
ਸਿੱਖਿਆ ਕ੍ਰਾਂਤੀ: ਸਰਕਾਰੀ ਐਲੀਮੈਂਟਰੀ ਸਕੂਲ ਰਾਏਪੁਰ ਨੂੰ ਦਸਵੀਂ ਤੱਕ ਅਪਗਰੇਡ ਕੀਤਾ ਜਾਵੇਗਾ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਕਾਸ ਕੰਮਾਂ ਦੇ ਕੀਤੇ ਉਦਘਾਟਨ
ਭਗਵੰਤ ਮਾਨ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਹੂਲਤਾਂ ਦੇਣ ਲਈ ਵਚਨਬੱਧ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 11 ਅਪਰੈਲ:
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਰਾਏਪੁਰ ਕਲਾਂ ਵਿਖੇ ਨਵੇਂ ਕਲਾਸ-ਰੂਮਾਂ ਸਮੇਤ ਹੋਰਨਾਂ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਅਤੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲ ਕਰਕੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਫੀਡਬੈਕ ਹਾਸਲ ਕੀਤੀ। ਵਿਧਾਇਕ ਨੇ ਰਾਏਪੁਰ ਸਕੂਲ ਵਿੱਚ ਸੁਚੱਜੇ ਪ੍ਰਬੰਧਾਂ ਅਤੇ ਅਨੁਸ਼ਾਸਨ ਲਈ ਸਕੂਲ ਮੁਖੀ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸਕੂਲ ਮੁਖੀ ਸ੍ਰੀਮਤੀ ਅੰਜਨਾ ਨੇ ਵਿਧਾਇਕ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਸਕੂਲ ਨੂੰ ਅਪਗਰੇਡ ਕਰਨ ਲਈ ਅਧਿਆਪਕਾਂ ਅਤੇ ਮਾਪਿਆਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਵਿੱਤ ਮੰਤਰੀ ਨਾਲ ਰਾਬਤਾ ਕਾਇਮ ਕਰਕੇ ਰਾਏਪੁਰ ਪ੍ਰਾਇਮਰੀ ਸਕੂਲ ਨੂੰ ਦਸਵੀਂ ਜਮਾਤ ਤੱਕ ਅਪਗਰੇਡ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਕੋਲ ਲੋੜੀਂਦੀ ਇਮਾਰਤ ਅਤੇ ਜ਼ਮੀਨ ਵੀ ਉਪਲਬਧ ਹੈ। ਇਸ ਲਈ ਸਕੂਲ ਨੂੰ ਅਪਗਰੇਡ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮਾਂ ਨੂੰ ਲੈ ਕੇ ਅਧਿਆਪਕਾਂ ਅਤੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਸਕੂਲਾਂ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਲੱਖ ਨਾਲ ਚਾਰਦੀਵਾਰੀ ਬਣਾਈ ਅਤੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਲਾਸ-ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।

ਉੁਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਦੀਆਂ ਪੁਰਾਣੀਆਂ ਇਮਾਰਤਾਂ ਵਿੱਚ ਭੁੰਜੇ ਬੈਠ ਕੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਸਨ ਪਰ ਹੁਣ ਸਕੂਲਾਂ ਦੀ ਦਿੱਖ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਮਾਰਤ ਚੰਗੀ ਹੋਵੇਗੀ, ਬੈਠਣ ਨੂੰ ਡੈਸਕ ਹੋਣਗੇ, ਲੈਬਾਰਟਰੀਆਂ ਹੋਣਗੀਆਂ, ਖੇਡ ਦੇ ਮੈਦਾਨ ਹੋਣਗੇ ਤਾਂ ਹੀ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋਵੇਗਾ। ‘ਆਪ’ ਸਰਕਾਰ ਨੇ 2000 ਕਰੋੜ ਦੀ ਲਾਗਤ ਨਾਲ 12 ਹਜ਼ਾਰ ਸਕੂਲਾਂ ਦੀ ਦਸ਼ਾ ਬਦਲੀ ਹੈ। ਇਸ ਉਪਰੰਤ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਟੇਮਾਜਰਾ ਵਿੱਚ ਇੱਕ ਲੱਖ ਰੁਪਏ ਦੀ ਲਾਗਤ ਉਸਾਰੀ ਗਈ ਚਾਰਦੀਵਾਰੀ ਅਤੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਨਵੇਂ ਸਮਾਰਟ ਕਲਾਸ-ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।

ਇਸ ਮੌਕੇ ਐਸਡੀਐਮ ਦਮਨਦੀਪ ਕੌਰ, ਡੀਈਓ (ਸੈਕੰਡਰੀ) ਗਿੰਨੀ ਦੁੱਗਲ, ਡੀਈਓ (ਪ੍ਰਾਇਮਰੀ) ਦਰਸ਼ਨਜੀਤ ਸਿੰਘ, ਸਰਪੰਚ ਲਖਵੀਰ ਸਿੰਘ, ਹਰਗੋਬਿੰਦ ਸਿੰਘ, ਜਥੇਦਾਰ ਬਲਵੀਰ ਸਿੰਘ ਸਰਪੰਚ ਬੈਂਰੋਪੁਰ, ਕਰਮਜੀਤ ਕੌਰ ਸਰਪੰਚ ਮੋਟੇਮਾਜਰਾ, ਕੁਲਦੀਪ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ , ਗੁਰਪ੍ਰੀਤ ਸਿੰਘ ਕੁਰੜਾ, ਹਰਵਿੰਦਰ ਸਿੰਘ ਸੈਣੀ, ਹਰਮੇਸ਼ ਸਿੰਘ ਕੁੰਭੜਾ, ਹਰਪਾਲ ਸਿੰਘ ਚੰਨਾ, ਹਰਪਾਲ ਗਰੇਵਾਲ, ਰਣਜੀਤ ਸਿੰਘ ਭਾਗੋਮਾਜਰਾ, ਗੁਰਨਾਮ ਸਿੰਘ ਮੋਟੇਮਾਜਰਾ, ਬਲਵਿੰਦਰ ਸਿੰਘ, ਗੁਰਵੰਤ ਸਿੰਘ ਬਿੱਲਾ, ਕਰਮਜੀਤ ਗਿਰ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਹਰਨੂਰ ਸਿੰਘ, ਬਲਜੀਤ ਸਿੰਘ, ਨਵਰਿੰਦਰ ਧਾਲੀਵਾਲ, ਬਲਵੀਰ ਸਿੰਘ, ਅਵਤਾਰ ਮੌਲੀ, ਭੁਪਿੰਦਰ ਮੌਲੀ ਵੀ ਹਾਜ਼ਰ ਸਨ।