Nabaz-e-punjab.com

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਬੋਰਡ ਦਾ ਸੀਨੀਅਰ ਮੈਨੇਜਰ ਮੁਅੱਤਲ

ਪੰਜਾਬੀ ਦੀ ਥਾਂ ਅੰਗਰੇਜ਼ੀ ਮਾਧਿਅਮ ’ਚ ਪੜ੍ਹਾਉਣ ਬਾਰੇ ਗਲਤ ਤੱਥਾਂ ਵਾਲਾ ਪੱਤਰ ਜਾਰੀ ਕਰਨ ਦਾ ਮਾਮਲਾ

ਸਕੂਲੀ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਫੀਲਡ ’ਚੋਂ ਪ੍ਰਾਪਤ ਰਿਪੋਰਟਾਂ ਦੇ ਮੱਦੇਨਜ਼ਰ ਲਿਆ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ-ਕਮ-ਸਕੂਲ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਅੰਗਰੇਜ਼ੀ ਮਾਧਿਅਮ ਬਾਰੇ ਪੱਤਰ ਵਿੱਚ ਗਲਤ ਤੱਥ ਪੇਸ਼ ਕਰਨ ਦੇ ਕਥਿਤ ਦੋਸ਼ ਹੇਠ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਮੈਨੇਜਰ (ਪੁਸਤਕਾਂ) ਹਰਮਨਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਇਸ ਕਰਮਚਾਰੀ ’ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਦਾ ਵਿਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣ ਲਈ ਕਿਤਾਬਾਂ ਦੀ ਡਿਮਾਂਡ ਭੇਜਣ ਲਈ ਗਲਤ ਤੱਥਾਂ ਵਾਲਾ ਪੱਤਰ ਜਾਰੀ ਕਰਨ ਦਾ ਦੋਸ਼ ਹੈ। ਜਿਸ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਦੀ ਖਿੱਲੀ ਉਡਾਈ ਗਈ, ਉੱਥੇ ਬੋਰਡ ਮੈਨੇਜਮੈਂਟ ਅਤੇ ਸਿੱਖਿਆ ਵਿਭਾਗ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
ਸੀਨੀਅਰ ਮੈਨੇਜਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦਿਆਂ ਲਿਖਿਆ ਗਿਆ ਹੈ ਕਿ ਬੀਤੀ 14 ਜੂਨ ਨੂੰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਬੋਰਡ ਦੇ ਸਮੂਹ ਖੇਤਰੀ ਦਫ਼ਤਰਾਂ ਦੇ ਜ਼ਿਲ੍ਹਾ ਮੈਨੇਜਰਾਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਪਾਠ-ਪੁਸਤਕਾਂ ਪੰਜਾਬੀ ਤੇ ਹਿੰਦੀ ਮਾਧਿਅਮ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵਿੱਚ ਲਗਾਏ ਜਾਣ ਦਾ ਨਿਰਣੇ ਲਿਆ ਗਿਆ ਸੀ। ਪ੍ਰੰਤੂ ਸੀਨੀਅਰ ਮੈਨੇਜਰ (ਪੁਸਤਕਾਂ) ਹਰਮਨਜੀਤ ਸਿੰਘ ਨੇ ਇਸ ਨਿਰਣੇ ਦੇ ਵਿਰੁੱਧ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਲਈ ਗਣਿਤ ਵਿਸ਼ਾ ਪੰਜਾਬੀ ਮਾਧਿਅਮ ਦੀ ਥਾਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਏ ਸਬੰਧੀ ਗਲਤ ਤੱਥ ਦਰਜ ਕਰਦੇ ਹੋਏ ਪਾਠ-ਪੁਸਤਕਾਂ ਦੀ ਡਿਮਾਂਡ ਭੇਜਣ ਲਈ ਸਕੂਲ ਬੋਰਡ ਦੇ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਦੇ ਸਮੂਹ ਜ਼ਿਲ੍ਹਾ ਮੈਨੇਜਰਾਂ ਨੂੰ ਪੱਤਰ ਲਿਖਿਆ ਗਿਆ। ਅਜਿਹੀ ਕਾਰਵਾਈ ਕਾਰਨ ਹਰਮਨਜੀਤ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਸਜਾ ਤੇ ਅਪੀਲ ਨਿਯਮ 1978 ਦੀ ਧਾਰਾ 16 ਅਧੀਨ ਬੋਰਡ ਦੀਆਂ ਸੇਵਾਵਾਂ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ। ਮੁਅੱਤਲੀ ਦੌਰਾਨ ਸੀਨੀਅਰ ਮੈਨੇਜਰ ਦਾ ਹੈੱਡ ਕੁਆਰਟਰ ਖੇਤਰੀ ਦਫ਼ਤਰ ਸੰਗਰੂਰ ਹੋਵੇਗਾ ਅਤੇ ਇਸ ਦੌਰਾਨ ਉਸ ਨੂੰ ਨਿਯਮਾਂ ਤਹਿਤ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ।
ਜਨਤਕ ਤੌਰ ’ਤੇ ਕਾਫੀ ਬਦਨਾਮੀ ਹੋਣ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਯੂ ਟਰਨ ਲੈਂਦਿਆਂ ਨਵੇਂ ਸਿਰਿਓਂ ਸੋਧ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹੁਣ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵੀ ਪੜ੍ਹਾਇਆ ਜਾਵੇਗਾ। ਸੁਪਰਡੈਂਟ (ਪੁਸਤਕਾਂ) ਦੇ ਦਸਤਖ਼ਤਾਂ ਹੇਠ ਸਮੂਹ ਖੇਤਰੀ ਦਫ਼ਤਰਾਂ ਨੂੰ ਨਵੇਂ ਸਿਰਿਓਂ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬੀ ਦੇ ਨਾਲ-ਨਾਲ ਆਨ ਡਿਮਾਂਡ ਅੰਗਰੇਜ਼ੀ ਮਾਧਿਅਮ ਪੜ੍ਹਾਉਣ ਲਈ ਕਿਤਾਬਾਂ ਦੀ ਡਿਮਾਂਡ ਪੁੱਛੀ ਜਾਵੇ ਤਾਂ ਜੋ ਸਬੰਧਤ ਸਕੂਲਾਂ ਵਿੱਚ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਦੀਆਂ ਕਿਤਾਬਾਂ ਮੁਹੱਈਆ ਕਰਵਾਈਆ ਜਾ ਸਕਣ। ਪਿਛਲੇ ਦਿਨੀਂ ਵੀਡੀਓ ਕਾਨਫਰੰਸ ਦੌਰਾਨ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਵਿਸ਼ੇ ਦੀਆਂ ਕਿਤਾਬਾਂ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵਿੱਚ ਵੀ ਭੇਜੀਆਂ ਜਾਣ।
ਬੋਰਡ ਅਧਿਕਾਰੀ ਨੇ ਨਵੇਂ ਸਿਰਿਓਂ ਸੋਧਿਆ ਹੋਇਆ ਪੱਤਰ ਜਾਰੀ ਕਰਨ ਅਤੇ ਸੀਨੀਅਰ ਮੈਨੇਜਰ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਅਤੇ ਸਮੇਂ ਦਾ ਹਾਣੀ ਬਚਾਉਣ ਲਈ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਪੜ੍ਹਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਬੱਚੇ ਨੂੰ ਜ਼ਬਰਦਸਤੀ ਅੰਗਰੇਜ਼ੀ ਮਾਧਿਅਮ ਨਹੀਂ ਪੜ੍ਹਾਇਆ ਜਾਵੇਗਾ, ਸਗੋਂ ਇਹ ਵਿਦਿਆਰਥੀ ਦੀ ਆਪਣੀ ਮਰਜ਼ੀ ’ਤੇ ਨਿਰਭਰ ਹੋਵੇਗਾ ਕਿ ਉਸ ਨੇ ਪੰਜਾਬੀ ਜਾਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਕਰਨੀ ਹੈ। ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਵਿੱਚ ਬੱਚੇ ਅੰਗਰੇਜ਼ੀ ਮਾਧਿਅਮ ਪੜ੍ਹ ਰਹੇ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…