
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ‘ਆਜੋ ਚੱਲੀਏ ਸਕੂਲ ਸਰਕਾਰੀ’ ਗੀਤ ਰਿਲੀਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੀ ਚਰਚਾ ਹਰ ਪਾਸੇ ਹੈ। ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਆਧੁਨਿਕ ਤਕਨੀਕਾਂ ਨਾਲ ਗੁਣਾਤਮਿਕ ਸਿੱਖਿਆ ਦੀ ਤਰਜਮਾਨੀ ਕਰਦਾ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਦਾ ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਪ੍ਰੇਮ ਸਿੰਘ ਦਾ ਲਿਖਿਆ ਤੇ ਗਾਇਆ ਗੀਤ ‘ਆਜੋ ਚੱਲੀਏ ਸਕੂਲ ਸਰਕਾਰੀ’ ਨੂੰ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਸਿੱਖਿਆ ਭਵਨ ਫੇਜ਼-8 ਵਿਖੇ ਰਿਲੀਜ਼ ਕੀਤਾ ਅਤੇ ਅਧਿਆਪਕ ਪ੍ਰੇਮ ਸਿੰਘ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਸੈਂਟਰ ਹੈੱਡ ਟੀਚਰ ਗੁਰਕ੍ਰਿਪਾਲ ਸਿੰਘ ਵੀ ਹਾਜ਼ਰ ਸਨ।
ਇਸ ਗੀਤ ਵਿੱਚ ਗੀਤਕਾਰ ਅਧਿਆਪਕ ਵੱਲੋਂ ਸਿੱਖਿਆ ਵਿਭਾਗ ਅਧੀਨ ਸਰਕਾਰੀ ਸਕੂਲਾਂ ਦੀਆਂ ਸੁੰਦਰ ਇਮਾਰਤਾਂ, ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਵੱਖ-ਵੱਖ ਤਕਨੀਕਾਂ ਦੁਆਰਾ ਗੁਣਾਤਮਿਕ ਸਿੱਖਿਆ, ਮਿਹਨਤੀ ਅਤੇ ਯੋਗ ਅਧਿਆਪਕਾਂ, ਸਮਾਰਟ ਕਲਾਸਰੂਮਾਂ, ਕੰਪਿਊਟਰ ਸਿੱਖਿਆ, ਈ-ਕੰਟੈਂਟ ਦੀ ਵਰਤੋਂ, ਪ੍ਰਾਜੈਕਟਰਾਂ/ਐੱਲ.ਈ.ਡੀਜ਼ ਦੀ ਵਰਤੋਂ, ਸਕੂਲਾਂ ਦੇ ਸੋਹਣੇ ਫ਼ਰਨੀਚਰ, ਵਿਦਿਆਰਥੀਆਂ ਦੀਆਂ ਸਮਾਰਟ ਵਰਦੀਆਂ, ਪ੍ਰੀ-ਪ੍ਰਾਇਮਰੀ ਸਿੱਖਿਆ, ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਵਿਦਿਆਰਥੀਆਂ ਲਈ ਸੁੰਦਰ ਝੂਲਿਆਂ, ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਖੇਡ ਵਿਧੀ ਰਾਹੀਂ ਪੜ੍ਹਾਈ, ਸੁੰਦਰ ਬਾਲਾ ਵਰਕ, ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਵਾਧੂ ਕਲਾਸਾਂ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਲ ਰਹੀਆਂ ਸੁਵਿਧਾਵਾਂ ਜਿਵੇਂ ਮਿਡ-ਡੇਅ-ਮੀਲ, ਮੁਫ਼ਤ ਕਿਤਾਬਾਂ, ਵਜ਼ੀਫ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗੀਤ ਰਾਹੀਂ ਗੀਤਕਾਰ ਅਧਿਆਪਕ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਲਖਣ ਤੇ ਗਾਉਣ ਵਾਲੇ ਪ੍ਰੇਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਬਲੀਮ ਜ਼ਿਲ੍ਹਾ ਤਰਨਤਾਰਨ ਵਿਖੇ ਅਧਿਆਪਕ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵਜੋਂ ਆਪਣੀ ਡਿਊਟੀ ਬਾਖ਼ੂਬੀ ਨਿਭਾ ਰਹੇ ਹਨ।