Nabaz-e-punjab.com

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਐਜੂਸੈਟ ਰਾਹੀਂ ਸਕੂਲ ਮੁਖੀਆਂ ਨਾਲ ਕੀਤੀ ਅਹਿਮ ਮੀਟਿੰਗ

15 ਜੁਲਾਈ ਤੱਕ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਲਈ ਜਾਰੀ ਰਹੇਗੀ ਵਿਸ਼ੇਸ਼ ਦਾਖ਼ਲਾ ਮੁਹਿੰਮ

ਦਾਖ਼ਲਿਆਂ ਵਿੱਚ ਵਾਧੇ, ਸਮਾਰਟ ਸਕੂਲਾਂ, ਵਧੀਆ ਨਤੀਜੇ, ਸਮਰ ਕੈਂਪਾਂ ਦੀ ਸਫਲਤਾ ਲਈ ਅਧਿਆਪਕਾਂ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨਵੇਂ ਦਾਖ਼ਲਿਆਂ ਦਾ ਜਾਇਜ਼ਾ ਲੈਣ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਐਜੂਸੈਟ ਰਾਹੀਂ ਪੰਜਾਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ\ਐਲੀਮੈਂਟਰੀ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ। ਨਵੇਂ ਸੈਸ਼ਨ ਵਿੱਚ ਕੁਝ ਅਹਿਮ ਗੱਲਾਂ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਐਨਰੋਲਮੈਂਟ ’ਤੇ ਕੰਮ ਛੱਡਿਆ ਹੈ ਅਤੇ ਹੁਣ ਐਨਰੋਲਮੈਂਟ ’ਤੇ ਅਗਲੇ 15 ਦਿਨ ਕੰਮ ਕਰਨਾ ਹੈ।
ਅੰਗਰੇਜ਼ੀ ਮਾਧਿਅਮ ਦੇ ਰਾਹੀਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਨਾਲ ਮਾਪੇ ਪ੍ਰਭਾਵਿਤ ਹੋ ਰਹੇ ਹਨ। ਲਿਹਾਜ਼ਾ ਹੁਣ ਸਕੂਲ ਮੁਖੀ ਤੇ ਅਧਿਆਪਕ ਅੰਗਰੇਜ਼ੀ ਬੋਲਣ ਲਈ ਵਿਦਿਆਰਥੀਆਂ ਵਿੱਚ ਸਹਿਮ ਖਤਮ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸਵੇਰ ਦੀ ਪ੍ਰਾਰਥਨਾ ਸਭਾ ਤੋਂ ਹੀ ਸਕੂਲ ਵਿੱਚ ਅਨੁਕੂਲ ਮਾਹੌਲ ਬਣਾ ਕੇ ਵਿਦਿਆਰਥੀਆਂ ਦਾ ਸਿੱਖਣ ਪੱਧਰ ਮਿਆਰੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਵੇਂ ਵਾਕ ਅਤੇ ਸ਼ਬਦਾਂ ਦਾ ਸੰਗ੍ਰਹਿ ਕਰਕੇ ਸਕੂਲਾਂ ਵਿੱਚ ਭੇਜਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਅਸਾਨੀ ਰਹੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਕੂਲਾਂ ’ਚੋਂ ਵਿਦਿਆਰਥੀਆਂ ਦੀ ਅੰਗਰੇਜ਼ੀ ਵਿੱਚ ਗੱਲਬਾਤ ਦੀ ਵੀਡੀਓ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਸਿੱਖਿਆ ਸਕੱਤਰ ਨੇ ਕਿਹਾ ਕਿ ਸਕੂਲਾਂ ਦੇ ਮੁਖੀਆਂ ਵੱਲੋਂ ਨਿਰਧਾਰਿਤ ਕੀਤੇ 20 ਮੁੱਦਿਆਂ ’ਚੋਂ ਪ੍ਰਾਪਤ ਕੀਤੇ ਗਏ ਟੀਚਿਆਂ ਦਾ ਡਾਟਾ ਪ੍ਰਾਪਤ ਕਰਨ ਲਈ ਤਿਆਰੀ ਕਰ ਲਈ ਹੈ। ਉਨ੍ਹਾਂ ਗਰਮੀ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਵਿੱਚ ਲਗਾਏ ਗਏ ਸਮਰ ਕੈਪਾਂ ਦੀ ਸਫਲਤਾ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਵੀ ਐਜੂਸੈਟ ਰਾਹੀਂ ਅਧਿਆਪਕਾਂ ਨੂੰ ਸੰਬੋਧਨ ਕੀਤਾ।
(ਬਾਕਸ ਆਈਟਮ)
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਿਛਲੇ ਸਾਲ ਵਧੀਆ ਨਤੀਜਿਆਂ ਨਾਲ ਸਿੱਖਿਆ ਵਿਭਾਗ ਤੇ ਅਧਿਆਪਕਾਂ ਦੀ ਕਦਰ ਵਧੀ ਹੈ ਅਤੇ ਐਤਕੀਂ ਪੰਜਾਬ ਵਾਸੀਆਂ ਅਤੇ ਮਾਪਿਆਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਇਸ ਸਾਲ ਦਸਵੀਂ ਤੇ ਬਾਰ੍ਹਵੀਂ ਤੋਂ ਇਲਾਵਾ ਪੰਜਵੀਂ ਤੇ ਅੱਠਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਹੋਵੇਗੀ। ਇਸ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਮਾਡਲ ਟੈਸਟ ਪੇਪਰਾਂ ਨੂੰ ਵਿਭਾਗ ਦੀ ਵੈਬਸਾਈਟ ਰਾਹੀਂ ਉਪਲਬਧ ਕਰਵਾਏ ਗਏ ਹਨ। ਇਸ ਮਹੀਨੇ ਵਿੱਚ ਡੇਟਸ਼ੀਟ ਜਾਰੀ ਕਰਕੇ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…