Nabaz-e-punjab.com

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਦੌਰਾ

ਸੋਸ਼ਲ ਮੀਡੀਆ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕੀਤੀ ਹੌਸਲਾ-ਅਫ਼ਜ਼ਾਈ, ਗੁਣਾਤਮਿਕ ਸਿੱਖਿਆ ’ਤੇ ਜ਼ੋਰ

ਸੈੱਲਫ਼ ਮੇਡ ਸਮਾਰਟ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨੂੰ ਵਧੀਆ ਕਾਰਜਾਂ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਵੇਰੇ-ਸਵੇਰੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿੱਚ ਸ਼ੁਰੂ ਤੋਂ ਹੀ ਵਧੀਆ ਤੇ ਪ੍ਰਭਾਵਸ਼ਾਲੀ ਸ਼ੁਰੂਆਤ ਦੇਣ ਲਈ ਉਤਸ਼ਾਹਿਤ ਕੀਤਾ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦੇ ਮਿਆਰ ਨੂੰ ਬਰਕਰਾਰ ਰੱਖਣ ਤੇ ਹੋਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਖ਼ੁਦ ਸਕੂਲਾਂ ਵਿੱਚ ਸਵੇਰੇ-ਸਵੇਰੇ ਪਹੁੰਚ ਕੇ ਸਿੱਖਿਆ ਪ੍ਰਣਾਲੀ ਨੂੰ ਚੁਸਤ-ਦਰੁਸਤ ਕਰਨ ਲਈ ਮੁਹਾਲੀ ਨੇੜਲੇ ਪਿੰਡ ਗੋਬਿੰਦਗੜ੍ਹ ਅਤੇ ਸਨੇਟਾ ਦੇ ਪਿੰਡਾਂ ਦੇ ਸਕੂਲਾਂ ਵਿੱਚ ਦੌਰਾ ਕੀਤਾ। ਇਹ ਦੌਰਾ ਸੋਸ਼ਲ ਮੀਡੀਆ ‘ਤੇ ਲਾਈਵ ਵੀ ਕੀਤਾ ਗਿਆ। ਸਿੱਖਿਆ ਸਕੱਤਰ ਵੱਲੋਂ ਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨਾ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਧੀਆ ਕੰਮਾਂ ਲਈ ਪ੍ਰੇਰਿਤ ਕਰਨਾ ਪੰਜਾਬ ਭਰ ਦੇ ਅਧਿਆਪਕਾਂ ਨੂੰ ਬਹੁਤ ਵਧੀਆ ਲੱਗਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਸਕੱਤਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੋਬਿੰਦਗੜ੍ਹ, ਪਿੰਡ ਸਨੇਟਾ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਗੋਬਿੰਦਗੜ੍ਹ ਵਿੱਚ ਵਿਦਿਆਰਥੀਆਂ ਨੂੰ ਮਿਲੀਆਂ ਕਿਤਾਬਾਂ ਅਤੇ ਪਿਛਲੇ ਸਾਲ ਦੇ ਨਤੀਜਿਆਂ ਬਾਰੇ ਪੁੱਛਿਆ। ਗੁਣਾਤਮਿਕ ਸਿੱਖਿਆ ਸੁਧਾਰ ਦੇ ਪ੍ਰਾਜੈਕਟ ਤਹਿਤ ਬੱਚਿਆਂ ਵੱਲੋਂ ਕੀਤੀਆਂ ਗਈਆਂ ਸੈੱਲਫ਼ ਇੰਟਰੋਡਕਸ਼ਨ, ਸੁੰਦਰ ਲਿਖਤ, ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਪੜ੍ਹਨ, ਪਹਾੜਿਆਂ ਆਦਿ ਦੀਆਂ ਪੇਸ਼ਕਾਰੀਆਂ ਲਈ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ। ਸਿੱਖਿਆ ਸਕੱਤਰ ਦੇ ਪ੍ਰੇਰਨਾਦਾਇਕ ਦੌਰੇ ਤੋਂ ਪ੍ਰਭਾਵਿਤ ਹੁੰਦਿਆਂ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਹ ਆਪਣੇ ਯਤਨਾਂ ਨਾਲ ਸਕੂਲ ਦੀ ਕਾਇਆ ਕਲਪ ਕਰ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਕੂਲ ਵਿੱਚ ਦਾਖ਼ਲਿਆਂ ਦੀ ਦਰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਨਗੇ।
ਸਿੱਖਿਆ ਸਕੱਤਰ ਨੇ ਆਪਣੇ ਸਕੂਲਾਂ ਦੇ ਦੌਰੇ ਉਪਰੰਤ ਕਿਹਾ ਕਿ ਪੰਜਾਬ ਦੇ ਸਮੂਹ ਜ਼ਿਲ੍ਹਾ ਅਤੇ ਬਲਾਕ ਸਿੱਖਿਆ ਅਧਿਕਾਰੀ ਸਵੇਰੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਅਪਰੈਲ ਮਹੀਨੇ ਦੀ ਪਹਿਲੀ ਹੀ ਤਾਰੀਖ ਤੋਂ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਜਿਹੜੇ ਵੀ ਸਕੂਲਾਂ ਵਿੱਚ ਇਸ ਪ੍ਰਤੀ ਅਵੇਸਲਾਪਨ ਹੈ ਉਹ ਸਕੂਲ ਮੁਖੀ ਆਪਣੇ ਪ੍ਰਬੰਧਨ ਨੂੰ ਜਲਦ ਹੀ ਦਰੁਸਤ ਕਰ ਲੈਣ, ਬੱਚਿਆਂ ਨੂੰ ਸਕੂਲ ਵਿੱਚ ਸਮਾਂ ਸਾਰਣੀ ਅਨੁਸਾਰ ਪੜ੍ਹਾਇਆ ਜਾਵੇ। ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਲਰਨਿੰਗ ਆਉਟਕਮ ਪ੍ਰਦਰਸ਼ਿਤ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਪੰਜਵੀਂ ਸ਼੍ਰੇਣੀ ਦੇ ਪਾਸਆਊਟ ਵਿਦਿਆਰਥੀ ਜੋ ਕਿ ਛੇਵੀਂ ਵਿੱਚ ਆਏ ਹਨ ਉਹ ਵਧੀਆ ਢੰਗ ਨਾਲ ਆਪਣੀ ਜਾਣ-ਪਛਾਣ ਦੇ ਰਹੇ ਹਨ ਅਤੇ ਹੁਣ ਜ਼ਿੰਮੇਵਾਰੀ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਹੈ ਕਿ ਉਹ ਛੇਵੀਂ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਭਾਸ਼ਾ ਕੌਸ਼ਲਾਂ ਵਿੱਚ ਨਿਪੁੰਨ ਕਰਨ। ਸਕੱਤਰ ਨੇ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਰੱਖਿਆ ਜਾਵੇ ਅਤੇ ਸਾਰੇ ਬੱਚਿਆਂ ਦੀ ਹਾਜ਼ਰੀ ਵੱਧ ਤੋਂ ਵੱਧ ਯਕੀਨੀ ਬਣਾਈ ਜਾਵੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…