ਸਿੱਖਿਆ ਸੁਧਾਰ: 3.5 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਲਿਆ ਦਾਖ਼ਲਾ: ਸਿੱਧੂ

ਸਰਕਾਰੀ ਹਾਈ ਸਕੂਲ ਮੌਲੀ ਬੈਦਵਾਨ ਨੂੰ ਕਮਰਿਆਂ ਦੀ ਉਸਾਰੀ ਲਈ 10 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਸਿੱਖਿਆ ਅਤੇ ਸਿਹਤ ਦੋਹੇ ਖੇਤਰ ਪੰਜਾਬ ਸਰਕਾਰ ਦੀਆਂ ਤਰਜੀਹਾਂ ਹਨ; ਇਨ੍ਹਾਂ ਖੇਤਰਾਂ ਦੇ ਮਜ਼ਬੂਤੀਕਰਨ ਅਤੇ ਸੁਧਾਰ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਦੇ ਖੇਤਰ ਵਿਚ ਕੀਤੇ ਸੁਧਾਰਾਂ ਸਦਕਾ ਇਸ ਵਰ੍ਹੇ 3.5 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਹਾਈ ਸਕੂਲ ਮੌਲੀ ਬੈਦਵਾਨ ਵਿਖੇ ਇਕ ਸਮਾਗਮ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਨੇ ਸਕੂਲ ਵਿੱਚ ਕਮਰਿਆਂ ਦੀ ਉਸਾਰੀ ਲਈ 10 ਲੱਖ ਰੁਪਏ ਦਾ ਚੈਕ ਦਿੱਤਾ। ਇਸ ਤੋਂ ਪਹਿਲਾਂ ਵੀ ਸ. ਸਿੱਧੂ ਵੱਲੋਂ ਸਕੂਲ ਵਿੱਚ ਮਲਟੀ-ਪਰਪਸ ਹਾਲ ਦੀ ਉਸਾਰੀ ਲਈ ਪੰਜ ਲੱਖ ਰੁਪਏ ਦਿੱਤੇ ਗਏ ਸਨ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ ਹੈ। ਸਿੱਖਿਅਤ ਵਿਅਕਤੀ ਆਪਣੀ ਮਿਹਨਤ ਨਾਲ ਤਰੱਕੀ ਦੇ ਸਿਖਰ ਛੂਹ ਸਕਦਾ ਹੈ। ਇਲਾਕਾ ਨਿਵਾਸੀਆਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਪੜ੍ਹ-ਲਿਖ ਜਾਣ ਤਾਂ ਉਹ ਆਪਣੇ ਲਈ ਧਨ-ਦੌਲਤ ਆਪ ਕਮਾ ਸਕਦੇ ਹਨ ਪਰ ਜੇ ਉਹ ਅਨਪੜ੍ਹ ਰਹਿ ਜਾਣ ਤਾਂ ਮਾਂ-ਬਾਪ ਵੱਲੋਂ ਭਾਵੇਂ ਜਿਨ੍ਹਾ ਵੀ ਧਨ ਅੌਲਾਦ ਲਈ ਇਕੱਤਰ ਕੀਤਾ ਗਿਆ ਹੋਵੇ, ਅਨਪੜ੍ਹ ਉਸ ਨੂੰ ਗਵਾ ਬੈਠਣਗੇ। ਇਸ ਲਈ ਸਾਨੂੰ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿਦਿਆ ਦੇ ਖੇਤਰ ਵਿੱਚ ਡਿਜੀਟਾਈਜ਼ੇਸ਼ਨ ਅਤੇ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਸਮਾਰਟਫੋਨ ਦਿੱਤੇ ਗਏ ਹਨ ਅਤੇ ਸਕੂਲਾਂ ਵਿੱਚ ਟੈਬਲੇਟ ਮੁਹਈਆ ਕਰਵਾਏ ਜਾ ਰਹੇ ਹਨ। ਪੜ੍ਹਾਈ ਲਈ ਈ ਕੰਟੇਂਟ ਮੁਹਈਆ ਕਰਵਾਇਆ ਗਿਆ ਹੈ। ਸਮਾਰਟ ਸਕੂਲ ਬਣਾਏ ਗਏ ਹਨ ਅਤੇ ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਜ਼ਰੀਏ ਹਰ ਸਕੂਲ ਵਿਚ ਲੋੜ ਅਨੁਸਾਰ ਅਧਿਆਪਕ ਤਾਇਨਾਤ ਕੀਤੇ ਗਏ ਹਨ।
ਇਸੇ ਤਰ੍ਹਾਂ ਕਰੋਨਾ ਦੀ ਲੜਾਈ ਨੂੰ ਅਸੀਂ ਸਿਹਤ ਖੇਤਰ ਵਿੱਚ ਕੀਤੇ ਸੁਧਾਰਾਂ ਨਾਲ ਸਫਲਤਾਪੂਰਵਕ ਲੜ ਰਹੇ ਹਾਂ। ਸਿਹਤ ਮਹਿਕਮੇ ਵਿੱਚ 4000 ਕਰਮਚਾਰੀਆਂ ਦੀ ਵੱਖ-ਵੱਖ ਪੱਧਰ ਤੇ ਭਰਤੀ ਕੀਤੀ ਗਈ ਹੈ। ਪੂਰੀ ਪਾਰਦਰਸ਼ਤਾ ਅਤੇ ਮੈਰਿਟ ਦੇ ਆਧਾਰ ਤੇ ਭਰਤੀਆਂ ਹੋਈਆਂ। ਉਨ੍ਹਾਂ ਕਿਹਾ ਕਿ ਜੇਕਰ ਮੁਹਾਲੀ ਦੀ ਹੀ ਗੱਲ ਕਰੀਏ ਤਾਂ ਇੱਥੇ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਡਿਸਪੈਂਸਰੀਆਂ ਤੋਂ ਇਲਾਵਾ ਮੈਡੀਕਲ ਕਾਲਜ ਸਥਾਪਤ ਹੋਇਆ ਹੈ। ਆਯੁਰਵੈਦਿਕ ਹਸਪਤਾਲ ਵੀ ਉਸਾਰੀ ਅਧੀਨ ਹੈ ਜਿਸ ਦਾ ਕੰਮ 31 ਮਾਰਚ 2021 ਤੱਕ ਮੁਕੰਮਲ ਹੋ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਨੇਕ ਚੰਦ ਸ਼ਰਮਾ ਨੇ ਦੱਸਿਆ ਕਿ ਪਿੰਡ ਮੌਲੀ ਬੈਦਵਾਣ ਵਿੱਚ ਵੱਖ ਵੱਖ ਵਿਕਾਸ ਕੰਮਾਂ ਲਈ ਪਿਛਲੇ ਸਮੇਂ ਦੌਰਾਨ ਇਕ ਕਰੋੜ ਰੁਪਏ ਤੋਂ ਵੱਧ ਦੀ ਗਰਾਂਟ ਜਾਰੀ ਕੀਤੀ ਗਈ ਹੈ। ਬਾਲ ਕ੍ਰਿਸ਼ਨ ਗੋਇਲ ਸਰਪੰਚ, ਪੰਚਾਇਤ ਮੈਂਬਰ ਗੁਰਭਾਜ ਸਿੰਘ, ਭਰਪੂਰ ਸਿੰਘ, ਬਲਜਿੰਦਰ ਸਿੰਘ, ਇੰਦਰਜੀਤ ਕੁਮਾਰ, ਕਮਲਜੀਤ ਸਿੰਘ, ਜਸਵੰਤ ਸਿੰਘ, ਅਤੇ ਸਰਦਾਰ ਭਗਤ ਸਿੰਘ ਨਾਮਧਾਰੀ ਤੇ ਹਰਜਸ ਸਿੰਘ, ਸਕੂਲ ਦੇ ਮੁੱਖ ਅਧਿਆਪਕ ਸੰਜੀਵ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…