ਇਕ ਵੱਖਰਾ ਅਨੁਭਵ ਹੈ,ਇਸ ਨਾਲ ਵਿਦਿਆਰਥੀਆਂ ਚ ਵੱਖਰੀ ਤਰ੍ਹਾਂ ਦਾ ਆਤਮ ਵਿਸ਼ਵਾਸ ਅਤੇ ਇਮਾਨਦਾਰੀ ਦੀ ਭਾਵਨਾ ਵਿਕਸਤ ਹੋਵੇਗੀ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਨੰਗਲ ਕਲਾਂ (ਮਾਨਸਾ) ਵਿੱਚ ਪੜ੍ਹਦੇ ਵਿਦਿਆਰਥੀਆਂ ਯਾਦਵਿੰਦਰ ਸਿੰਘ ਦੇ ਪਿਤਾ ਕੇਵਲ ਸਿੰਘ, ਰਾਜੀਵ ਮੁਹੰਮਦ ਦੇ ਪਿਤਾ ਕਸ਼ਮੀਰ ਖਾਨ ਅਤੇ ਵਿਸ਼ਾਲ ਦੀ ਮਾਤਾ ਸੋਨੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਇਮਤਿਹਾਨ ਨਹੀਂ ਹੋਵੇਗਾ, ਉਸ ਸਮੇਂ ਤੱਕ ਵਿਦਿਆਰਥੀ ਗੰਭੀਰਤਾ ਨਾਲ ਨਹੀਂ ਪੜ੍ਹਨਗੇ, ਜਿਸ ਕਰਕੇ ਸਿੱਖਿਆ ਵਿਭਾਗ ਦਾ ਇਹ ਚੰਗਾ ਉਪਰਾਲਾ ਹੈ। ਸਰਕਾਰੀ ਸੈਕੰਡਰੀ ਸਕੂਲ ਸਰਦੂਲਗੜ੍ਹ ਵਿੱਚ ਮੈਡੀਕਲ ਦੀ ਵਿਦਿਆਰਥੀ ਅਰਜ਼, ਜਿਸ ਨੇ ਬਿਨਾਂ ਕਿਸੇ ਨਿਗਰਾਨੀ ਤੋ ਪੇਪਰ ਦਿੱਤਾ, ਦਾ ਕਹਿਣਾ ਸੀ ਕਿ ਸਾਨੂੰ ਸਾਡੇ ਵਿਦਿਆਰਥੀਆਂ ਅੰਦਰ ਅਜਿਹਾ ਆਤਮਵਿਸ਼ਵਾਸ ਪੈਦਾ ਕਰਵਾਉਣ ਦੀ ਲੋੜ ਹੈ, ਜਿਸ ਨਾਲ ਵਿਦਿਆਰਥੀ ਖ਼ੁਦ ਮਿਹਨਤ ਕਰਕੇ ਅਪਣਾ ਭਵਿੱਖ ਸਿਰਜੇ, ਉਸ ਨੂੰ ਕਿਸੇ ਨਕਲ ਦੀ ਜਾਂ ਨਿਗਰਾਨ ਦੀ ਲੋੜ ਹੀ ਮਹਿਸੂਸ ਨਾ ਹੋਵੇ। ਅਧਿਆਪਕਾਂ ਆਰਤੀ ਅਤੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਮੇਂ ਦੇ ਅਨੁਸਾਰ ਸਿੱਖਿਆ ਵਿਭਾਗ ਨੂੰ ਵਰਤਮਾਨ ਸਮੇਂ ਦੌਰਾਨ ਅਜਿਹੇ ਨਿਰਣਾਇਕ ਫੈਸਲੇ ਦੀ ਲੋੜ ਸੀ।
ਸਿੱਖਿਆ ਮਾਹਿਰ ਡਾ ਬੂਟਾ ਸਿੰਘ ਸੇਖੋਂ ਅਤੇ ਡਾ. ਕੁਲਵੰਤ ਸਿੰਘ ਜੋਗਾ ਦਾ ਕਹਿਣਾ ਹੈ ਕਿ ਬੇਸ਼ੱਕ ਵਰਤਮਾਨ ਸਮੇਂ ਦੌਰਾਨ ਆਨਲਾਈਨ ਸਿੱਖਿਆ ਵਾਂਗ ਆਨਲਾਈਨ ਮੁਲਾਂਕਣ ਦੀ ਪਹਿਲਕਦਮੀਂ ਕਰਨੀ ਚੁਨੌਤੀਆਂ ਭਰਿਆ ਕਾਰਜ ਹੈ ਪਰ ਇਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…