nabaz-e-punjab.com

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹਾ ਤਰਨਤਾਰਨ 5 ਕੇਂਦਰਾਂ ਵਿੱਚ ਅੱਜ ਹੋਈ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਰੱਦ

ਜ਼ਿਲ੍ਹਾ ਮੁਹਾਲੀ ਵਿੱਚ ਪਹਿਲੇ ਦਿਨ ਕੋਈ ਵੀ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਲਈ ਬਾਰ੍ਹਵੀਂ ਸ਼੍ਰੇਣੀ ਦੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਪਹਿਲੇ ਦਿਨ ਜ਼ਿਲ੍ਹਾ ਤਰਨਤਾਰਨ ਪੰਜ ਸਕੂਲਾਂ ਵਿੱਚ ਵੱਡੀ ਪੱਧਰ ’ਤੇ ਹੋ ਰਹੀ ਸਮੂਹਿਕ ਨਕਲ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਤੇ ਸੀਨੀਅਰ ਆਈਏਐਸ ਕ੍ਰਿਸ਼ਨ ਕੁਮਾਰ ਵੱਲੋਂ ਖ਼ੁਦ ਨਿਰੀਖਣ ਕੀਤਾ ਗਿਆ ਗਿਆ ਅਤੇ ਇਹਨਾਂ ਸੈਂਟਰਾਂ ਵਿੱਚ ਅੱਜ ਹੋਇਆ ਪੇਪਰ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਖੇਮਕਰਨ ਦੇ ਇੱਕ ਲੜਕਿਆਂ ਦੇ ਸਕੂਲ, ਇੱਕ ਲੜਕੀਆਂ ਦੇ ਸਕੂਲ, ਵਲਟੋਹਾ ਦੇ ਇੱਕ ਮਾਡਲ ਸਕੂਲ, ਮਸਤਗੜ੍ਹ ਦੇ ਅਤੇ ਕੱਚਾ ਪੱਕਾ ਪਿੰਡਾਂ ਦੇ ਸਕੂਲਾਂ ਦੇ ਕੁੱਲ ਪੰਜ ਪਰੀਖਿਆ ਕੇਂਦਰਾਂ ਦਾ ਅੱਜ ਦਾ ਅੰਗਰੇਜ਼ੀ ਲਾਜ਼ਮੀ ਵਿਸ਼ੇ ਦਾ ਪੇਪਰ ਰੱਦ ਕਰ ਦਿੱਤਾ ਗਿਆ ਹੈ. ਇਹ ਪੇਪਰ ਦੁਬਾਰਾ ਹੋਣ ਦੀ ਮਿਤੀ ਬਾਅਦ ਵਿੱਚ ਐਲਾਨੀ ਜਾਵੇਗੀ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਰਾਹੀਂ ਬੱਚਿਆਂ ਨੂੰ ਸਰਹੱਦੀ ਖੇਤਰ ਵਿੱਚ ਪ੍ਰੀਖਿਆ ਦਿਵਾਉਣ ਦਾ ਗੋਰਖਧੰਦਾ ਚਲਾਉਣ ਲਈ ਕਈ ਅਨਸਰ ਕਿਰਿਆਸ਼ੀਲ ਹਨ। ਇਹਨਾਂ ਅਨਸਰਾਂ ਨੂੰ ਨੱਥ ਪਾਉਣ ਲਈ ਪਰੀਖਿਆ ਕੇਂਦਰਾਂ ਦੁਆਲੇ ਪੁਲਿਸ ਦੇ ਪ੍ਰਬੰਧ ਹੋਰ ਵਧਾਏ ਜਾ ਰਹੇ ਹਨ ਤਾਂ ਜੋ ਡਿਊਟੀ ‘ਤੇ ਤੈਨਾਤ ਸਟਾਫ ਨਾਲ ਬਦਤਮੀਜ਼ੀ ਅਤੇ ਬਦਮਾਸ਼ੀ ਨਾ ਕੀਤੀ ਜਾ ਸਕੇ।
ਉਹਨਾਂ ਦੱਸਿਆ ਕਿ ਮਾਲਵਾ ਖੇਤਰ ਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਦਾਖਲਿਆਂ ਰਾਹੀਂ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ‘ਚ ਪੇਪਰ ਦਿਵਾ ਕੇ ਯਕੀਨਨ ਪਾਸ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ. ਉਹਨਾਂ ਇਹ ਵੀ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਨਿਗਰਾਨ ਅਮਲੇ ਨੂੰ ਪਰੀਖਿਆ ਕੇਂਦਰ ਸਮੇਂ ਸਿਰ ਬੰਦ ਕਰਨ ਤੋਂ ਜ਼ਬਰੀ ਰੋਕਿਆ ਗਿਆ ਹੈ। ਸਿੱਖਿਆ ਸਕੱਤਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਅਰੁਨਾ ਚੌਧਰੀ ਦੀ ਅਗਵਾਈ ਵਿੱਚ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਵੱਲੋਂ ਨਕਲ ਰੋਕਣ ਅਤੇ ਪਰੀਖਿਆ ਸੁਧਾਰਾਂ ਅਧੀਨ ਜਾਰੀ ਕੀਤੀ ਗਈ ਮੁਹਿੰਮ ਨੂੰ ਪੂਰੀ ਗੰਭੀਰਤਾ ਅਤੇ ਸਖ਼ਤੀ ਨਾਲ਼ ਲਾਗੂ ਕੀਤਾ ਜਾ ਰਿਹਾ ਹੈ।
ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸ਼ੁਰੂ ਹੋਈਆਂ ਬਾਰ੍ਹਵੀਂ ਸ੍ਰੇਣੀ ਦੀਆਂ ਸਲਾਨਾ ਪਰੀਖਿਆਵਾਂ ਵਿੱਚ ਅੱਜ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪਰੀਖਿਆ ਹੋਈ. ਜਿਸ ਦੌਰਾਨ ਸਾਰੇ ਜਿਲ੍ਹਿਆਂ ਵਿੱਚ ਸੁਚਾਰੂ ਪ੍ਰਬੰਧਾਂ ਅਧੀਨ ਪਹਿਲੇ ਦਿਨ ਦੀ ਪ੍ਰਕਿਰਿਆ ਨੇਪਰੇ ਚੜੀ। ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1941 ਪਰੀਖਿਆ ਕੇਂਦਰਾਂ ‘ਚ 298429 ਰੈਗੂਲਰ ਅਤੇ 28730 ਓਪਨ ਸਕੂਲ ਦੇ ਪਰੀਖਿਆਰਥੀਆਂ ਲਈ ਪਰੀਖਿਆ ਦੇਣ ਦੇ ਬੋਰਡ ਵੱਲੋਂ ਇੰਤਜ਼ਾਮ ਕੀਤੇ ਗਏ ਸਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਠਿਤ ਨਿਰੀਖਣ ਟੀਮਾਂ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਪਰੀਖਿਆ ਕੇਂਦਰਾਂ ਦੀ ਚੈਕਿੰਗ ਦੌਰਾਨ ਬਠਿੰਡਾ ਜਿਲ੍ਹੇ ਵਿੱਚ ਨਕਲ ਦੇ 2 ਕੇਸ, ਫਿਰੋਜ਼ਪੁਰ ਜਿਲ੍ਹੇ ਵਿੱਚ 5 ਕੇਸ, ਜਲੰਧਰ ਜਿਲ੍ਹੇ ਵਿੱਚ 4 ਕੇਸ, ਲੁਧਿਆਣਾ ਵਿੱਚ 2 ਕੇਸ,ਸ੍ਰੀ ਮੁਕਤਸਰ ਸਾਹਿਬ ਵਿੱਚ 2 ਕੇਸ, ਰੋਪੜ ਵਿੱਚ 5 ਕੇਸ, ਸੰਗਰੂਰ ਵਿੱਚ 2 ਅਤੇ ਮਾਨਸਾ ਜ਼ਿਲ੍ਹੇ ਵਿੱਚ 1 ਨਕਲ ਦਾ ਕੇਸ ਧਿਆਨ ਵਿੱਚ ਆਇਆ। ਉਧਰ, ਮੁਹਾਲੀ ਵਿੱਚ ਕੋਈ ਵੀ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…